ਗੁਰਦਾਪੁਰ ਜ਼ਿਲੇ ਵਿਚ ਬਿਜਲੀ ਬਿੱਲਾਂ ਦੇ ਬਕਾਏ ਮਾਫੀ ਲਈ 16159 ਲਾਭਪਾਤਰੀਆਂ ਦੀਆਂ ਅਰਜ਼ੀਆ ਪ੍ਰਾਪਤ ਹੋਈਆ
ਪਾਵਰਕਾਮ ਵਲੋਂ ਵਿਸ਼ੇਸ ਕੈਂਪ ਲਗਾ ਕੇ ਘਰ-ਘਰ ਜਾ ਕੇ ਬੇਨਤੀ ਪੱਤਰ ਭਰਵਾਏ ਜਾਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ
ਗੁਰਦਾਸਪੁਰ, 25 ਅਕਤੂਬਰ ( ਮੰਨਣ ਸੈਣੀ ) ਪੰਜਾਬ ਸਰਕਾਰ ਵਲੋਂ ਲੋਕਾਂ ਦੇ 2 ਕਿਲੋਵਾਟ ਲੋਡ ਤਕ ਬਿਜਲੀ ਬਿੱਲਾਂ ਦੇ ਬਕਾਏ ਮਾਫ ਕਰਨ ਦੀ ਕੀਤੀ ਗਈ ਸ਼ੁਰੂਆਤ ਤਹਿਤ ਜਿਲੇ ਅੰਦਰ 2 ਕਿਲੋਵਾਟ ਤਕ ਦੇ ਬਿਜਲੀ ਬਿੱਲਾਂ ਦੇ ਮਾਫੀ ਲਈ ਪਾਵਰਕਾਮ ਵਲੋਂ ਵਿਸ਼ੇਸ ਕੈਂਪ ਲਗਾਏ ਜਾ ਰਹੇ ਹਨ ਅਤੇ ਘਰ-ਘਰ ਜਾ ਕੇ ਬੇਨਤੀ ਪੱਤਰ ਭਰਵਾਏ ਜਾ ਰਹੇ ਹਨ। ਗੁਰਦਾਸਪੁਰ ਜ਼ਿਲੇ੍ਹ ਵਿਚ 24 ਅਕਤੂਬਰ ਤਕ 16159 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਸ ਤਹਿਤ 15 ਕਰੋੜ 6 ਲੱਖ 66 ਹਜ਼ਾਰ ਰੁਪਏ ਦੇ ਮਾਫ ਕੀਤੇ ਜਾਣਗੇ।
ਇਸ ਸਬੰਧੀ ਗੱਲ ਕਰਦਿਆਂ ਸ. ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਨੇ ਕਿਹਾ ਕਿ ਯੋਗ ਬਿਨੈਕਾਰਾਂ ਦੇ ਬਿੱਲ ਮਾਫੀ ਲਈ ਫਾਰਮ ਦੀ ਸੁਰੂਆਤ ਕੀਤੀ ਜਾ ਚੁੱਕੀ ਹੈ। ਉਨਾਂ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਇਤਿਹਾਸਕ ਦੱਸਦਿਆ ਕਿਹਾ ਕਿ ਬਿਜਲੀ ਦੇ ਬਕਾਏ ਮਾਫ ਕਰਨ ਨਾਲ ਗਰੀਬ ਲੋਕਾਂ ਨੂੰ ਸਭ ਤੋਂ ਵੱਧ ਲਾਭ ਮਿਲੇਗਾ। ਉਨਾਂ ਕਿਹਾ ਕਿ ਲੋਕਾਂ ਦੇ ਬਕਾਇਆ ਬਿੱਲ ਮਾਫ ਕਰਨ ਦੀ ਰਕਮ ਦੀ ਪੂਰਤੀ ਪੰਜਾਬ ਸਰਕਾਰ ਵਲੋਂ ਪੀ.ਐਸ.ਪੀ.ਸੀ.ਐਲ ਨੂੰ ਕੀਤੀ ਜਾਵੇਗੀ। ਇਸ ਤੋਂ ਇਲਾਵਾ 2 ਕਿਲੋਵਾਟ ਤਕ ਦੇ ਮਨਜ਼ੂਰਸ਼ੁਦਾ ਲੋਡ ਵਾਲੇ ਸਾਰੇ ਅਜਿਹੇ ਖਪਤਕਾਰਾਂ ਜਿਨਾ ਦੇ ਬਿਜਲੀ ਦੇ ਕੁਨੈਕਸ਼ਨ ਬਿੱਲ ਨਾ ਭਰਨ ਕਰਕੇ ਕੱਟੇ ਹੋਏ ਹਨ, ਪੀ.ਐਸ.ਪੀ.ਸੀਐਲ ਵਲੋਂ ਤੁਰੰਤ ਜੋੜ ਦਿੱਤੇ ਜਾਣਗੇ।
ਇਸ ਮੌਕੇ ਐਸ.ਈ ਸਰਕਲ ਗੁਰਦਾਸਪੁਰ ਰਮਨ ਸ਼ਰਮਾ ਨੇ ਦੱਸਿਆ ਕਿ ਜਿਨਾ ਖਪਤਕਰਾਾਂ ਦੇ ਬਿਜਲੀ ਕੁਨੈਕਸ਼ਨ ਨੂੰ ਮੁੜ ਜੋੜਨਾ ਸੰਭਵ ਨਹੀਂ ਹੋਵੇਗਾ, ਉਸ ਸਬੰਧੀ ਪੀ.ਐਸ.ਪੀ.ਸੀ.ਐਲ ਵਲੋਂ ਲੋੜੀਦੇ ਚਾਰਜ (ਜੋ ਵੀ ਲਾਗੂ ਹੋਣਗੇ) ਅਨੁਸਾਰ ਨਵਾਂ ਕੁਨੈਕਸ਼ਨ ਜਾਰੀ ਕਰ ਦਿੱਤਾ ਜਾਵੇਗਾ ਅਤੇ ਇਸ ਸਬੰਧੀ ਆਉਣ ਵਾਲੇ ਖਰਚ ਵੀ ਪੰਜਾਬ ਸਰਕਾਰ ਸਹਿਣ ਕਰੇਗੀ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਉਕਤ ਸਕੀਮ ਦਾ ਲਾਭ ਹਰੇਕ ਖਪਤਕਾਰ ਮਿਲਣਾ ਯਕੀਨੀ ਬਣਾਉਣ ਲਈ ਪਾਵਰਕਾਮ ਵਲੋਂ ਵਿਸ਼ੇਸ ਕੈਂਪ ਲਗਾ ਕੇ ਘਰ-ਘਰ ਜਾ ਕੇ ਬੇਨਤੀ ਪੱਤਰ ਭਰਵਾਏ ਜਾਣ ਨੂੰ ਯਕੀਨੀ ਬਣਾਇਆ ਗਿਆ ਹੈ।