ਹੋਰ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ ਰਾਜਨੀਤੀ

ਕੈਪਟਨ ਅਮਰਿੰਦਰ ਦੇ ਭਾਜਪਾ ਦਾ ਰਾਗ ਅਲਾਪਣ ਉਤੇ ਪਰਗਟ ਸਿੰਘ ਬੋਲੇ, “ਬਿੱਲੀ ਥੈਲਿਓ ਬਾਹਰ ਆਈ”

ਕੈਪਟਨ ਅਮਰਿੰਦਰ ਦੇ ਭਾਜਪਾ ਦਾ ਰਾਗ ਅਲਾਪਣ ਉਤੇ ਪਰਗਟ ਸਿੰਘ ਬੋਲੇ, “ਬਿੱਲੀ ਥੈਲਿਓ ਬਾਹਰ ਆਈ”
  • PublishedNovember 20, 2021

ਭਾਜਪਾ-ਕੈਪਟਨ ਅਮਰਿੰਦਰ ਤੇ ਅਕਾਲੀ ਦਲ ਦੇ ਗਠਜੋੜ ਬਾਰੇ ਸਾਢੇ ਤਿੰਨ ਸਾਲ ਪਹਿਲਾ ਹੀ ਕਰ ਚੁੱਕਾਂ ਹਾਂ ਖੁਲਾਸਾ: ਪਰਗਟ ਸਿੰਘ

ਭਾਜਪਾ ਰਾਸ਼ਟਰਵਾਦ ਦੇ ਸਰਟੀਫ਼ਿਕੇਟ ਵੰਡਣ ਤੋਂ ਪਹਿਲਾ ਆਪਣੀ ਪੀੜ੍ਹੀ ਹੇਠ ਸੋਟਾ ਫੇਰੇ

ਡੇਰਾ ਬਾਬਾ ਨਾਨਕ, 20 ਨਵੰਬਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਦੇ ਤੁਰੰਤ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਨਿਰੰਤਰ ਭਾਜਪਾ ਦਾ ਰਾਗ ਅਲਾਪਣ ਉਤੇ ਪੰਜਾਬ ਦੇ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਬੋਲਦਿਆਂ ਕਿਹਾ ਕਿ ਹੁਣ ਬਿੱਲੀ ਥੈਲਿਓ ਬਾਹਰ ਆ ਗਈ ਹੈ।

ਅੱਜ ਇੱਥੇ ਮੀਡੀਆ ਨਾਲ ਗੱਲ ਕਰਦਿਆਂ ਸਿੱਖਿਆ ਤੇ ਖੇਡ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਉਹ ਤਾਂ ਪਿਛਲੇ ਸਾਢੇ ਤਿੰਨ ਸਾਲ ਤੋਂ ਇਹੀ ਗੱਲ ਦੁਹਰਾ ਰਹੇ ਹਨ ਕਿ ਭਾਜਪਾ, ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਦਲ ਵਿਚਾਲੇ ਅਣਐਲਾਨਿਆ ਗਠਜੋੜ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀ ਕਹਾਣੀ ਭਾਜਪਾ ਦੀ ਰਚੀ ਹੋਈ ਹੈ ਜਿਸ ਨੂੰ ਲਾਗੂ ਕਰਨ ਦੀ ਜ਼ੁੰਮੇਵਾਰੀ ਕੈਪਟਨ ਅਮਰਿੰਦਰ ਸਿੰਘ ਦੀ ਸੀ ਅਤੇ ਅਕਾਲੀ ਦਲ ਇਸ ਦੀ ਹਮਾਇਤ ਕਰਦਾ ਸੀ।

ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਦਾਅਵਿਆਂ ਦੀ ਅਸਲੀਅਤ ਅੱਜ ਉਸ ਵੇਲੇ ਜੱਗ ਜ਼ਾਹਰ ਹੋ ਗਈ ਜਦੋਂ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੀ ਹਮਾਇਤ ਵਿੱਚ ਇਸ਼ਤਿਹਾਰ ਜਾਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸਲ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਵੱਲੋਂ ਭਾਜਪਾ ਨਾਲ ਰਲ ਕੇ ਪਕਾਈ ਜਾ ਰਹੀ ਖਿੱਚੜੀ ਦਾ ਸੂਬੇ ਦੇ ਲੋਕਾਂ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਜਿਸ ਕਾਰਨ ਹੁਣ ਉਹ ਇਨ੍ਹਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਦਾ ਉਹ ਸਵਾਗਤ ਕਰਦੇ ਹਨ ਪਰ 700 ਕਿਸਾਨਾਂ ਦੀ ਸ਼ਹਾਦਤ ਨੂੰ ਨਹੀਂ ਭੁਲਾਇਆ ਜੋ ਸਕਦਾ ਜਿਨ੍ਹਾਂ ਨੂੰ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਦੌਰਾਨ ਆਪਣੀ ਬਲੀ ਦੇਣੀ ਪਈ।

ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਦਾਦ ਖਾਨ ਦੀ ਤਾਰੀਫ ਕਰਨ ਉਤੇ ਭਾਜਪਾ ਵੱਲੋਂ ਕੀਤੀ ਜਾ ਰਹੀ ਆਲੋਚਨਾ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਪਰਗਟ ਸਿੰਘ ਨੇ ਕਿਹਾ ਕਿ ਭਾਜਪਾ ਰਾਸ਼ਟਰਵਾਦ ਦੇ ਸਰਟੀਫ਼ਿਕੇਟ ਵੰਡਣ ਤੋਂ ਪਹਿਲਾ ਆਪਣੀ ਪੀੜ੍ਹੀ ਹੇਠ ਸੋਟਾ ਫੇਰੇ। ਉਨ੍ਹਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਪਸੀ ਪਿਆਰ, ਸਦਭਾਵਨਾ ਦਾ ਸੰਦੇਸ਼ ਦਿੰਦੀ ਹੈ ਪਰ ਦੁੱਖ ਦੀ ਗੱਲ ਹੈ ਕਿ ਭਾਜਪਾ ਇਥੇ ਵੀ ਸਿਆਸੀ ਰੋਟੀਆਂ ਸੇਕਣ ਤੋਂ ਬਾਜ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਉਸ ਵੇਲੇ ਕਿੱਥੇ ਸਨ ਜਦੋਂ ਉਨ੍ਹਾਂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਜਨਮ ਦਿਨ ਮਨਾਉਣ ਲਈ ਬਿਨਾ ਸੱਦੇ ਦੇ ਪਾਕਿਸਤਾਨ ਪੁੱਜ ਗਏ ਸਨ।

Written By
The Punjab Wire