Close

Recent Posts

ਹੋਰ ਦੇਸ਼ ਪੰਜਾਬ ਮੁੱਖ ਖ਼ਬਰ

‘ਆਪ’ ਦੀ ਆਗਾਮੀ ਸਰਕਾਰ ‘ਚ ਭਾਗੀਦਾਰ ਬਣਨ ਕਾਰੋਬਾਰੀ: ਅਰਵਿੰਦ ਕੇਜਰੀਵਾਲ

‘ਆਪ’ ਦੀ ਆਗਾਮੀ ਸਰਕਾਰ ‘ਚ ਭਾਗੀਦਾਰ ਬਣਨ ਕਾਰੋਬਾਰੀ: ਅਰਵਿੰਦ ਕੇਜਰੀਵਾਲ
  • PublishedSeptember 29, 2021

‘ਆਪ’ ਸੁਪਰੀਮੋਂ ਕੇਜਰੀਵਾਲ ਲੁਧਿਆਣਾ ‘ਚ ਪੰਜਾਬ ਦੇ ਵਾਪਾਰੀਆਂ- ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨਾਲ ਹੋਏ ਰੂਬਰੂ

ਉਦਯੋਗ ਜਗਤ ਲਈ ਕੇਜਰੀਵਾਲ ਦੇ ਐਲਾਨ- ਨਹੀਂ ਰਹੇਗਾ ਭ੍ਰਿਸ਼ਟਾਚਾਰ ਅਤੇ ਇੰਸਪੈਕਟਰੀ ਰਾਜ, ਬੇਹਤਰੀਨ ਹੋਵੇਗੀ ਕਾਨੂੰਨ ਵਿਵਸਥਾ, 24 ਘੰਟੇ ਮਿਲੇਗੀ ਸਸਤੀ ਬਿਜਲੀ ਅਤੇ ਹੈਲਪ ਲਾਇਨ ਸੇਵਾ

-ਡਰਾਇੰਗ ਰੂਮ ‘ਚ ਬੈਠ ਕੇ ਚੋਣ ਮਨੋਰਥ ਪੱਤਰ ਤਿਆਰ ਨਹੀਂ ਕਰਦੀ ‘ਆਪ’, ਇਸ ਲਈ ਸੁਝਾਅ ਲੈਣ ਆਏ ਹਾਂ-ਭਗਵੰਤ ਮਾਨ

ਲੁਧਿਆਣਾ,  29 ਸਤੰਬਰ। ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ‘ਚ ਪੰਜਾਬ ਦੇ ਉਦਯੋਗਪਤੀਆਂ, ਵਾਪਾਰੀਆਂ ਅਤੇ ਕਾਰੋਬਾਰੀਆਂ ਨੂੰ ਆਮ ਆਦਮੀ ਪਾਰਟੀ ਅਤੇ ਪੰਜਾਬ ‘ਚ ਭਵਿੱਖ ਦੀ ‘ਆਪ’ ਸਰਕਾਰ ‘ਚ ਭਾਗੀਦਾਰ ਬਣਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਚੋਣਾ ਤੋਂ ਪਹਿਲਾ ਅਕਸਰ ਫੰਡਾਂ ਲਈ ਸਿਆਸਤਦਾਨ ਵਾਪਾਰੀਆਂ- ਕਾਰੋਬਾਰੀਆਂ ਕੋਲ ਆਉਂਦੇ ਹਨ, ਪਰ ਅੱਜ ਉਹ (ਕੇਜਰੀਵਾਲ) ਪੰਜਾਬ ਦੇ ਵਾਪਾਰੀਆਂ- ਕਾਰੋਬਾਰੀਆਂ ਅਤੇ ਉਦਯੋਗਪਤੀਆਂ ਦਾ ਸਾਥ ਮੰਗਣ ਆਏ ਹਨ।

ਕੇਜਰੀਵਾਲ ਨੇ ਉਦਯੋਗਪਤੀਆਂ ਅਤੇ ਕਾਰੋਬਾਰੀਆਂ ਨੂੰ ਇੰਸਪੈਕਟਰੀ ਰਾਜ ਤੋਂ ਪੱਕੀ ਮੁਕਤੀ ਲਈ ਇੱਕ 24 ਘੰਟੇ ਹੈਲਪ ਲਾਇਨ ਸੇਵਾ ਅਤੇ ਸੁਖ਼ਦ ਮਹੌਲ ਲਈ ਬੇਹਤਰੀਨ ਕਾਨੂੰਨ ਵਿਵਸਥਾ ਦੇਣ ਦਾ ਵਾਅਦਾ ਕੀਤਾ। ਕੇਜਰੀਵਾਲ ਨੇ ਕਿਹਾ ਕਿ ਜੇਕਰ ਉਦਯੋਗ ਜਗਤ ‘ਚ ਚੀਨ ਅਤੇ ਦੂਜੇ ਦੇਸ਼ਾਂ ਨੂੰ ਪਿੱਛੇ ਛੱਡਣਾ ਹੈ ਤਾਂ ਵਾਪਾਰ- ਕਾਰੋਬਾਰ ਪੱਖੀ ਫ਼ੈਸਲੇ ਵਾਪਾਰੀਆਂ- ਕਾਰੋਬਾਰੀਆਂ ਅਤੇ ਉਦਯੋਗਪਤੀਆਂ ਦੇ ਹੋਣਗੇ ਅਤੇ ‘ਆਪ’ ਦੀ ਸਰਕਾਰ ਉਨਾਂ ਨੂੰ ਲਾਗੂ ਕਰੇਗੀ।

ਕੇਜਰੀਵਾਲ ਨੇ ਕਿਹਾ ਕਿ ਇੰਸਪੈਕਟਰ ਰਾਜ, ਭ੍ਰਿਸ਼ਟਾਚਾਰ ਅਤੇ ਗੁੰਡਾ ਟੈਕਸ ਬਾਦਸਤੂਰ ਜਾਰੀ ਹੈ, ਜਿਸ ਨੂੰ ਸਖ਼ਤੀ ਨਾਲ ਬੰਦ ਕੀਤਾ ਜਾਵੇਗਾ। ਕੋਈ ਸਿਆਸਦਾਨ ਜਾਂ ਅਧਿਕਾਰੀ ਕਾਰੋਬਾਰੀਆਂ ਨੂੰ ਧਮਕਾ ਨਹੀਂ ਸਕੇਗਾ।

ਇੱਕ ਹੋਰ ਵੱਡਾ ਐਲਾਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਦੀ ਤਰਜ਼ ‘ਤੇ ਕਾਰੋਬਾਰੀਆਂ ਨੂੰ ਆਪਣੇ ਕੰਮਕਾਜ ਲਈ ਸਰਕਾਰੀ ਦਫ਼ਤਰਾਂ ਦੇ ਧੱਕੇ ਨਹੀਂ ਖਾਣੇ ਪੈਣਗੇ, ਸੰਬੰਧਿਤ ਵਿਭਾਗ ਦਾ ਅਧਿਕਾਰੀ- ਕਰਮਚਾਰੀ ਖ਼ੁਦ ਤੁਹਾਡੇ ਘਰ ਚੱਲ ਕੇ ਆਵੇਗਾ ਅਤੇ ਤੁਹਾਡਾ ਕੰਮ ਘਰ ਬੈਠੇ ਬੈਠਾਏ ਹੋਵੇਗਾ। ਇਸ ਤਰਾਂ ਉਦਯੋਗਾਂ ਲਈ 24 ਘੰਟੇ ਸਸਤੀ ਬਿਜਲੀ ਦੇਣ ਦਾ ਐਲਾਨ ਵੀ ਕੇਜਰੀਵਾਲ ਨੇ ਕੀਤਾ।

ਆਪਣੇ ਸੰਬੋਧਨ ‘ਚ ਮਹਾਂਭਾਰਤ ਦੇ ਯੁੱਧ ਦਾ ਹਵਾਲਾ ਦਿੰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਰੇਕ ਚੋਣ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਉਦਯੋਗਪਤੀਆਂ ਅਤੇ ਕਾਰੋਬਾਰੀਆਂ – ਵਾਪਾਰੀਆਂ ਕੋਲ ਫੰਡ ਲਈ ਆਉਂਦੀਆਂ ਹਨ, ਅੱਜ ਉਹ ਵੀ ਆਏ ਹਨ, ਪਰ ਪੈਸੇ ਲੈਣ ਨਹੀਂ, ਸਗੋਂ ਵਾਪਾਰੀਆਂ- ਉਦਯੋਗਤੀਆਂ ਦਾ ਸਾਥ ਲੈਣਾ ਚਹੁੰਦੇ ਹਨ।
ਇਸ ਦੌਰਾਨ ਕੇਜਰੀਵਾਲ ਨੇ ਸਾਇਕਲ ਉਦਯੋਗ ਨਾਲ ਸਬੰਧਤ ਡੀ.ਐਸ. ਚਾਵਲਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਚਾਵਲਾ ਜੀ ਦਾ ਸੁਪਨਾ ਹੈ ਕਿ ਭਾਰਤ ਸਾਇਕਲ ਉਦਯੋਗ ‘ਚ ਚੀਨ ਨੂੰ ਪਿੱਛੇ ਛੱਡ ਕੇ ਦੁਨੀਆਂ ਦਾ ਇੱਕ ਨੰਬਰ ਸਾਇਕਲ ਨਿਰਮਾਤਾ ਬਣੇ, ਪਰ ਸਵਾਲ ਇਹ ਹੈ ਕਿ ਪੰਜਾਬ ਅਤੇ ਕੇਂਦਰ ਸਰਕਾਰ ਦੇ ਇੱਕ ਵੀ ਮੰਤਰੀ ਦਾ ਅਜਿਹਾ ਸੁਪਨਾ ਹੈ? ਇਸ ਲਈ ਜਦ ਤੱਕ ਕੋਈ ਸਰਕਾਰ ਚਾਵਲਾ ਸਾਹਿਬ ਦੇ ਸੰਕਲਪ ਨਾਲ ਨਹੀਂ ਚੱਲੇਗੀ, ਉਦੋਂ ਤੱਕ ਭਾਰਤ ਨੰਬਰ ਇੱਕ ਨਹੀਂ ਬਣ ਸਕਦਾ।  ਮੰਚ ਤੋਂ ਉਦਯੋਗਪਤੀ ਉਪਕਾਰ ਸਿੰਘ ਆਹੂਜਾ ਵੱਲੋਂ ਉਦਯੋਗਪਤੀਆਂ ਦੀ ਸਹੂਲਤ ਲਈ ‘ਈਜ਼ ਆਫ਼ ਬਿਜਨਸ’ ਤਹਿਤ ਥਾਈਲੈਂਡ ਦੀ ਪਲੱਗ ਐਂਡ ਪਲੇਅ ਬਣੀ (ਬਣਾਈ ਇੰਡਸਟਰੀ) ਨੀਤੀ ਬਾਰੇ ਦੱਸੇ ਜਾਣ ‘ਤੇ ਟਿੱਪਣੀ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, ”ਮੈਂ ਚੁਣੌਤੀ ਦਿੰਦਾ ਹਾਂ, ਕਿਸੇ ਵੀ ਮੰਤਰੀ ਨੂੰ ਪੁੱਛ ਲਓ ‘ਪਲੱਗ ਐਂਡ ਪਲੇਅ’ ਕੀ ਹੈ, ਕਿਸੇ ਨੂੰ ਵੀ ਪਤਾ ਨਹੀਂ ਹੋਵੇਗਾ, ਖੁਦ ਮੈਨੂੰ ਵੀ ਪਤਾ ਨਹੀਂ ਸੀ। ਸਿਰਫ਼ ਤੁਹਾਨੂੰ (ਉਦਯੋਗਪਤੀਆਂ) ਨੂੰ ਪਤਾ ਹੈ।”

ਅਰਵਿੰਦ ਕੇਜਰੀਵਾਲ ਨੇ ਕਿਹਾ, ”ਉਦਯੋਗਪਤੀਆਂ ਵੱਲੋਂ ਇਹ ਕਹਿਣਾ ਕਿ ਜੇ ਮੌਕਾ ਮਿਲੇ ਤਾਂ ਲੁਧਿਆਣਾ ਅਸਲੀ ਮੈਨਚੈਸਟਰ (ਇੰਗਲੈਂਡ) ਨੂੰ ਵੀ ਪਿੱਛੇ ਛੱਡ ਸਕਦਾ ਹੈ। ਤੁਹਾਡਾ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਦੇ ਇਸ ਵਿਸ਼ਵਾਸ਼ ਅਤੇ ਦੂਰਦਰਸ਼ਤਾ  ਅੱਗੇ ਸਿਰ ਝੁਕਦਾ ਹੈ।” ਕੇਜਰੀਵਾਲ ਨੇ ਸੁਝਾਅ ਦਿੱਤਾ, ”ਕਿਉਂਕਿ ਉਦਯੋਗਪਤੀਆਂ, ਕਾਰੋਬਾਰੀਆਂ ਅਤੇ ਵਾਪਾਰੀਆਂ ਦੀਆਂ ਕੁੱਝ ਸਾਂਝੀਆਂ ਅਤੇ ਕਈ ਵੱਖੋਂ -ਵੱਖਰੀਆਂ ਸਮੱਸਿਆਵਾਂ ਹਨ। ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤਾਂ ਇੱਕ ਉਦਯੋਗ ਅਤੇ ਕਾਰੋਬਾਰ ‘ਤੇ ਅਧਾਰਿਤ ਨੁੰਮਾਇੰਦਿਆਂ ਦਾ ਇੱਕ ਪੈਨਲ ਬਣੇਗਾ, ਜੋ ਹਰ 15 ਦਿਨਾਂ ਬਾਅਦ ਮੁੱਖ ਮੰਤਰੀ ਨੂੰ ਮਿਲੇਗਾ। ਉਥੇ ਸਾਰੀ ਸੰਬੰਧਤ ਅਫ਼ਸਰਸ਼ਾਹੀ ਵੀ ਮੌਜ਼ੂਦ ਹੋਵਗੀ। ਉਥੇ ਜੋ ਵੀ ਫ਼ੈਸਲੇ ਲਏ ਜਾਣਗੇ ਉਹ ਤੁਰੰਤ ਅਮਲ ਵਿੱਚ ਲਿਆਉਣਾ ਯਕੀਨੀ ਹੋਵੇਗਾ।”

ਉਨਾਂ ਕਿਹਾ ਕਿ ਸਾਡੇ ਦੇਸ਼ ਅਤੇ ਸਾਡੇ ਵਾਪਾਰੀਆਂ -ਕਾਰੋਬਾਰੀਆਂ ‘ਚ ਬੇਹੱਦ ਸਮਰੱਥਾ ਹੈ, ਪ੍ਰੰਤੂ ਉਸ ਨੂੰ ਪੂਰੀ ਤਰਾਂ ਇਸਤੇਮਾਲ ਨਹੀਂ ਕੀਤਾ ਗਿਆ। ਜੇਕਰ ਇਹ ਸਮਰੱਥਾ ਨੂੰ ਸਹੀ ਅਰਥਾਂ ‘ਚ ਉਪਯੋਗੀ ਬਣਾਇਆ ਜਾ ਸਕੇ ਤਾਂ ਚਮਤਕਾਰ ਹੋ ਸਕਦਾ ਹੈ। ਕੇਜਰੀਵਾਲ ਨੇ ਕਿਹਾ, ”ਮੈਂ ਅੱਜ ਤੁਹਾਨੂੰ ਉਦਯੋਗਪਤੀਆਂ ਨੂੰ ਆਮ ਆਦਮੀ ਪਾਰਟੀ ਅਤੇ ਭਵਿੱਖ ਦੀ ‘ਆਪ’ ਸਰਕਾਰ ‘ਚ ਭਾਗੀਦਾਰੀ ਲਈ ਸੱਦਾ ਦੇਣ ਆਇਆ ਹਾਂ। ਸਰਕਾਰ ਤੁਸੀਂ ਚਲਾਉਂਗੇ। ਫ਼ੈਸਲੇ ਤੁਸੀਂ ਲਵੋਗੇ। ਅਸੀਂ (ਸਰਕਾਰ) ਉਨਾਂ ਫ਼ੈਸਲਿਆਂ ਨੂੰ ਅਮਲ ‘ਚ ਲਿਆਵਾਂਗੇ, ਜਿਵੇਂ ਦਿੱਲੀ ‘ਚ ਕਰ ਰਹੇ ਹਾਂ।”

ਇਸ ਮੌਕੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ, ”ਦੂਜੀਆਂ ਰਾਜਨੀਤਿਕ ਪਾਰਟੀਆਂ ਆਪਣਾ ਚੋਣ ਮਨੋਰਥ ਪੱਤਰ ਏ.ਸੀ. ਕਮਰਿਆਂ (ਡਰਾਇੰਗ ਰੂਮਜ਼) ਵਿੱਚ ਬੈਠ ਬਣਾਉਂਦੀਆਂ ਹਨ, ਪਰ ਆਮ ਆਦਮੀ ਪਾਰਟੀ ਚੋਣ ਮਨੋਰਥ ਪੱਤਰ ਡਰਾਇੰਗ ਰੂਮਜ਼ ਵਿੱਚ ਬੈਠ ਕੇ ਨਹੀਂ ਬਣਾੳਂੁਦੀ, ਇਸੇ ਲਈ ਪਾਰਟੀ ਦੇ ਚੋਣ ਮਨੋਰਥ ਪੱਤਰ ਲਈ ਪੰਜਾਬ ਦੇ ਉਦਯੋਗਪਤੀਆਂ ਤੋਂ ਸੁਝਾਅ ਲੈਣ ਆਏ ਹਾਂ।”

ਮਾਨ ਨੇ ਕਿਹਾ ਕਿ ਉਦਯੋਗ ਵਾਪਾਰ ਤੋਂ ਬਿਨਾਂ ਕੋਈ ਵੀ ਦੇਸ਼ ਜਾਂ ਸਰਕਾਰ ਨਹੀਂ ਚੱਲ ਸਕਦੀ, ਪਰ ਪੰਜਾਬ ਵਿੱਚ ਮੰਡੀ ਗੋਬਿੰਦਗੜ ਤੋਂ ਲੈ ਕੇ ਧਾਰੀਵਾਲ (ਗੁਰਦਾਸਪੁਰ) ਤੱਕ ਉਦਯੋਗ ਅਤੇ ਵਾਪਾਰ ਬੰਦ ਹੋ ਗਏ ਹਨ। ਉਨਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਕੋਲ ਉਦਯੋਗ, ਵਾਪਾਰ, ਸਕੂਲਾਂ ਅਤੇ ਹਸਪਤਾਲਾਂ ਬਾਰੇ ਕੋਈ ਯੋਜਨਾ ਹੀ ਨਹੀਂ ਹੈ। ਇੰਸਪੈਕਟਰਾਂ ਦੇ ਛਾਪਿਆਂ ਦਾ ਹੀ ਡਰ ਲੱਗਿਆ ਰਹਿੰਦਾ, ਜਿਸ ਕਾਰਨ ਪੰਜਾਬ ਦੇ ਉਦਯੋਗਪਤੀਆਂ, ਵਾਪਾਰੀਆਂ ਵਿੱਚ ਡਰ ਪਾਇਆ ਜਾਂਦਾ ਹੈ। ਪਰ ਦੂਜੇ ਪਾਸੇ ਦਿੱਲੀ ਵਿਚਲੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਕੋਲ ਉਦਯੋਗ, ਵਪਾਰ, ਸਿੱਖਿਆ ਅਤੇ ਇਲਾਜ ਲਈ ਅਨੇਕਾਂ ਯੋਜਨਾਵਾਂ ਹਨ, ਜਿਨਾਂ ਦਾ ਲਾਭ ਦਿੱਲੀ ਦੇ ਵਪਾਰੀ, ਉਦਯੋਪਤੀ, ਵਿਦਿਆਰਥੀ ਅਤੇ ਆਮ ਲੋਕ ਲੈ ਰਹੇ ਹਨ।

ਇਸ ਦੌਰਾਨ ਲੁਧਿਆਣਾ ਦੇ ਉਦਯੋਗ ਜਗਤ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਡੀ.ਐਸ. ਚਾਵਲਾ, ਉਪਕਾਰ ਸਿੰਘ ਅਹੂਜਾ, ਭੁਪਿੰਦਰ ਠੁਕਰਾਲ ਅਤੇ ਅਮਰਵੀਰ ਸਿੰਘ, ਗੁਰਪ੍ਰੀਤ ਸਿੰਘ, ਵਿਸ਼ਾਲ ਵਰਮਾ ਅਤੇ ਰੋਹਿਤ ਜੈਨ ਨੇ ਉਦਯੋਗ ਅਤੇ ਵਾਪਾਰ ਦੀਆਂ ਸਮੱਸਿਆਵਾਂ ਅਤੇ ਲੋੜਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।

ਇਸ ਮੌਕੇ ‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਸਹਿ-ਇੰਚਾਰਜ ਰਾਘਵ ਚੱਢਾ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਬੀਬੀ ਸਰਬਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਅਮਨ ਅਰੋੜਾ, ਪ੍ਰਿੰਸੀਪਲ ਬੁੱਧ ਰਾਮ, ਮੀਤ ਹੇਅਰ, ਬੀਬੀ ਰੁਪਿੰਦਰ ਕੌਰ ਰੂਬੀ, ਜੈ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ, ਮਾਸਟਰ ਬਲਦੇਵ ਸਿੰਘ, ਅਮਰਜੀਤ ਸਿੰਘ ਸੰਦੋਆ, ਜਗਤਾਰ ਸਿੰਘ ਜੱਗਾ (ਸਾਰੇ ਵਿਧਾਇਕ), ਅਮਨਦੀਪ ਸਿੰਘ ਮੋਹੀ, ਸੁਰੇਸ਼ ਗੋਇਲ, ਹਰਭੁਪਿੰਦਰ ਸਿੰਘ ਧਰੋੜ, ਦਲਜੀਤ ਸਿੰਘ ਭੋਲਾ ਗਰੇਵਾਲ, ਮਦਨ ਲਾਲ ਬੱਗਾ, ਕੁਲਵੰਤ ਸਿੰਘ ਸਿੱਧੂ, ਜੀਵਨ ਸਿੰਘ ਸੰਗੋਵਾਲ, ਅਹਿਬਾਬ ਗਰੇਵਾਲ, ਗੁਰਜੀਤ ਗਿੱਲ, ਪਰਮਪਾਲ ਸਿੰਘ ਬਾਵਾ ਅਤੇ ਹੋਰ ਆਗੂ ਸ਼ਾਮਿਲ ਸਨ।

Written By
The Punjab Wire