ਯੋਗ ਲਾਭਪਾਤਰੀ ਪੰਜਾਬ ਸਰਕਾਰ ਦੀਆਂ ਵੱਖ-ਵੱਖ ਭਲਾਈ ਯੋਜਨਾਵਾਂ ਦਾ ਲਾਭ ਜਰੂਰ ਉਠਾਉਣ – ਡਿਪਟੀ ਕਮਿਸ਼ਨਰ
ਗੁਰਦਾਸਪੁਰ, 21 ਅਕਤੂਬਰ ( ਮੰਨਣ ਸੈਣੀ) – ਪੰਜਾਬ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਲਾਭ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ 28 ਅਤੇ 29 ਅਕਤੂਬਰ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ, ਸ਼ਿਵ ਬਟਾਲਵੀ ਆਡੀਟੋਰੀਅਮ ਬਟਾਲਾ, ਬੀ.ਡੀ.ਪੀ.ਓ. ਦਫ਼ਤਰ ਡੇਰਾ ਬਾਬਾ ਨਾਨਕ, ਬੀ.ਡੀ.ਪੀ.ਓ. ਦਫ਼ਤਰ ਕਲਾਨੌਰ ਅਤੇ ਐੱਸ.ਐੱਸ.ਐੱਮ. ਕਾਲਜ ਦੀਨਾਨਗਰ ਵਿਖੇ ਵਿਸ਼ੇਸ਼ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਇਨਾਂ ਕੈਂਪਾਂ ਵਿੱਚ ਵੀ 5-5 ਮਰਲੇ ਦੇ ਪਲਾਟ, ਪੈਨਸ਼ਨ ਸਕੀਮ, ਕੱਚੇ ਮਕਾਨਾਂ ਲਈ ਪੀ.ਐੱਮ. ਅਵਾਸ ਯੋਜਨਾ, ਬਿਜਲੀ ਕੁਨੈਕਸ਼ਨ, ਘਰਾਂ ਵਿੱਚ ਪਖਾਨਾ, ਗੈਸ ਕੁਨੈਕਸ਼ਨ, ਸਰਬੱਤ ਸਿਹਤ ਬੀਮਾ ਯੋਜਨਾ, ਅਸ਼ੀਰਵਾਦ ਸਕੀਮ, ਸਕਾਲਰਸ਼ਿਪ ਸਕੀਮ, ਐੱਸ.ਸੀ. ਬੀ.ਸੀ. ਕਾਰਪੋਰੇਸ਼ਨ/ ਬੈਂਕਫਿੰਕੋ ਤੋਂ ਲੋਨ, ਬੱਸ ਪਾਸ, ਪੈਂਡਿੰਗ ਇੰਤਕਾਲ ਦੇ ਕੇਸ, ਮਨਰੇਗਾ ਜਾਬ ਕਾਰਡ, ਕੋਈ ਹੋਰ ਸਰਕਾਰੀ ਸਕੀਮ ਅਧੀਨ ਲਾਭ, 2 ਕਿਲੋਵਾਟ ਲੋਡ ਤੱਕ ਦੇ ਖਪਤਕਾਰਾਂ ਦੇ ਬਿਜਲੀ ਦੇ ਬਕਾਇਆ ਬਿੱਲ ਮੁਆਫ਼ੀ ਦੇ ਸਰਟੀਫਿਕੇਟ ਅਤੇ ਪੈਂਡਿੰਗ ਸੀ.ਐੱਲ.ਯੂ ਕੇਸ/ ਨਕਸੇ ਆਦਿ ਯੋਜਨਾਵਾਂ ਦਾ ਲਾਭ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਇਨਾਂ ਕੈਂਪਾਂ ਵਿੱਚ ਵਿਧਾਇਕਾਂ, ਕੌਂਸਲਰਾਂ ਅਤੇ ਪੰਚਾਇਤੀ ਨੁਮਾਇੰਦਿਆਂ ਦਾ ਸਹਿਯੋਗ ਵੀ ਲਿਆ ਜਾਵੇਗਾ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਪਰੋਕਤ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਆਪਣੇ ਨੇੜੇ ਦੇ ਸੁਵਿਧਾ ਕੈਂਪ ਵਿੱਚ ਜਰੂਰ ਪਹੁੰਚਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਲੋੜਵੰਦ ਪਰਿਵਾਰਾਂ ਨੂੰ 5-5 ਮਰਲੇ ਦੇ ਮੁਫ਼ਤ ਪਲਾਟ ਦੇਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿੱਚ 13300 ਲਾਭਪਾਤਰੀਆਂ ਦੀ 5-5 ਮਰਲੇ ਦੇ ਪਲਾਟ ਦੇਣ ਲਈ ਪਛਾਣ ਕੀਤੀ ਗਈ ਹੈ ਅਤੇ ਇਨਾਂ ਵਿਚੋਂ 3300 ਅਰਜ਼ੀਆਂ ਦੀ ਵੈਰੀਫਿਕੇਸ਼ਨ ਮੁਕੰਮਲ ਹੋ ਗਈ ਹੈ। ਉਨਾਂ ਕਿਹਾ ਕਿ ਬਕਾਇਆ ਅਰਜ਼ੀਆਂ ਨੂੰ ਵੀ ਜਲਦੀ ਹੀ ਪ੍ਰਾਪਤ ਕਰਕੇ ਉਨਾਂ ਦੀ ਵੀ ਵੈਰੀਫਿਕੇਸ਼ਨ ਮੁਕੰਮਲ ਕਰਨ ਉਪਰੰਤ 5-5 ਮਰਲੇ ਦੇ ਮੁਫ਼ਤ ਪਲਾਟ ਦਿੱਤੇ ਜਾਣਗੇ। ਉਨਾਂ ਕਿਹਾ ਕਿ ਇਹ ਪਲਾਟ ਦੇਣ ਲਈ ਪੁੱਡਾ ਦੇ ਨੇਮਾਂ ਤਹਿਤ ਵਿਸ਼ੇਸ਼ ਕਲੋਨੀ ਕੱਟੀਆਂ ਜਾਣਗੀਆਂ ਜਿਥੇ ਜਲ ਸਪਲਾਈ, ਸੀਵਰੇਜ, ਪਾਣੀ ਦੀ ਨਿਕਾਸੀ ਗਲੀਆਂ/ਸੜਕਾਂ ਆਦਿ ਸਾਰੀਆਂ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੋ 2 ਕਿਲੋਵਾਟ ਲੋਡ ਤੱਕ ਦੇ ਖਪਤਕਾਰਾਂ ਦੇ ਬਿਜਲੀ ਦੇ ਬਕਾਇਆ ਬਿੱਲ ਮੁਆਫ਼ ਕੀਤੇ ਹਨ ਉਸ ਸਬੰਧੀ ਵੀ ਫਾਰਮ ਭਰਵਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਯੋਗ ਲਾਭਪਾਤਰੀ ਪੰਜਾਬ ਸਰਕਾਰ ਦੀਆਂ ਵੱਖ-ਵੱਖ ਭਲਾਈ ਯੋਜਨਾਵਾਂ ਦਾ ਲਾਭ ਜਰੂਰ ਉਠਾਉਣ।