ਸ਼ਹੀਦ ਲਛਮਣ ਸਿੰਘ ਗੁਰਦੁਆਰਾ ਸਾਹਿਬ ਗੋਧਰਪੁਰ, ਗੁਰਦੁਅਰਾ ਸਾਹਿਬ ਨਿੱਕੇ ਘੁੰਮਣ, ਸ਼ਿਵ ਮੰਦਿਰ ਕਲਾਨੋਰ ਤੇ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ
ਪੰਜਾਬ ਸਰਕਾਰ, ਲੋਕਾਂ ਦੇ ਮੁੱਖ ਮੁੱਦੇ ਹੱਲ ਕਰਨ ਲਈ ਵਚਨਬੱਧ-ਉੱਪ ਮੰਤਰੀ ਪੰਜਾਬ ਸ. ਰੰਧਾਵਾ
ਕਲਾਨੋਰ (ਗੁਰਦਾਸਪੁਰ) , 3 ਅਕਤੂਬਰ ( ਮੰਨਣ ਸੈਣੀ) ਸ. ਸੁਖਜਿੰਦਰ ਸਿੰਘ ਰੰਧਾਵਾ, ਉੱਪ ਮੁੱਖ ਮੰਤਰੀ ਪੰਜਾਬ ਬਣਨ ਉਪਰੰਤ ਅੱਜ ਆਪਣੇ ਜੱਦੀ ਜ਼ਿਲੇ ਗੁਰਦਾਸਪੁਰ ਵਿਖੇ ਪੁਹੰਚੇ ਅਤੇ ਸ਼ਹੀਦ ਲਛਮਣ ਸਿੰਘ ਗੁਰਦੁਆਰਾ ਸਾਹਿਬ, ਗੋਧਰਪੁਰ ਵਿਖੇ ਨਤਮਸਤਕ ਹੋਏ। ਇਸ ਮੌਕੇ ਪੰਜਾਬ ਪੁਲਿਸ ਗੁਰਦਸਾਪੁਰ ਦੀ ਟੁਕੜੀ ਵਲੋਂ ਸਲਾਮੀ ਦਿੱਤੀ ਗਈ। ਇਸ ਮੌਕੇ ਐਸ ਪੀ ਐਸ ਪਰਮਾਰ, ਆਈ ਜੀ ਬਾਰਡਰ ਰੇਜ, ਅੰਮ੍ਰਿਤਸਰ, ਬਰਿੰਦਰਮੀਤ ਸਿੰਘ ਪਾਹੜਾ, ਹਲਕਾ ਵਿਧਾਇਕ ਗੁਰਦਾਸਪੁਰ, ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ, ਡਾ. ਨਾਨਕ ਸਿੰਘ ਐਸ.ਐਸ.ਪੀ ਗੁਰਦਾਸਪੁਰ, ਹਰਪ੍ਰੀਤ ਸਿੰਘ ਐਸ.ਡੀ.ਐਮ ਕਲਾਨੋਰ/ਡੇਰਾ ਬਾਬਾ ਨਾਨਕ, ਰੋਸ਼ਨ ਜੋਸਫ ਪ੍ਰਧਾਨ ਜ਼ਿਲ੍ਹਾ ਕਾਂਗਰਸ ਪਾਰਟੀ ਗੁਰਦਾਸਪੁਰ, ਐਚ.ਐਸ ਸੰਧੂ ਐਸ.ਪੀ (ਹੈੱਡਕੁਆਟਰ) ਗੁਰਦਾਸਪੁਰ ਅਤੇ ਵੱਡੀ ਗਿਣਤੀ ਵਿਚ ਹਲਕਾ ਵਾਸੀ ਮੋਜੂਦ ਸਨ। ਇਸ ਮੋਕੇ ਹਲਕਾ ਡੇਰਾ ਬਾਬਾ ਨਾਨਕ ਦੇ ਲੋਕਾਂ ਵਲੋਂ ਪੂਰੀ ਗਰਮਜੋਸੀ ਨਾਲ ਭਰਵਾਂ ਸਵਾਗਤ ਕੀਤਾ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗ੍ਰਹਿ ਮੰਤਰੀ ਪੰਜਾਬ ਸ. ਰੰਧਾਵਾ ਨੇ ਕਿਹਾ ਕਿ ਸੂਬੇ ਅੰਦਰ ਤਬਦੀਲੀ ਆਈ ਹੈ ਅਤੇ ਘੱਟ ਸਮੇਂ ਅੰਦਰ, ਲੋਕਾਂ ਦੇ ਮੁੱਖ ਮੁੱਦੇ ਹੱਲ ਕਰਨ ਲਈ, ਸਰਕਾਰ ਪੂਰੀ ਵਾਹ ਲਾਏਗੀ। ਉਨਾਂ ਕਿਹਾ ਕਿ ਬਰਗਾੜੀ, ਬਹਿਬਲ ਕਲਾਂ, ਬਿਜਲੀ, ਨਸ਼ੇ ਤੇ ਟਰਾਂਸਪੋਰਟ ਆਦਿ ਅਜਿਹੇ ਮੁੱਦੇ ਹਨ, ਜਿਸ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਾ, ਸਰਕਾਰ ਦੀ ਤਰਜੀਹ ਹੈ। ਉਨਾਂ ਕਿਹਾ ਕਿ ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਾਵੇਗਾ, ਪਰ ਜਿਨਾਂ ਲੋਕਾਂ ਨੇ ਗਲਤ ਕੰਮ ਕੀਤੇ ਹਨ, ਉਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਉੱਪ ਮੁੱਖ ਮੰਤਰੀ ਪੰਜਾਬ ਸ. ਰੰਧਾਵਾ ਨੇ ਕਿਹਾ ਕਿ ਤਿੰਨੇ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਹਨ ਅਤੇ ਮੋਦੀ ਸਰਕਾਰ ਨੂੰ ਆਪਣੀ ਹੱਠ ਛੱਡ ਕੇ ਕਿਸਾਨੀ ਮਸਲੇ ਹੱਲ ਕਰਨੇ ਚਾਹੀਦੇ ਹਨ। ਉਨਾਂ ਅੱਗੇ ਕਿਹਾ ਕਿ ਮੋਦੀ ਸਰਕਾਰ, ਤਾਨਾਸ਼ਾਹੀ ਵਾਲਾ ਰਵੱਈਆ ਅਖਤਿਆਰ ਕਰਕੇ ਬੈਠੀ ਹੈ ਅਤੇ ਦੇਸ਼ ਵਿਚ ਲੋਕਰਾਜ ਦੇ ਨਾਂਅ ਦੀ ਕੋਈ ਸਰਕਾਰ ਨਹੀਂ ਹੈ। ਉਨਾਂ ਕਿਹਾ ਕਿ ਲੋਕਤੰਤਰ ਵਿਚ ਲੋਕਾਂ ਦਾ ਰਾਜ ਹੁੰਦਾ ਹੈ ਅਤੇ ਲੋਕਤੰਤਰ ਵਿਚ ਤਾਨਾਸ਼ਾਹੀ ਦੀ ਕੋਈ ਥਾਂ ਨਹੀਂ ਹੁੰਦੀ ਹੈ।
ਸ. ਰੰਧਾਵਾ ਨੇ ਅੱਗੇ ਕਿਹਾ ਕਿ ਅੱਜ ਤੋਂ ਸੂਬੇ ਅੰਦਰ ਝੋਨੇ ਦੀ ਫਸਲ ਦੀ ਖਰੀਦ ਸ਼ੁਰੂ ਹੋ ਗਈ ਹੈ ਅਤੇ ਫਸਲ ਦਾ ਦਾਣਾ-ਦਾਣਾ ਖਰੀਦ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਪੁਲਿਸ ਵਿਭਾਗ ਨੂੰ ਦੂਜੇ ਸੂਬਿਆਂ ਤੋਂ ਪੰਜਾਬ ਦੀਆਂ ਮੰਡੀਆਂ ਵਿਚ ਵੇਚਣ ਲਈ ਗੈਰ-ਕਾਨੂੰਨੀ ਆਉਂਦੇ ਚੌਲ ਅਤੇ ਝੋਨੇ ਨੂੰ ਸੂਬੇ ਅੰਦਰ ਦਾਖਲ ਨਾ ਹੋਣ ਦੇ ਸਖ਼ਤੀ ਨਾਲ ਨਿਰਦੇਸ਼ ਦਿੱਤੇ ਜਾ ਚੁੱਕੇ ਹਨ।
ਇਕ ਸਵਾਲ ਦੇ ਜਵਾਬ ਵਿਚ ਸ. ਰੰਧਾਵਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਕੱਦ ਮੁਤਾਬਕ ਗੱਲ ਕਰਨੀ ਚਾਹੀਦੀ ਹੈ ਅਤੇ ਕਾਂਗਰਸ ਪਾਰਟੀ ਵਲੋਂ ਉਨਾਂ ਨੂੰ ਬਹੁਤ ਮਾਣ-ਸਨਮਾਨ ਦਿੱਤਾ ਗਿਆ ਹੈ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆਂ ਵਲੋਂ ਪੰਜਾਬ ਪੁਲਿਸ ਦੀ ਭਰਤੀ ਵਿਚ ਹੋਏ ਘੁਟਾਲੇ ਸਬੰਧੀ ਦਿੱਤੇ ਇਕ ਬਿਆਨ ਸਬੰਧੀ ਉੱਪ ਮੁੱਖ ਮੰਤਰੀ ਪੰਜਾਬ ਸ. ਰੰਧਾਵਾ ਨੇ ਕਿਹਾ ਕਿ ਮਜੀਠੀਆਂ ਅਕਸਰ ਫੋਕੀ ਸ਼ੋਹਰਤ ਹਾਸਲ ਕਰਨ ਲਈ ਕੋਈ ਨਾ ਕੋਈ ਬਿਆਨਬਾਜ਼ੀ ਕਰਦਾ ਰਹਿੰਦਾ ਹੈ। ਉਨਾਂ ਦੱਸਿਆ ਕਿ ਪੁਲਿਸ ਭਰਤੀ ਦੇ ਟੈਸਟ ਦੌਰਾਨ ਉਨਾਂ ਕੋਲ ਗ੍ਰਹਿ ਵਿਭਾਗ ਨਹੀਂ ਸੀ, ਪਰ ਹੁਣ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਇਸ ਤੋਂ ਉਪੰਰਤ ਮੁੱਖ ਮੰਤਰੀ ਪੰਜਾਬ ਸ. ਰੰਧਾਵਾ, ਗੁਰਦੁਆਰਾ ਸਾਹਿਬ ਨਿੱਕੇ ਘੁੰਮਣ ਵਿਖੇ ਨਤਮਸਤਕ ਹੋਏ ਅਤੇ ਗੁਰੂ ਘਰ ਤੋਂ ਅਸ਼ਾਰੀਵਾਦ ਲਿਆ। ਉਪਰੰਤ ਮਸਤਕੋਟ ਗਿਰਜਾ ਘਰ, ਸ਼ਿਵ ਮੰਦਿਰ ਕਲਾਨੋਰ, ਗੁਰਦੁਆਰਾ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਮੱਥਾ ਟੇਕਿਆ । ਰਸਤੇ ਵਿਚ ਹਲਕਾ ਵਾਸੀਆਂ ਵਲੋਂ ਉੱਪ ਮੰਤਰੀ ਪੰਜਾਬ ਸ. ਰੰਧਾਵਾ ਦਾ ਫੁੱਲਾਂ ਤੇ ਢੋਲ ਢਮੱਕਿਆਂ ਨਾਲ ਸ਼ਾਨਦਾਰ ਸਵਾਗਤ ਕੀਤਾ ਗਿਆ।