ਬਟਾਲਾ ਸ਼ਹਿਰ ਦੇ ਰਹਿੰਦੇ ਵਿਕਾਸ ਕਾਰਜਾਂ ਵਿੱਚ ਵੀ ਗ੍ਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ – ਤ੍ਰਿਪਤ ਬਾਜਵਾ
ਬਟਾਲਾ, 21 ਅਕਤੂਬਰ ( ਮੰਨਣ ਸੈਣੀ) – ਸੂਬੇ ਦੇ ਇਤਿਹਾਸਕ ਸ਼ਹਿਰ ਬਟਾਲਾ ਦੇ ਸਰਬਪੱਖੀ ਵਿਕਾਸ ਲਈ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਯਤਨ ਲਗਾਤਾਰ ਜਾਰੀ ਹਨ। ਬੀਤੀ ਸ਼ਾਮ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਭੰਡਾਰੀ ਮੁਹੱਲਾ ਬੈਂਕ ਕਲੋਨੀ ਤੋਂ ਬਾਈਪਾਸ ਨੂੰ ਜਾਂਦੀ ਸੜਕ ਨੂੰ ਬਣਾਉਣ ਦੇ ਕਾਰਜ ਦੀ ਸ਼ੁਰੂਆਤ ਕੀਤੀ ਗਈ ਤਾਂ ਜੋ ਸ਼ਹਿਰ ਵਾਸੀਆਂ ਨੂੰ ਟਰੈਫਿਕ ਸਮੱਸਿਆ ਤੋਂ ਨਿਜਾਤ ਦਿਵਾਈ ਜਾ ਸਕੇ।
ਸੜਕ ਦਾ ਨੀਂਹ ਪੱਥਰ ਰੱਖਦਿਆਂ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਭੰਡਾਰੀ ਮੁਹੱਲਾ, ਠਠਿਆਰੀ ਮੁਹੱਲਾ ਅਤੇ ਹਾਥੀ ਗੇਟ ਇਲਾਕੇ ਦੇ ਵਸਨੀਕਾਂ ਲਈ ਜੀ.ਟੀ. ਰੋਡ ’ਤੇ ਜਾਣ ਲਈ ਇੱਕ ਬਦਲਵੀਂ ਸੜਕ ਬਣ ਜਾਵੇਗੀ ਜਿਸ ਨਾਲ ਨਹਿਰੂ ਗੇਟ ਵਾਲੀ ਸੜਕ ਦੀ ਟਰੈਫਿਕ ਘਟੇਗੀ। ਉਨ੍ਹਾਂ ਕਿਹਾ ਕਿ ਇਸ ਸੜਕ ਨੂੰ ਲੋਕ ਨਿਰਮਾਣ ਵਿਭਾਗ ਵੱਲੋਂ ਬਣਾਇਆ ਜਾਵੇਗਾ ਅਤੇ ਜਲਦੀ ਹੀ ਇਸਨੂੰ ਮੁਕੰਮਲ ਕਰ ਲਿਆ ਜਾਵੇਗਾ।
ਕੈਬਨਿਟ ਮੰਤਰੀ ਸ. ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਬਟਾਲਾ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਹਨ ਅਤੇ ਸ਼ਹਿਰ ਵਾਸੀਆਂ ਨੇ ਜੋ ਵੀ ਸ਼ਹਿਰ ਦੇ ਵਿਕਾਸ ਦੀ ਮੰਗ ਉਨ੍ਹਾਂ ਕੋਲ ਰੱਖੀ ਸੀ ਉਸਨੂੰ ਪੂਰਾ ਕਰਨ ਦੇ ਯਤਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਬਹੁਤ ਸਾਰੀਆਂ ਸੜਕਾਂ ਜੋ ਕਿ ਖਸਤਾ ਹਾਲਤ ਵਿੱਚ ਸਨ, ਉਨ੍ਹਾਂ ਨੂੰ ਨਵਾਂ ਬਣਾਇਆ ਗਿਆ ਹੈ। ਹੰਸਲੀ ਨਾਲੇ ਉੱਪਰ ਤਿੰਨ ਨਵੇਂ ਹਾਈ ਲੈਵਲ ਪੁੱਲ ਬਣਾਏ ਗਏ ਹਨ ਅਤੇ ਹੰਸਲੀ ਨਾਲੇ ਦੀ ਸਾਈਡ ਲਾਇਨਿੰਗ ਅਤੇ ਸੁੰਦਰੀਕਰਨ ਦਾ ਪ੍ਰੋਜੈਕਟ ਵੀ ਮੁਕੰਮਲ ਹੋਣ ਦੇ ਨੇੜੇ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸੀਵਰੇਜ ਅਤੇ ਜਲ ਸਪਲਾਈ ਦਾ ਪ੍ਰੋਜੈਕਟ ਅਜੇ ਚੱਲ ਰਿਹਾ ਹੈ ਜਿਸ ਕਾਰਨ ਲੋਕਾਂ ਨੂੰ ਥੋੜੀ ਪਰੇਸ਼ਾਨੀ ਆ ਰਹੀ ਹੈ ਜਦੋਂ ਅਮੁਰਤ ਯੋਜਨਾ ਦਾ ਇਹ ਪ੍ਰੋਜੈਕਟ ਵੀ ਪੂਰਾ ਹੋ ਗਿਆ ਤਾਂ ਸ਼ਹਿਰ ਵਾਸੀਆਂ ਨੂੰ ਵੱਡੀ ਸਹੂਲਤ ਮਿਲੇਗੀ। ਸ. ਬਾਜਵਾ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਬਟਾਲਾ ਸ਼ਹਿਰ ਦਾ ਰਿਕਾਰਡ ਵਿਕਾਸ ਹੋਇਆ ਹੈ ਅਤੇ ਰਹਿੰਦੇ ਵਿਕਾਸ ਕਾਰਜਾਂ ਵਿੱਚ ਵੀ ਗ੍ਰਾਂਟ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਸ. ਬਾਜਵਾ ਨੇ ਨਾਲ ਮੇਅਰ ਸੁਖਦੀਪ ਸਿੰਘ ਤੇਜਾ, ਚੇਅਰਮੈਨ ਸ੍ਰੀ ਕਸਤੂਰੀ ਲਾਲ ਸੇਠ, ਸੀਨੀਅਰ ਡਿਪਟੀ ਮੇਅਰ ਸੁਨੀਲ ਸਰੀਨ, ਡਿਪਟੀ ਮੇਅਰ ਚੰਦਰਕਾਂਤਾ, ਕੌਂਸਲਰ ਹਰਨੇਕ ਸਿੰਘ ਨੇਕੀ, ਪ੍ਰਭਜੋਤ ਸਿੰਘ ਚੱਠਾ, ਸੁਖਦੇਵ ਸਿੰਘ ਬਾਜਵਾ, ਗੌਤਮ ਸੇਠ ਗੁੱਡੂ, ਦਵਿੰਦਰ ਸਿੰਘ, ਰਮੇਸ਼ ਵਰਮਾਂ, ਰਿੰਕੂ ਬਾਜਵਾ, ਰਾਜਾ ਗੁਰਬਖਸ਼ ਸਿੰਘ ਤੇ ਹੋਰ ਮੋਹਤਬਰ ਵੀ ਹਾਜ਼ਰ ਸਨ।