ਫਾਰਮ ਟੂਰਿਜ਼ਮ ਤੇ ਬੈੱਡ ਐਂਡ ਬ੍ਰੇਕਫਾਸਟ ਹੋਮਸਟੇਅ ਸਕੀਮਾਂ ਹੁਣ ਜ਼ਿਲ੍ਹੇ ਦੇ ਸਮੂਹ ਕੇਂਦਰਾਂ ਰਾਹੀਂ ਹੋਣਗੀਆਂ ਉਪਲੱਬਧ
ਗੁਰਦਾਸਪੁਰ, 21 ਅਕਤੂਬਰ (ਮੰਨਣ ਸੈਣੀ)। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਦੱਸਿਆ ਹੈ ਕਿ ਆਮ ਜਨਤਾ ਦੀ ਸਹੂਲਤ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ਵਿੱਚ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਨਾਲ ਸਬੰਧਤ ਦੋ ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ। ਫਾਰਮ ਟੂਰਿਜ਼ਮ ਸਕੀਮ ਤੇ ਬੈਡ ਐਂਡ ਬ੍ਰੇਕਫਾਸਟ ਹੋਮਸਟੇਅ ਸਕੀਮਾਂ ਹੁਣ ਜ਼ਿਲ੍ਹੇ ਦੇ ਸਮੂਹ ਕੇਂਦਰਾਂ ਰਾਹੀਂ ਉਪਲੱਬਧ ਹੋਣਗੀਆਂ।
ਉਨ੍ਹਾਂ ਕਿਹਾ ਕਿ ਕਿਸਾਨ ਟੂਰਿਜ਼ਮ ਸਕੀਮ ਅਤੇ ਬੈੱਡ ਐਂਡ ਬ੍ਰੇਕਫਾਸਟ ਹੋਮਸਟੇਅ ਸਕੀਮ ਲਈ ਸੇਵਾ ਫੀਸ 50 ਰੁਪਏ ਤੈਅ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਸੇਵਾਵਾਂ ਦੇ ਗੋਲਡ ਕੈਟਾਗਰੀ ਲਈ ਸਰਕਾਰੀ ਫੀਸ 5 ਹਜ਼ਾਰ ਰੁਪਏ ਤੇ ਸਿਲਵਰ ਕੈਟਾਗਰੀ ਲਈ ਸਰਕਾਰੀ ਫੀਸ 3 ਹਜ਼ਾਰ ਰੁਪਏ ਰੱਖੀ ਗਈ ਹੈ।
ਸੇਵਾ ਕੇਂਦਰਾਂ ਦੇ ਇੰਚਾਰਜ ਨੇ ਦੱਸਿਆ ਕਿ ਬਿਨੈਕਾਰ ਖੁਦ ਵੀ ਘਰ ਬੈਠੇ ਆਨਲਾਈਨ ਮਾਧਿਅਮ ਰਾਹੀਂ ਲਿੰਕ ‘ਤੇ ਜਾ ਕੇ ਇਨ੍ਹਾਂ ਸੇਵਾਵਾਂ ਲਈ ਅਪਲਾਈ ਕਰ ਸਕਦਾ ਹੈ ਤੇ ਜ਼ਿਲ੍ਹੇ ਦੇ ਸੇਵਾ ਕੇਂਦਰਾਂ ਵਿੱਚ ਲੋੜੀਂਦੇ ਦਸਤਾਵੇਜ਼ ਸਮੇਤ ਲਿਜਾ ਕੇ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਿਨੈਕਾਰ ਨੂੰ ਕਿਸੇ ਵੀ ਦਫ਼ਤਰ ਵਿੱਚ ਕੋਈ ਵੀ ਦਸਤਾਵੇਜ਼ ਜਮ੍ਹਾਂ ਕਰਾਉਣ ਲੋੜ ਨਹੀਂ ਹੈ।