ਕਿਹਾ ਕਿ ਮੀਰੀ ਪੀਰੀ ਦੇ ਫਲਸਫੇ ’ਤੇ ਚੱਲਣ ਲਈ ਅਕਾਲੀ ਦ੍ਰਿੜ੍ਹ ਸੰਕਲਪ
ਮੇਰੀ ਆਲੋਚਨਾ ਕਰੋ, ਜਿਥੇ ਤੁਹਾਨੂੰ ਲੱਗਦੈ ਮੈਂ ਗਲਤ ਹਾਂ ਮੇਰੀ ਨਿੰਦਾ ਕਰੋ ਪਰ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਨਾ ਕਰੋ ; ਪਰਿਵਾਰ ਦੇ ਮਸਲੇ ਪਰਿਵਾਰ ਵਿਚ ਹੀ ਨਿਬੇੜੋ : ਸੁਖਬੀਰ
ਸਿੱਖਾਂ ਵਿਚ ਸ਼ੱਕ ਦੇ ਬੀਜ ਬੀਜ ਕੇ ਸਿੱਖਾਂ ਨੁੰ ਆਗੂ ਵਿਹੂਣੇ ਬਣਾਉਣ ਲਈ ਡੂੰਘੀ ਸਾਜ਼ਿਸ਼
ਗੱਦਾਰਾਂ ਨੁੰ ਸੱਚੇ ਸ਼ਰਧਾਲੂ ਬਣਾ ਕੇ ਸਿੱਖਾਂ ਨੂੰ ਅੰਦਰੋਂ ਹੀ ਕਮਜ਼ੋਰ ਕਰਨ ਦੇ ਯਤਨ ਹੋ ਰਹੇ ਹਨ
ਅੰਮ੍ਰਿਤਸਰ, 15 ਨਵੰਬਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ‘ਕੇਸਰੀ ਨਿਸ਼ਾਨ ਹੇਠ ਖਾਲਸਾ ਪੰਥ ਵਿਚ ਏਕਤਾ’ ਦਾ ਹੋਕਾ ਦਿੰਦਿਆਂ ਨਾਲ ਹੀ ਸਿੱਖ ਦੇ ਭੇਸ ਵਿਚ ਸਿੱਖਾਂ ਨੂੰ ਸਿੱਖਾਂ ਨਾਲ ਲੜਾਉਣ ਦੀਆਂ ਸਾਜ਼ਿਸ਼ਾਂ ਤੇ ਸਾਜ਼ਿਸ਼ਕਾਰਾਂ ਦੀ ਪਛਾਣ ਕਰਨ ਤੇ ਉਹਨਾਂ ਨੁੰ ਹਰਾਉਣ ਦਾ ਵੀ ਸੱਦਾ ਦਿੱਤਾ ਹੈ।
ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਇਤਿਹਾਸਕ ਮੰਜੀ ਸਾਹਿਬ ਦੀਵਾਨ ਹਾਲ ਵਿਚ ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਦੇ 100 ਸਾਲਾ ਸਥਾਪਨਾ ਦਾ ਸੰਪੂਰਨਤਾ ਦਿਵਸ ਮੌਕੇ ਗੁਰਮਤਿ ਸਮਾਗਮ ਵਿਚ ਜੁੜੇ ਵਿਸ਼ਾਲ ਪੰਥਕ ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਸਿੱਖ ਕੌਮ ਨੁੰ ਭਾਈਚਾਰੇ ਨੁੰ ਆਗੂ ਵਿਹੂਣਾ ਬਣਾਉਣ ਤੇ ਪੰਜਾਬ ਤੋਂ ਬਾਅਦ ਸੱਤਾ ਦੇ ਗੈਰ ਸਿੱਖ ਕੇਂਦਰਾਂ ’ਤੇ ਪੁਰੀ ਤਰ੍ਹਾਂ ਨਿਰਭਰ ਬਣਾਉਣ ਦੀਆਂ ਡੂੰਘੀਆਂ ਸਾਜ਼ਿਸ਼ਾਂ ਤੋਂ ਸੁਚੇਤ ਰਹਿਣ ਲਈ ਚੌਕੰਨਾ ਕੀਤਾ। ਉਹਨਾਂ ਕਿਹਾ ਕਿ ਅਕਾਲੀ ਦਲ ਪੰਜਾਬ ਵਿਚ ਇਕਲੌਤੀ ਖੇਤਰੀ ਪਾਰਟੀ ਹੈ। ਜਿਥੇ ਕਾਂਗਰਸ ਨੂੰ 10 ਜਨਪਥ ਤੋਂ ਚਲਾਇਆ ਜਾਂਦ ਹੈ, ਉਥੇ ਹੀ ਆਪ ਦੀ ਕਮਾਂਡ ਕੇਜਰੀਵਾਲ ਦੇ ਹੱਥ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦਾ ਜਨਮ ਸ੍ਰੀ ਅਕਾਲ ਤਖਤ ਸਾਹਿਬ ’ਤੇ ਹੋਇਆ ਤੇ ਇਹ ਇਕਲੌਤੀ ਪਾਰਟੀ ਹੈ ਜੋ ਪੰਜਾਬੀਆਂ ਦੀ ਪਾਰਟੀ ਹੋਣ ਦਾ ਮਾਣ ਰੱਖਦੀ ਹੈ।
ਸਿੱਖ ਇਤਿਹਾਸ ਨਾਲ ਲਬਰੇਜ ਭਾਸ਼ਣ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਸਿੱਖਾਂ ਨੇ ਹਮੇਸ਼ਾ ਦਿੱਲੀ ਦੇ ਹਮਲਿਆਂ ਅਤੇ ਪੰਜਾਬ ਵਿਚ ਇਸਦੇ ਗੱਦਾਰ ਏਜੰਟਾਂ ਦਾ ਸਾਹਮਣਾ ਕੀਤਾ ਹੈ। ਸਿੱਖੀ ਦਾ ਭੇਸ ਧਾਰ ਕੇ ਇਹ ਏਜੰਟ, ਸਿੱਖ ਧਰਮ ਦੀ ਬੋਲ ਚਾਲ ਤੇ ਪਹਿਰਾਵੇ ਨਾਲ ਪੰਥਕ ਕਦਰਾਂ ਕੀਮਤਾਂ ਦੇ ਧਾਰਨੀ ਹੋਣ ਦਾ ਭੁਲੇਖਾ ਪਾਉਂਦੇ ਹਨ ਜਦਕਿ ਅਸਲ ਵਿਚ ਇਹ ਕਾਲੀਆਂ ਭੇਡਾਂ ਹੁੰਦੇ ਹਨ ਜਿਹਨਾਂ ਨੁੰ ਸਿੱਖਾਂ ਦੇ ਮਨਾਂ ਵਿਚ ਇਹਨਾਂ ਦੀਆਂ ਚੁਣੀਆਂ ਧਾਰਮਿਕ ਸੰਸਥਾਵਾਂ ਤੇ ਸਿਆਸੀ ਆਗੂਆਂ ਦੇ ਖਿਲਾਫ ਸ਼ੰਕੇ ਪੈਦਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੁੰਦੀ ਹੈ। ਉਹਨਾਂ ਕਿਹਾ ਕਿ ਇਹ ਲੋਕ ਅਕਾਲੀ ਦਲ ਦੇ ਖਿਲਾਫ ਜ਼ਹਿਰ ਉਗਲਦੇ ਹਨ ਜਦੋਂ ਕਿ ਕਾਂਗਰਸ ਤੇ ਆਪ ਦੇ ਸਿੱਖਾਂ ਤੇ ਪੰਜਾਬੀਆਂ ਖਿਲਾਫ ਗੁਨਾਹਾਂ ਬਾਰੇ ਚੁੱਪੀ ਵੱਟ ਕੇ ਰੱਖਦੇ ਹਨ। ਇਹਨਾਂ ਨੇ 1984 ਬਾਰੇ ਇਕ ਸ਼ਬਦ ਨਹੀਂ ਬੋਲਿਆ ਤੇ ਨਾ ਹੀ ਇਹਨਾਂ ਨੇ ਕਦੇ ਕੇਜਰੀਵਾਲ ਵੱਲੋਂ ਪੰਜਾਬੀ ਕਿਸਾਨਾਂ ਨੁੰ ਦਿੱਲੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਠਹਿਰਾਉਣ ਦੇ ਮਾਮਲੇ ’ਤੇ ਮੂੰਹ ਖੋਲ੍ਹਿਆ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਬਰਤਾਨਵੀ ਸਾਸ਼ਕਾਂ ਵਾਂਗ ਕਾਂਗਰਸ ਸਰਕਾਰਾਂ ਨੇ ਪਹਿਲਾਂ ਟੈਂਕਾਂ ਤੇ ਤੋਪਾਂ ਦੇ ਹਮਲਿਆਂ ਨਾਲ ਸਾਡੀ ਹਿੰਮਤ ਨੁੰ ਤੋੜਨ ਦੀ ਕੋਸ਼ਿਸ਼ ਕੀਤੀ। ਪਰ ਛੇਤੀ ਇਹਨਾਂ ਨੇ ਮਹਿਸੂਸ ਕਰ ਲਿਆ ਕਿ ਅਜਿਹਾ ਸੰਭਵ ਨਹੀਂ ਤਾਂ ਫਿ ਇਹ ਸਾਡੇ ਵਿਚ ਫੁੱਟ ਪਾਉਣ ਲਈ ਸਾਜ਼ਿਸ਼ਾਂ ਵਾਲੇ ਪਾਸੇ ਹੋਰ ਤੁਰੇ। ਇਹਨਾਂ ਦਾ ਮਕਸਦ ਕੌਮ ਵਿਚ ਫੁੱਟ ਪਾਉਣਾ ਤੇ ਕੌਮ ਨੁੰ ਆਗੂ ਵਿਹੂਣੀ ਕਰਨਾ ਤੇ ਅਜਿਹੇ ਹਾਲਾਤ ਪੈਦਾ ਕਰਨੇ ਹੈ ਜਿਥੇ ਸਿੱਖਾਂ ਕੋਲ ਆਪਣਾ ਕੋਈ ਪਲੈਟਫਾਰਮ ਨਾ ਹੋਵੇ ਤੇ ਨਾ ਹੀ ਆਪਣੀ ਲੀਡਰਸ਼ਿਪ ਹੋਵੇ ਤੇ ਉਹਨਾਂ ਨੁੰ ਗੈਰ ਸਿੱਖ ਤੇ ਗੈਰ ਪੰਜਾਬੀ ਪਾਰਟੀਆਂ ਤੇ ਆਗੂਆਂ ਵੱਲ ਮੁਹਾਂਦਰਾ ਕਰਨਾ ਪਵੇ ਭਾਵੇਂ ਉਹ ਅਜਿਹੇ ਧਾਰਮਿਕ ਸੰਕਟ ਹੀ ਕਿਉਂ ਨਾ ਹੋਵੇ ਜਿਹੋ ਜਿਹੇ ਅਸੀਂ 1984 ਵਿਚ ਝੱਲੇ ਹਨ।
ਉਹਨਾਂ ਕਿਹਾ ਕਿ ਸਿਰਫ ਅਕਾਲੀ ਦਲ ਹੀ ਗੁਰੂ ਸਾਹਿਬਾਨ ਦੇ ਦਰਸਾਏ ਮੀਰੀ ਤੇ ਪੀਰੀ ਦੇ ਮਾਰ ’ਤੇ ਚੱਲਣ ਲਈ ਦ੍ਰਿੜ੍ਹ ਸੰਕਲਪ ਹੈ ਤੇ ਕਿਹਾ ਕਿ ਧਰਮ ਅਤੇ ਧਾਰਮਿਕ ਕਦਰਾਂ ਕੀਮਤਾਂ ਦੀ ਰਾਖੀ ਤੇ ਪ੍ਰਫੁੱਲਤਾ ਲਈ ਲੋਕਾਂ ਵਾਸਤੇ ਸਿਆਸੀ ਸ਼ਕਤੀ ਜ਼ਰੂਰੀ ਹੈ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਕੌਮ ਦੇ ਏਕੇ ਸਦਕਾ ਅਸੀਂ ਇਹਨਾਂ ਸਾਜ਼ਿਸ਼ਾਂ ਨੁੰ ਮਾਤ ਪਾ ਸਕਦੇ ਹਾਂ। ਉਹਨਾਂ ਕਿਹਾ ਕਿ ਐਨ ਆਰ ਆਈਜ਼ ਸਮੇਤ ਦੁਨੀਆਂ ਪਰ ਵਿਚ ਬੈਠੇ ਖਾਲਸਾ ਪੰਥ ਨੁੰ ਇਹਨਾਂ ਬਾਹਰਲਿਆਂ ਪ੍ਰਤੀ ਚੌਕਸ ਰਹਿਣਾ ਪਵੇਗਾ ਜੋ ਸਿੰਖਾਂ ਨਾਲ ਖਾਰ ਖਾਂਦੇ ਹਨ ਤੇ ਸਾਨੁੰ ਇਕ ਦੂਜੇ ਦੇ ਖਿਲਾਫ ਕਰ ਕੇ ਲਾਹਾ ਲੈਣ ਦੀ ਫਿਰਾਕ ਵਿਚ ਰਹਿੰਦੇ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੇ ਵਿਸ਼ਵਾਸ ਦੇ ਧਾਰਕ ਤੇ ਗੁਰੂ ਸਾਹਿਬ ਦੇ ਫਲਸਫੇ ਵਿਚ ਪੰਜਾਬੀਆਂ ਦੇ ਵਿਸ਼ਵਾਸ ਦਾ ਪ੍ਰਤੀਕ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਉਹਨਾਂ ਦੀ ਹੈ ਜੋ ਪੰਥਕ ਫਲਸਫੇ ਤੇ ਪੰਜਾਬੀ ਪਛਾਣ ਵਿਚ ਵਿਸ਼ਵਾਸ ਰੱਖਦੇ ਹਨ। ਉਹਨਾਂ ਕਿਹਾ ਕਿ ਸਿੱਖਾਂ ਦੇ ਆਪਸੀ ਮਤਭੇਦ ਤੇ ਮਸਲੇ ਪਰਿਵਾਰ ਵਿਚ ਹੀ ਬੈਠ ਕੇ ਹੱਲ ਹੋਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਅਸੀਂ ਸਭ ਤੋਂ ਤਿੱਖੀ ਆਲੋਚਨਾ ਦਾ ਵੀ ਸਵਾਗਤ ਕਰਦੇ ਹਾਂ ਕਿਉਂਕਿ ਅਸੀਂ ਤੁਹਾਡੇ ਹਾਂ। ਅਸੀਂ ਕਿਸੇ ਵੀ ਆਲੋਚਨਾ, ਸੁਝਾਅ ਜਾਂ ਸਲਾਹ ਦਾ ਸਵਾਗਤ ਕਰਦੇ ਹਾਂ। ਮੇਰੀ ਆਲੋਚਲਾ ਕਰੋ, ਮੈਨੁੰ ਦਰੁੱਸਤ ਕਰੋ ਤੇ ਜਿਥੇ ਕਿਤੇ ਮੈਂ ਗਲਤ ਹੋਵਾਂ ਮੇਰੀ ਨਿਖੇਧੀ ਕਰੋ ਪਰ ਪੰਥ ਦੇ ਦੋਖੀਆਂ ਨਾਲ ਰੱਲ ਕੇ ਸਾਡੇ ਸਰਮਾਏ ਸਾਡੀਆਂ ਸੰਸਥਾਵਾਂ ਨੁੰ ਕਮਜ਼ੋਰ ਨਾ ਕਰੋ। ਇਹ ਤੁਹਾਡੀਆਂ ਹਨ ਤੇ ਤੁਹਾਡੇ ਵੱਲੋਂ ਚੁਣੀਆਂ ਜਾਂਦੀਆਂ ਹਨ।
ਬੇਅਦਬੀ ਦੀਆਂ ਘਟਨਾਵਾਂ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਇਹ ਘਟਨਾਵਾਂ ਉਹਨਾਂ ਸਾਜ਼ਿਸ਼ਾਂ ਨਾਲ ਜੁੜੀਆਂ ਹਨ ਜਿਸ ਰਾਹੀਂ ਸਾਡੇ ਦੁਸ਼ਮਣ ਉਹ ਪ੍ਰਾਪਤ ਕਰਨਾ ਚਾਹੁੰਦੇ ਹਨ ਜੋ ਉਹ ਪਵਿੱਤਰ ਸ੍ਰੀ ਦਰਬਾਰ ਸਾਹਿਬ ’ਤੇ ਟੈਂਕ ਚੜ੍ਹਾ ਕੇ ਤੇ ਦਿੱਲੀ ਤੇ ਹੋਰ ਸ਼ਹਿਰਾਂ ਵਿਚ ਹਜ਼ਾਰਾਂ ਨਿਰਦੋਸ਼ਾਂ ਦੀ ਨਸਲਕੁਸ਼ੀ ਨਾਲ ਹਾਸਲ ਨਹੀਂ ਕਰ ਸਕੇ। ਉਹਨਾਂ ਕਿਹਾ ਕਿ ਸਾਨੂੰ ਵੰਡ ਕੇ ਇਹ ਲੋਕ ਸਾਨੂੰ ਤਬਾਹ ਕਰ ਸਕਦੇ ਹਨ ਤੇ ਇਸ ਲਈ ਸਾਨੂੰ ਚੌਕਸ ਰਹਿਣਾ ਪਵੇਗਾ। ਉਹਨਾਂ ਕਿਹਾ ਕਿ ਉਹਨਾਂ ਨੂੰ ਗੁਰੂ ਸਾਹਿਬ ਤੇ ਅਕਾਲ ਪੁਰਖ ’ਤੇ ਪੂਰਨ ਵਿਸ਼ਵਾਸ ਹੈ। ਉਹਨਾਂ ਕਿਹਾ ਕਿ ਇਕ ਦਿਨ ਸੱਚ ਸਾਹਮਣੇ ਆਵੇਗਾ ਕਿ ਇਹ ਸਭ ਸਿੱਖਾਂ ਨੂੰ ਵੰਡਣ ਤੇ ਉਹਨਾਂ ਨੁੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਸਨ।
ਸਰਦਾਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਕੌਮ ਨੂੰ ਦਰਪੇਸ਼ ਚੁਣੌਤੀਆਂ ਦੇ ਸਾਹਮਣੇ ਲਈ ਤਿਆਰ ਰਹਿਣਾ ਚਾਹੀਦਾ ਹੈ। ਸਿੱਖਿਆ ਤੇ ਸਿਹਤ ਦੇ ਖੇਤਰ ਵਿਚ ਸ਼੍ਰੋਮਣੀ ਕਮੇਟੀ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਬਦਲੇ ਸਮੇਂ ਵਿਚ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਵੀ ਵੱਧ ਗਈ ਹੈ। ਹੁਣ ਇਹ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਹੈ ਕਿ ਉਹ ਸਿੱਖ ਬੱਚਿਆਂ ਤੇ ਨੌਜਵਾਨਾਂ ਨੁੰ ਨਵੇਂ ਯੁੱਗ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਕਰੇ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਸਿੱਖ ਧਾਰਮਿਕ ਕਦਰਾਂ ਕੀਮਤਾਂ ਪ੍ਰਤੀ ਆਪਣੀ ਵਚਨਬੱਧਤਾ ਨਵਿਆਉਣੀ ਚਾਹੀਦੀ ਹੈ, ਸਾਨੂੰ ਆਪਣੇ ਬੱਚਿਆਂ ਨੁੰ ਸਮਾਜਿਕ ਜ਼ਿੰਮੇਵਾਰੀ ਸਿਖਾ ਕੇ ਉਹਨਾਂ ਨੂੰ ਨਵੇਂ ਸੰਸਾਰ ਵਿਚ ਰੋਲ ਮਾਡਲ ਬਣਾਉਣਾ ਚਾਹੀਦਾ ਹੈ।