ਸਿਹਤ ਹੋਰ ਗੁਰਦਾਸਪੁਰ ਪੰਜਾਬ ਮੁੱਖ ਖ਼ਬਰ

ਐਸ.ਐਸ.ਬੀ.ਵਾਈ ਅਧੀਨ ਸੂਚੀਬੱਧ ਹਸਪਤਾਲਾਂ ਦੇ ਹਿੱਤ ਸੁਰੱਖਿਅਤ ਕੀਤੇ ਜਾਣਗੇ; ਓ.ਪੀ. ਸੋਨੀ ਵੱਲੋਂ ਬੀਮਾ ਕੰਪਨੀ ਨੂੰ ਹਸਪਤਾਲਾਂ ਨਾਲ ਮਿਲ ਕੇ ਕੰਮ ਕਰਨ ਦੇ ਨਿਰਦੇਸ਼

ਐਸ.ਐਸ.ਬੀ.ਵਾਈ ਅਧੀਨ ਸੂਚੀਬੱਧ ਹਸਪਤਾਲਾਂ ਦੇ ਹਿੱਤ ਸੁਰੱਖਿਅਤ ਕੀਤੇ ਜਾਣਗੇ; ਓ.ਪੀ. ਸੋਨੀ ਵੱਲੋਂ ਬੀਮਾ ਕੰਪਨੀ ਨੂੰ ਹਸਪਤਾਲਾਂ ਨਾਲ ਮਿਲ ਕੇ ਕੰਮ ਕਰਨ ਦੇ ਨਿਰਦੇਸ਼
  • PublishedOctober 15, 2021

ਸਿਹਤ ਬੀਮਾ ਯੋਜਨਾ ‘ਚ 15 ਲੱਖ ਹੋਰ ਪਰਿਵਾਰਾਂ ਨੂੰ ਜੋੜਨ ਦੀ ਤਜਵੀਜ਼: ਸਿਹਤ ਮੰਤਰੀ

ਚੰਡੀਗੜ੍ਹ, 15 ਅਕਤੂਬਰ : ਸਰਕਾਰ ਵੱਲੋਂ ਸ਼ੁਰੂ ਕੀਤੀ ਸਿਹਤ ਬੀਮਾ ਯੋਜਨਾ ਸੂਬੇ ਵਿਚ ਪੂਰੀ ਸਫਲਤਾ ਨਾਲ ਚੱਲ ਰਹੀ ਹੈ ਅਤੇ ਇਸ ਯੋਜਨਾ ਅਧੀਨ 15 ਲੱਖ ਹੋਰ ਪਰਿਵਾਰਾਂ ਨੂੰ ਕਵਰ ਕਰਨ ਲਈ ਇਸ ਦਾ ਦਾਇਰਾ ਵਧਾਇਆ ਜਾਵੇਗਾ।

ਇੱਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਇਸ ਬਾਰੇ ਜਾਣਕਾਰੀ ਦਿੰਦਿਆਂ ਉੱਪ ਮੁੱਖ ਮੰਤਰੀ ਕਮ ਸਿਹਤ ਮੰਤਰੀ ਪੰਜਾਬ ਸ੍ਰੀ ਓ.ਪੀ. ਸੋਨੀ ਨੇ ਕਿਹਾ ਕਿ ਇਸ ਨਾਲ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਰਹਿ ਗਏ ਸਮਾਜ ਦੇ ਹੋਰ ਵਰਗਾਂ ਨੂੰ ਵੀ ਲਾਭ ਮਿਲ ਸਕੇਗਾ। ਦੱਸਣਯੋਗ ਹੈ ਕਿ ਇਸ ਸਕੀਮ ਅਧੀਨ ਸਲਾਨਾ 5 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਦਿੱਤਾ ਜਾਂਦਾ ਹੈ।

ਸਕੱਤਰ ਸਿਹਤ, ਸੰਯੁਕਤ ਸਕੱਤਰ ਸਿਹਤ, ਐਸਐਚਏ ਅਧਿਕਾਰੀ, ਬੀਮਾ ਕੰਪਨੀ ਦੇ ਨੁਮਾਇੰਦੇ ਅਤੇ ਆਈਐਮਏ ਦੇ ਨੁਮਾਇੰਦਿਆਂ ਨਾਲ ਮੀਟਿੰਗ ਤੋਂ ਬਾਅਦ ਸ਼੍ਰੀ ਓ.ਪੀ. ਸੋਨੀ ਨੇ ਕਿਹਾ ਕਿ ਬੀਮਾ ਕੰਪਨੀ ਵੱਲੋਂ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਸੂਚੀਬੱਧ ਇੱਕ ਨਿੱਜੀ ਹਸਪਤਾਲ ਦੀ ਸੂਚੀਬੱਧਤਾ ਮੁਅੱਤਲ ਕਰਨ ਸਬੰਧੀ ਪਿਛਲੇ ਦਿਨੀਂ ਪ੍ਰਕਾਸ਼ਿਤ ਇੱਕ ਖਬਰ ਦਾ ਨੋਟਿਸ ਲੈਂਦਿਆਂ ਇਸ ਮਸਲੇ ਦੇ ਹੱਲ ਲਈ ਇਹ ਵਿਸ਼ੇਸ਼ ਮੀਟਿੰਗ ਸੱਦੀ ਗਈ। ਸਬੰਧਤ ਭਾਈਵਾਲਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਉਪ ਮੁੱਖ ਮੰਤਰੀ ਨੇ  ਬੀਮਾ ਕੰਪਨੀ ਨੂੰ ਸੂਚੀਬੱਧ ਨਿੱਜੀ ਹਸਪਤਾਲਾਂ ਦੀ ਮੁਅੱਤਲੀ ਨੂੰ ਰੱਦ ਕਰਨ ਦੇ ਨਿਰਦੇਸ਼ ਦਿੱਤੇ ਜਿਨ੍ਹਾਂ ਨੂੰ ਬੀਮਾ ਕੰਪਨੀ ਨੇ ਆਪਣੇ ਆਪ ਮੁਅੱਤਲ ਕਰ ਦਿੱਤਾ ਸੀ। 
ਸ਼੍ਰੀ ਓ.ਪੀ. ਸੋਨੀ ਨੇ ਆਈ.ਐਮ.ਏ. ਨੂੰ ਭਰੋਸਾ ਦਿਵਾਇਆ ਕਿ ਪ੍ਰਾਈਵੇਟ ਹਸਪਤਾਲਾਂ ਦੇ ਸਾਰੇ ਮਸਲੇ ਹੱਲ ਕੀਤੇ ਜਾਣਗੇ ਅਤੇ ਉਨ੍ਹਾਂ ਦੇ ਹਿੱਤ ਸੁਰੱਖਿਅਤ ਕੀਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਬੀਮਾ ਕੰਪਨੀ ਵੱਲੋਂ ਪ੍ਰਾਈਵੇਟ ਹਸਪਤਾਲਾਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਉਨ੍ਹਾਂ ਬੀਮਾ ਕੰਪਨੀ ਨੂੰ ਹਸਪਤਾਲਾਂ ਨਾਲ ਮਿਲ ਕੇ ਕੰਮ ਕਰਨ ਲਈ ਕਿਹਾ।ਉਨ੍ਹਾਂ ਕਿਹਾ ਕਿ ਸਰਕਾਰ ਦਾ ਧਿਆਨ ਸਮਾਜ ਦੀ ਸਿੱਖਿਆ ਅਤੇ ਸਿਹਤ ’ਤੇ ਕੇਂਦਰਿਤ ਹੈ ਅਤੇ ਇਸ ’ਚ ਵੱਡੇ ਸੁਧਾਰ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਨਿੱਜੀ ਹਸਪਤਾਲਾਂ ਨੂੰ ਉਸੇ ਸਮਰਪਣ ਅਤੇ ਜੋਸ਼ ਨਾਲ ਕੰਮ ਕਰਦੇ ਰਹਿਣ ਦੀ ਲੋੜ ਹੈ ਜਿਸ ਤਰ੍ਹਾਂ ਉਨ੍ਹਾਂ ਨੇ ਕੋਰੋਨਾ ਕਾਲ ਵਿਚ ਕਰ ਕੇ ਵਿਖਾਇਆ।  

Written By
The Punjab Wire