ਸੁਰੱਖਿਆ ਫੋਰਸਾਂ ਦੇ ਬਹਾਦਰ ਯੋਧਿਆਂ ਦੀਆਂ ਕੁਰਬਾਨੀ ਸਦਕਾ ਹੀ ਕਾਇਮ ਹੈ ਅਮਨ-ਸ਼ਾਂਤੀ – ਐੱਸ.ਐੱਸ.ਪੀ. ਬਟਾਲਾ
ਬਟਾਲਾ ਪੁਲਿਸ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੂਰੀ ਤਰਾਂ ਵਚਨਬੱਧ
ਬਟਾਲਾ, 21 ਅਕਤੂਬਰ ( ਮੰਨਣ ਸੈਣੀ ) – ਪੰਜਾਬ ਪੁਲਿਸ ਦੇ ਬਹਾਦਰ ਜਵਾਨਾਂ ਨੇ ਹਮੇਸ਼ਾਂ ਹੀ ਸੂਬੇ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਦਿਆਂ ਵੱਡੀਆਂ ਕੁਰਬਾਨੀਆਂ ਦੇ ਕੇ ਸ਼ਾਨਾਮੱਤਾ ਇਤਿਹਾਸ ਸਿਰਜਿਆ ਹੈ। ਪੰਜਾਬ ਪੁਲਿਸ ਨੂੰ ਆਪਣੇ ਉਨਾਂ ਮਹਾਨ ਸ਼ਹੀਦਾਂ ਉੱਪਰ ਹਮੇਸ਼ਾਂ ਫ਼ਖਰ ਰਹੇਗਾ ਜਿਨਾਂ ਦੀ ਬਦੌਲਤ ਸੂਬਾ ਪੰਜਾਬ ਅੱਤਵਾਦ ਦੇ ਕਾਲੇ ਦੌਰ ਵਿਚੋਂ ਬਾਹਰ ਨਿਕਲ ਸਕਿਆ ਸੀ।
ਇਹ ਪ੍ਰਗਟਾਵਾ ਐੱਸ.ਐੱਸ.ਪੀ. ਬਟਾਲਾ ਸ. ਮੁਖਵਿੰਦਰ ਸਿੰਘ ਭੁੱਲਰ ਨੇ ਅੱਜ ਸਥਾਨਕ ਪੁਲਸ ਲਾਈਨ ਵਿਖੇ ਸੋਗ ਪਰੇਡ ਦਿਵਸ (ਪੁਲਿਸ ਕੋਮੈਮੋਰੇਸ਼ਨ ਡੇਅ ਪਰੇਡ) ਮੌਕੇ ਸ਼ਹੀਦ ਹੋਏ ਪੰਜਾਬ ਪੁਲਸ ਤੇ ਹੋਰ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਟ ਕਰਦਿਆਂ ਆਪਣੇ ਸੰਬੋਧਨ ਦੌਰਾਨ ਕੀਤਾ। ਉਨਾਂ ਕਿਹਾ ਕਿ ਅੱਜ ਦੇ ਦਿਨ 21 ਅਕਤੂਬਰ 1959 ਨੂੰ ਲਦਾਖ ਦੇ ਹੌਟ ਸਪਰਿੰਗਜ਼ ਵਿਖੇ ਚੀਨ ਦੇ ਬਾਰਡਰ ’ਤੇ ਪੈਟਰੋਲਿੰਗ ਕਰ ਰਹੀ ਸੀ.ਆਰ.ਪੀ.ਐੱਫ ਦੀ ਟੁੱਕੜੀ ’ਤੇ ਚੀਨੀ ਫੌਜੀਆਂ ਨੇ ਘਾਤ ਲਗਾ ਕੇ ਹਮਲਾ ਕੀਤਾ ਸੀ, ਜਿਸਦਾ ਸਾਡੇ ਦੇਸ਼ ਦੇ ਜਵਾਨਾਂ ਨੇ ਬੜੀ ਦਲੇਰੀ ਤੇ ਬਹਾਦਰੀ ਨਾਲ ਮੁਕਾਬਲਾ ਕੀਤਾ ਅਤੇ ਦੇਸ਼ ਦੀ ਰਾਖੀ ਲਈ ਇਹ ਜਵਾਨ ਸ਼ਹਾਦਤ ਪ੍ਰਾਪਤ ਕਰ ਗਏ ਸਨ। ਉਨਾਂ ਸ਼ਹੀਦਾਂ ਦੀ ਯਾਦ ਵਿਚ ਸਾਲ 1960 ਤੋਂ ਦੇਸ਼ ਦੀਆਂ ਸਾਰੀਆਂ ਪੁਲਿਸ ਫੋਰਸਿਜ਼, ਸੁਰੱਖਿਆ ਬਲਾਂ ਵਲੋਂ ਲਏ ਗਏ ਫੈਸਲੇ ਮੁਤਾਬਕ ਹਰ ਸਾਲ 21 ਅਕਤੂਬਰ ਦਾ ਦਿਨ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਜਾਨਾਂ ਵਾਰਨ ਵਾਲੇ ਬਹਾਦਰ ਜਵਾਨਾਂ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਹੈ।
ਐੱਸ.ਐੱਸ.ਪੀ. ਬਟਾਲਾ ਸ. ਮੁਖਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਸ਼ਹੀਦ ਦੇਸ਼ ਤੇ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਪੂਰਾ ਦੇਸ਼ ਹਮੇਸ਼ਾਂ ਆਪਣੇ ਸ਼ਹੀਦਾਂ ਦਾ ਕਰਜ਼ਦਾਰ ਰਹੇਗਾ। ਉਨਾਂ ਦੱਸਿਆ ਕਿ ਪੰਜਾਬ ਪੁਲਿਸ ਨੇ ਅੱਤਵਾਦ ਨੂੰ ਖਤਮ ਕਰਨ ਲਈ ਬੜੀ ਬਹਾਦਰੀ ਨਾਲ ਲੜਾਈ ਲੜੀ ਹੈ ਅਤੇ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਤੋਂ ਲੈ ਕੇ ਸਿਪਾਹੀ ਤੱਕ ਨੇ ਸ਼ਹਾਦਤ ਦਾ ਜਾਮ ਪੀਤਾ ਹੈ। ਉਨਾਂ ਕਿਹਾ ਕਿ ਅੱਤਵਾਦ ਨੂੰ ਖਤਮ ਕਰਨ ਲਈ ਪੁਲਿਸ ਜ਼ਿਲਾ ਬਟਾਲਾ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਅਤੇ ਬਟਾਲਾ ਪੁਲਿਸ ਦੇ 117 ਜਵਾਨਾਂ ਨੇ ਅਮਨ ਸ਼ਾਂਤੀ ਕਾਇਮ ਕਰਨ ਲਈ ਆਪਣੀਆਂ ਜਾਨਾਂ ਵਾਰ ਕੇ ਸ਼ਹਾਦਤਾਂ ਪਾਈਆਂ ਹਨ। ਉਨਾਂ ਕਿਹਾ ਕਿ ਸ਼ਹੀਦਾਂ ਦਾ ਪਰਿਵਾਰ ਸਾਡਾ ਪਰਿਵਾਰ ਹੈ ਅਤੇ ਪੁਲਿਸ ਵਿਭਾਗ ਸ਼ਹੀਦ ਪਰਿਵਾਰਾਂ ਦੇ ਹਰ ਦੁੱਖ-ਸੁੱਖ ਦੀ ਘੜੀ ਵਿੱਚ ਉਨਾਂ ਦੇ ਨਾਲ ਖੜਾ ਹੈ।
ਐੱਸ.ਐਸ.ਪੀ. ਬਟਾਲਾ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਜਿਥੇ ਅੱਤਵਾਦ ਖਿਲਾਫ ਲੜਾਈ ਲੜੀ ਹੈ ਓਥੇ ਨਸ਼ਿਆਂ ਖਿਲਾਫ ਵੀ ਜੰਗ ਲੜੀ ਜਾ ਰਹੀ ਹੈ। ਉਨਾਂ ਕਿਹਾ ਕਿ ਨਸ਼ਾ ਮੁਕਤੀ ਮੁਹਿੰਮ ਤਹਿਤ ਬਟਾਲਾ ਪੁਲਿਸ ਨੇ ਨਸ਼ੇ ਦੀਆਂ ਵੱਡੀਆਂ ਖੇਪਾਂ ਫੜੀਆਂ ਹਨ। ਉਨਾਂ ਕਿਹਾ ਕਿ ਬਟਾਲਾ ਪੁਲਿਸ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਡੀ.ਐੱਸ.ਪੀ. ਸੁਖਨਿੰਦਰ ਸਿੰਘ ਦੀ ਕਮਾਂਡ ਹੇਠ ਬਟਾਲਾ ਪੁਲਿਸ ਦੇ ਜਵਾਨਾਂ ਨੇ ਸ਼ੋਕ ਸਲਾਮੀ ਦੌਰਾਨ ਹਥਿਆਰ ਉਲਟੇ ਕਰਕੇ ਸ਼ਹੀਦ ਅਫਸਰਾਂ ਤੇ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਦੋ ਮਿੰਟ ਦਾ ਮੌਨ ਧਾਰਨ ਕੀਤਾ। ਇਸ ਮੌਕੇ ਐੱਸ.ਪੀ. ਹੈੱਡ-ਕੁਆਟਰ ਸ. ਗੁਰਪ੍ਰੀਤ ਸਿੰਘ ਨੇ ਪਿਛਲੇ ਇੱਕ ਸਾਲ ਦੌਰਾਨ ਦੇਸ਼ ਭਰ ਵਿੱਚ ਸ਼ਹੀਦ ਹੋਏ 377 ਸੁਰੱਖਿਆ ਜਵਾਨਾਂ ਦੇ ਨਾਮ ਪੜ੍ਹ ਕੇ ਉਨਾਂ ਨੂੰ ਸ਼ਰਧਾਂਜਲੀ ਦਿੱਤੀ।
ਇਸ ਮੈਕੇ ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ, ਐੱਸ.ਪੀ. ਹੈੱਡ-ਕੁਆਟਰ ਸ. ਗੁਰਪ੍ਰੀਤ ਸਿੰਘ ਗਿੱਲ, ਐੱਸ.ਪੀ. ਜਗਬਿੰਦਰ ਸਿੰਘ ਸੰਧੂ, ਡੀ.ਐੱਸ.ਪੀ. ਹਰਵਿੰਦਰ ਸਿੰਘ ਗਿੱਲ, ਡੀ.ਐੱਸ.ਪੀ. ਦੇਵ ਸਿੰਘ, ਸਮੂਹ ਐੱਸ.ਐੱਚ.ਓਜ਼, ਡਾ. ਹਰਪ੍ਰੀਤ ਸਿੰਘ, ਸ਼ਹੀਦ ਦੇ ਪਰਿਵਾਰਕ ਮੈਂਬਰਾਂ ਅਤੇ ਸਮਾਜ ਸੇਵੀ ਤਜਿੰਦਰ ਸਿੰਘ ਬਿਊਟੀ ਰੰਧਾਵਾ ਨੇ ਸ਼ਹੀਦੀ ਸਮਾਰਕ ’ਤੇ ਫੁੱਲ ਮਲਾਵਾਂ ਚੜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਸ਼ਹੀਦੀ ਸਮਾਗਮ ਦੇ ਅਖੀਰ ਵਿੱਚ ਐੱਸਐੱਸ.ਪੀ. ਬਟਾਲਾ ਸ. ਮੁਖਵਿੰਦਰ ਸਿੰਘ ਭੁੱਲਰ ਨੇ ਸ਼ਹੀਦ ਪੁਲਿਸ ਜਵਾਨਾਂ ਦੇ ਪਰਿਵਾਰਾਂ ਦਾ ਆਦਰ-ਮਾਣ ਕੀਤਾ ਅਤੇ ਉਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ।