Close

Recent Posts

ਹੋਰ ਦੇਸ਼ ਪੰਜਾਬ ਮੁੱਖ ਖ਼ਬਰ

ਸਿੱਖਿਆ ਵਿਭਾਗ ਨੇ 6635 ਈ.ਟੀ.ਟੀ. ਅਧਿਆਪਕਾਂ ਦੀਆਂ ਅਸਾਮੀਆਂ ਲਈ ਭਰਤੀ ਪ੍ਰੀਖਿਆ ਲਈ

ਸਿੱਖਿਆ ਵਿਭਾਗ ਨੇ 6635 ਈ.ਟੀ.ਟੀ. ਅਧਿਆਪਕਾਂ ਦੀਆਂ ਅਸਾਮੀਆਂ ਲਈ ਭਰਤੀ ਪ੍ਰੀਖਿਆ ਲਈ
  • PublishedOctober 16, 2021

• ਅਬੋਹਰ ਅਤੇ ਜਲਾਲਾਬਾਦ ਦੇ ਇਕ-ਇਕ ਪ੍ਰੀਖਿਆ ਕੇਂਦਰ ‘ਚ ਦੋ ਫਰਜ਼ੀ ਕੇਸ ਫੜੇ

• 95 ਪ੍ਰੀਖਿਆ ਕੇਂਦਰਾਂ ਵਿੱਚ 19963 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ

ਚੰਡੀਗੜ੍ਹ, 16 ਅਕਤੂਬਰ:- ਸਿੱਖਿਆ ਮੰਤਰੀ ਸ. ਪਰਗਟ ਸਿੰਘ ਵੱਲੋਂ ਵਿਭਾਗ ਵਿੱਚ ਚੱਲ ਰਹੀਆਂ ਵੱਖ-ਵੱਖ ਭਰਤੀ ਪ੍ਰਕਿਰਿਆਵਾਂ ਨੂੰ ਸਮਾਂ ਰਹਿੰਦਿਆਂ ਮੁਕੰਮਲ ਕਰਵਾਉਣ ਦੇ ਦਿੱਤੇ ਨਿਰਦੇਸ਼ਾਂ ਤਹਿਤ ਸਿੱਖਿਆ ਭਰਤੀ ਡਾਇਰੈਕਟੋਰੇਟ ਵੱਲੋਂ ਅੱਜ ਈ.ਟੀ.ਟੀ. ਅਧਿਆਪਕਾਂ ਦੀਆਂ 6635 ਅਸਾਮੀਆਂ ਲਈ ਭਰਤੀ ਪ੍ਰੀਖਿਆ ਕਰਵਾਈ ਗਈ।

ਸਕੱਤਰ ਸਕੂਲ ਸਿੱਖਿਆ ਸ੍ਰੀ ਅਜੋਏ ਸ਼ਰਮਾ ਨੇ ਵਿਭਾਗ ਨੇ ਪ੍ਰੀਖਿਆ ਪ੍ਰਬੰਧਾਂ ਉਤੇ ਤਸੱਲੀ ਜ਼ਾਹਰ ਕਰਦਿਆਂ ਕਿਹਾ ਕਿ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਬਹੁਤ ਹੀ ਵਧੀਆ ਕਾਰਜ ਨੇਪਰੇ ਚੜ੍ਹਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ 18,900 ਅਧਿਆਪਕਾਂ ਦੀ ਭਰਤੀ ਲਈ ਪ੍ਰਕਿਰਿਆ ਆਰੰਭੀ ਹੋਈ ਹੈ ਜੋ ਜਲਦ ਹੀ ਮੁਕੰਮਲ ਕਰ ਕੇ ਚੁਣੇ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਾਣਗੇ।

ਅੱਜ ਹੋਈ ਪ੍ਰੀਖਿਆ ਬਾਰੇ ਜਾਣਕਾਰੀ ਦਿੰਦਿਆਂ ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਅਤੇ ਭਰਤੀ ਬੋਰਡ ਦੇ ਅਧਿਕਾਰੀ ਡਾ. ਜਰਨੈਲ ਸਿੰਘ ਕਾਲੇਕੇ ਨੇ ਦੱਸਿਆ ਕਿ ਪੰਜਾਬ ਦੇ 7 ਜ਼ਿਲਿਆਂ ਵਿੱਚ 95 ਪ੍ਰੀਖਿਆ ਕੇਂਦਰ ਬਣਾਏ ਗਏ ਜਿਨ੍ਹਾਂ ਵਿੱਚ 22982 ਉਮੀਦਵਾਰਾਂ ਵਿੱਚੋਂ 19963 ਉਮੀਦਵਾਰਾਂ ਨੇ ਹਾਜ਼ਰ ਹੋ ਕੇ ਪ੍ਰੀਖਿਆ ਦਿੱਤੀ ਜੋ ਕਿ 86.86 ਫੀਸਦੀ ਰਹੀ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਪ੍ਰੀਖਿਆ ਕੇਂਦਰਾਂ ਵਿੱਚ ਨਿਗਰਾਨ ਅਮਲੇ ਨੇ ਚੁਸਤੀ ਫੁਰਤੀ ਦਿਖਾ ਕੇ 2 ਫਰਜ਼ੀ (ਇਮਪਰਸੋਨੇਸ਼ਨ) ਕੇਸ ਫੜ੍ਹੇ। ਇੱਕ ਕੇਸ ਜਲਾਲਾਬਾਦ ਦੇ ਪ੍ਰੀਖਿਆ ਕੇਂਦਰ ਅਤੇ ਇੱਕ ਕੇਸ ਅਬੋਹਰ ਦੇ ਪ੍ਰੀਖਿਆ ਕੇਂਦਰ ਵਿੱਚ ਸਾਹਮਣੇ ਆਇਆ ਜਿੱਥੇ ਉਮੀਦਵਾਰ ਦੀ ਥਾਂ ਹੋਰ ਦੂਜਾ ਵਿਅਕਤੀ ਪ੍ਰੀਖਿਆ ਦਿੰਦਾ ਫੜਿਆ ਗਿਆ। ਇਨ੍ਹਾਂ ਦੋਵੇਂ ਕੇਸਾਂ ਵਿੱਚ ਅਗਲੇਰੀ ਕਾਰਵਾਈ ਕਰ ਦਿੱਤੀ ਗਈ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਜਿਹੜੇ ਉਮੀਦਵਾਰ ਇਮਪਰਸੋਨੇਸ਼ਨ ਦੇ ਕੇਸਾਂ ਵਿੱਚ ਸ਼ਾਮਲ ਪਾਏ ਗਏ ਹਨ ਉਨ੍ਹਾਂ ਨੂੰ ਬਲੈਕ ਲਿਸਟ ਕਰ ਦਿੱਤਾ ਜਾਵੇਗਾ ਅਤੇ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਵੀ ਵਿਭਾਗ ਵੱਲੋਂ ਕੀਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੀ ਭਰਤੀ ਦੇ ਇਮਤਿਹਾਨਾਂ ਵਿੱਚ ਨਕਲ ਜਾਂ ਇਮਪਰਸੋਨੇਸ਼ਨ ਦੇ ਕੇਸਾਂ ਵਿੱਚ ਸਖ਼ਤੀ ਵਰਤੀ ਜਾਵੇਗੀ।

Written By
The Punjab Wire