ਚੰਡੀਗੜ੍ਹ, 18 ਨਵੰਬਰ: ਡਾਇਰੈਕਟੋਰੇਟ ਸੂਚਨਾ ਤੇ ਲੋਕ ਸੰਪਰਕ, ਪੰਜਾਬ ਦੇ ਸਭ ਤੋਂ ਸੀਨੀਅਰ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਰੁਚੀ ਕਾਲੜਾ ਨੂੰ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀਲਾਲ ਪੁਰੋਹਿਤ ਅਤੇ ਪ੍ਰਸ਼ਾਸਕ ਯੂ.ਟੀ. ਚੰਡੀਗੜ੍ਹ ਨਾਲ ਸੂਚਨਾ ਅਧਿਕਾਰੀ (ਆਈ.ਓ.) ਮੀਡੀਆ (ਜਿਸ ਨੂੰ ਪ੍ਰੈਸ ਸਕੱਤਰ ਵਜੋਂ ਜਾਣਿਆ ਜਾਂਦਾ ਹੈ) ਨਿਯੁਕਤ ਕੀਤਾ ਗਿਆ ਹੈ।
ਦੋ ਦਹਾਕਿਆਂ ਤੋਂ ਵੱਧ ਸਮੇਂ ਦੀਆਂ ਸੇਵਾਵਾਂ ਦੇ ਨਾਲ ਸ੍ਰੀਮਤੀ ਕਾਲੜਾ ਕੋਲ ਫ਼ੀਲਡ ਦੇ ਨਾਲ-ਨਾਲ ਹੈੱਡਕੁਆਰਟਰ ਵਿੱਚ ਕੰਮ ਕਰਨ ਦਾ ਵਿਆਪਕ ਤਜਰਬਾ ਹੈ। ਉਹਨਾਂ ਨੇ ਵੱਖ-ਵੱਖ ਸੂਬਾ ਪੱਧਰੀ ਸਮਾਗਮਾਂ ਵਿੱਚ ਹਮੇਸ਼ਾਂ ਸਰਗਰਮੀ ਅਤੇ ਤਨਦੇਹੀ ਨਾਲ ਡਿਊਟੀ ਨਿਭਾਈ ਹੈ ਅਤੇ ਇਸ ਮਹਿਲਾ ਅਧਿਕਾਰੀ ਨੂੰ ਇੱਕ ਵਧੀਆ ਬੁਲਾਰੇ ਵਜੋਂ ਵੀ ਜਾਣਿਆ ਜਾਂਦਾ ਹੈ।
ਅੰਗਰੇਜ਼ੀ ਵਿੱਚ ਮਾਸਟਰ ਡਿਗਰੀ ਅਤੇ ਮਾਰਕੀਟਿੰਗ ਮੈਨੇਜਮੈਂਟ ਵਿੱਚ ਪੋਸਟ ਗ੍ਰੈਜੂਏਟ ਡਿਪਲੋਮੇ ਦੇ ਨਾਲ, ਮਹਿਲਾ ਅਧਿਕਾਰੀ ਅੰਗਰੇਜੀ, ਹਿੰਦੀ ਅਤੇ ਪੰਜਾਬੀ ਵਿੱਚ ਪੂਰੀ ਤਰ੍ਹਾਂ ਨਿਪੁੰਨ ਹੈ। ਵੱਡੇ ਪੱਧਰ ਦੇ ਸਮਾਗਮਾਂ ਨੂੰ ਸ਼ਾਨਦਾਰ ਢੰਗ ਨਾਲ ਸੰਚਾਲਿਤ ਕਰਨ ਲਈ ਸਰੋਤਿਆਂ ਵੱਲੋਂ ਹਮੇਸਾ ਉਹਨਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ।
ਆਪਣੇ ਜਨਮ ਸਥਾਨ ਗੁਰੂ ਕੀ ਨਗਰੀ ਅੰਮਿ੍ਰਤਸਰ ਤੋਂ ਸਿਟੀ ਬਿਊਟੀਫੁੱਲ ਚੰਡੀਗੜ੍ਹ ਤੱਕ ਦਾ ਲੰਬਾ, ਚੁਣੌਤੀਆਂ ਭਰਪੂਰ ਸਫਰ ਤੈਅ ਕਰਨ ਤੋਂ ਬਾਅਦ, ਮਿੱਠਬੋਲੜੇ ਸੁਭਾਅ ਵਾਲੀ ਜ਼ਮੀਨ ਨਾਲ ਜੁੜੀ ਇਸ ਅਧਿਕਾਰੀ ਪਾਸੋਂ ਪੰਜਾਬ ਰਾਜ ਭਵਨ ਵਿੱਚ ਤਨਦੇਹੀ ਅਤੇ ਦਿ੍ਰੜਤਾ ਨਾਲ ਆਪਣੀਆਂ ਸੇਵਾਵਾਂ ਨਿਭਾ ਕੇ ਆਪਣੀ ਇੱਕ ਵਿਲੱਖਣ ਪਹਿਚਾਣ ਬਨਾਉਣ ਦੀ ਆਸ ਹੈ।