ਹੋਰ ਪੰਜਾਬ ਮੁੱਖ ਖ਼ਬਰ

ਮੁੱਖ ਮੰਤਰੀ ਵੱਲੋਂ ਝੋਨੇ ਦੀ ਆਮ ਖਰੀਦ ਨੂੰ ਜਲਦ ਸ਼ੁਰੂ ਕਰਨ ਦੇ ਆਦੇਸ਼

ਮੁੱਖ ਮੰਤਰੀ ਵੱਲੋਂ ਝੋਨੇ ਦੀ ਆਮ ਖਰੀਦ ਨੂੰ ਜਲਦ ਸ਼ੁਰੂ ਕਰਨ ਦੇ ਆਦੇਸ਼
  • PublishedOctober 25, 2021

ਅਧਿਕਾਰੀਆਂ ਨੇ ਐਮਰਜੈਂਸੀ ਮੀਟਿੰਗ ਬੁਲਾਈ

ਮੰਡੀ ਬੋਰਡ ਅੱਜ ਸ਼ਾਮ 5 ਵਜੇ ਤੱਕ ਕਾਰਵਾਈ ਦੀ ਰਿਪੋਰਟ ਸੌਂਪੇਗਾ

ਚੰਡੀਗੜ੍ਹ, 25 ਅਕਤੂਬਰ: ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਕਿ ਉਹ ਪਿਛਲੇ ਦੋ ਦਿਨਾਂ ਤੋਂ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਪਏ ਭਾਰੀ ਮੀਂਹ ਤੋਂ ਬਾਅਦ ਝੋਨੇ ਦੀ ਖਰੀਦ ਪ੍ਰਕਿਰਿਆ ਨੂੰ ਮੁੜ ਲੀਹ ‘ਤੇ ਲਿਆਉਣ ਲਈ ਸਾਰੇ ਲੋੜੀਂਦੇ ਕਦਮ ਚੁੱਕਣ।

ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਕਾਰਵਾਈ ਕਰਦਿਆਂ ਅੱਜ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਦੇ ਸਕੱਤਰ ਗੁਰਕਿਰਤ ਕਿਰਪਾਲ ਸਿੰਘ ਵੱਲੋਂ ਸਾਰੀਆਂ ਖਰੀਦ ਏਜੰਸੀਆਂ, ਐਫਸੀਆਈ ਅਤੇ ਮੰਡੀ ਬੋਰਡ ਦੇ ਮੁਖੀਆਂ ਦੀ ਮੀਟਿੰਗ ਬੁਲਾਈ ਗਈ। ਅਧਿਕਾਰੀਆਂ ਨੇ ਭਾਰੀ ਮੀਂਹ ਕਾਰਨ ਪੈਦਾ ਹੋਈ ਸਥਿਤੀ ਅਤੇ ਮੰਡੀਆਂ ਵਿੱਚ ਪਈ ਝੋਨੇ ਦੀ ਫ਼ਸਲ ’ਤੇ ਪੈਣ ਵਾਲੇ ਪ੍ਰਭਾਵ ਦਾ ਜਾਇਜ਼ਾ ਲਿਆ।

ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਨੇ ਦੱਸਿਆ ਕਿ ਸਾਰੀਆਂ ਮੰਡੀਆਂ ਵਿੱਚ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ ਅਤੇ ਝੋਨੇ ਦੇ ਭੰਡਾਰ ਨੂੰ ਤਰਪਾਲਾਂ ਨਾਲ ਢੱਕ ਦਿੱਤਾ ਗਿਆ ਹੈ। ਉਹਨਾਂ ਅੱਗੇ ਦੱਸਿਆ ਕਿ ਸੰਗਰੂਰ ਅਤੇ ਪਟਿਆਲਾ ਦੀਆਂ ਕੁਝ ਨੀਵੀਆਂ ਮੰਡੀਆਂ ਵਿੱਚ ਪਾਣੀ ਭਰਨ ਦੀ ਸੂਚਨਾ ਮਿਲੀ ਸੀ, ਜਿੱਥੇ ਪਾਣੀ ਦੇ ਨਿਕਾਸ ਲਈ ਮੋਟਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਲਿਆ ਗਿਆ ਹੈ ਕਿ ਝੋਨੇ ਨੂੰ ਸੁਕਾਉਣ ਅਤੇ ਟਰਾਲੀਆਂ ਤੇ ਟਰੱਕਾਂ ਦੇ ਨਿਰਵਿਘਨ ਦਾਖਲੇ ਅਤੇ ਨਿਕਾਸ ਦੀ ਸਹੂਲਤ ਲਈ ਸੂਬੇ ਭਰ ਦੀਆਂ ਮੰਡੀਆਂ ਵਿੱਚ ਪੋਚਾ ਲਗਾਉਣ ਅਤੇ ਸੁਕਾਉਣ ਲਈ ਮੰਡੀ ਬੋਰਡ ਵੱਲੋਂ ਅੱਜ ਰੋਜ਼ਾਨਾ ਦਿਹਾੜੀ ਦੇ ਆਧਾਰ ‘ਤੇ ਵਿਸ਼ੇਸ਼ ਲੇਬਰ ਲਗਾਈ ਜਾਵੇਗੀ।

ਇਸ ਦੌਰਾਨ ਮੰਡੀ ਬੋਰਡ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਜਦੋਂ ਵੀ ਝੋਨੇ ਵਿੱਚ ਨਮੀ ਮਿਲੇ, ਆੜ੍ਹਤੀਏ ਝੋਨੇ ਨੂੰ ਸੁਕਾਉਣ ਲਈ ਤੁਰੰਤ ਕਦਮ ਚੁੱਕਣ ਤਾਂ ਜੋ ਇਸ ਦੀ ਜਲਦ ਖਰੀਦ ਕੀਤੀ ਜਾ ਸਕੇ। ਸਕੱਤਰ ਮੰਡੀ ਬੋਰਡ ਨੂੰ ਅੱਜ ਸ਼ਾਮ 5 ਵਜੇ ਤੱਕ ਇਸ ਸਬੰਧੀ ਕੀਤੀ ਗਈ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਮਾਰਕਫੈੱਡ, ਪਨਗ੍ਰੇਨ, ਪਨਸਪ ਅਤੇ ਪੀ.ਐੱਸ.ਡਬਲਿਊ.ਸੀ ਦੇ ਮੈਨੇਜਿੰਗ ਡਾਇਰੈਕਟਰਾਂ ਤੋਂ ਇਲਾਵਾ ਜੀ.ਐੱਮ., ਐੱਫ.ਸੀ.ਆਈ. ਨੂੰ ਆਮ ਖਰੀਦ ਕਾਰਜਾਂ ਦੀ ਬਹਾਲੀ ਕਰਨ ਲਈ ਕੀਤੇ ਜਾ ਰਹੇ ਯਤਨਾਂ ਦਾ ਜਾਇਜ਼ਾ ਲੈਣ ਲਈ ਸੂਬੇ ਭਰ ਦਾ ਦੌਰਾ ਕਰਨ ਲਈ ਵੀ ਕਿਹਾ ਗਿਆ।

ਇਸੇ ਤਰ੍ਹਾਂ ਮੌਸਮ ਦੇ ਸਾਫ਼ ਹੋਣ ਦੇ ਮੱਦੇਨਜ਼ਰ ਸਾਰੀਆਂ ਖਰੀਦ ਏਜੰਸੀਆਂ ਨੂੰ ਚੁਕਾਈ ਦਾ ਕੰਮ ਤੁਰੰਤ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਐਮਡੀਜ਼ ਨੂੰ ਆਪਣੇ ਜ਼ਿਲ੍ਹੇ ਦੇ ਸਟਾਫ ਨੂੰ ਅੱਜ ਸਾਰੀਆਂ ਮੰਡੀਆਂ ਦਾ ਦੌਰਾ ਕਰਨ ਅਤੇ ਮਾਰਕੀਟ ਕਮੇਟੀਆਂ ਦੇ ਅਧਿਕਾਰੀਆਂ, ਆੜ੍ਹਤੀਆਂ ਅਤੇ ਕਿਸਾਨਾਂ ਨਾਲ ਤਾਲਮੇਲ ਕਰਨ ਅਤੇ ਨਿਰਵਿਘਨ ਖਰੀਦ ਪ੍ਰਕਿਰਿਆ ਨੂੰ ਜਲਦੀ ਸ਼ੁਰੂ ਕਰਨ ਦਾ ਭਰੋਸਾ ਦੇਣ ਲਈ ਆਦੇਸ਼ ਦਿੱਤੇ ਗਏ।

ਮਾਰਕਫੈੱਡ ਦੇ ਐਮਡੀ ਨੇ ਦੱਸਿਆ ਕਿ ਧੁੱਪ ਦੇ ਮੱਦੇਨਜ਼ਰ ਅੱਜ ਦੁਪਹਿਰ ਬਾਅਦ ਮੰਡੀਆਂ ਵਿੱਚ ਖਰੀਦ ਸ਼ੁਰੂ ਹੋਣ ਦੀ ਉਮੀਦ ਹੈ।

ਇਹ ਮਹਿਸੂਸ ਕੀਤਾ ਗਿਆ ਹੈ ਕਿ ਸਾਂਝੇ ਯਤਨਾਂ ਨਾਲ 24 ਘੰਟਿਆਂ ਅੰਦਰ ਆਮ ਖਰੀਦ ਕਾਰਜਾਂ ਨੂੰ ਪੂਰੀ ਤਰ੍ਹਾਂ ਬਹਾਲ ਕੀਤਾ ਜਾ ਸਕਦਾ ਹੈ ਅਤੇ ਸਾਰੇ ਅਧਿਕਾਰੀਆਂ ਨੂੰ ਇਸ ਸਬੰਧੀ ਸਖ਼ਤ ਮਿਹਨਤ ਕਰਨ ਲਈ ਕਿਹਾ ਗਿਆ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਐਮਡੀ ਪਨਸਪ ਰਵਿੰਦਰ ਕੌਸ਼ਿਕ, ਐਮਡੀ ਮਾਰਕਫੈਡ ਵਰੁਣ ਰੂਜਮ, ਜੀਐਮ ਐਫਸੀਆਈ ਅਰਸ਼ਦੀਪ ਸਿੰਘ ਥਿੰਦ, ਡਾਇਰੈਕਟਰ ਖੁਰਾਕ ਅਤੇ ਸਿਵਲ ਸਪਲਾਈ ਅਭਿਨਵ ਤ੍ਰਿਖਾ, ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਅਤੇ ਐਮਡੀ ਪੀਐਸਡਬਲਯੂਸੀ ਯਸ਼ਨਜੀਤ ਸਿੰਘ ਮੌਜੂਦ ਸਨ।

Written By
The Punjab Wire