ਹੋਰ ਗੁਰਦਾਸਪੁਰ ਪੰਜਾਬ

ਬੱਬੇਹਾਲੀ ਨੇ ਸਾਥੀਆਂ ਨਾਲ ਮਿਲ ਕੇ ਕੀਤੀ ਅੰਬੇਦਕਰ ਦੇ ਬੁੱਤ ਦੀ ਸਾਫ਼ ਸਫ਼ਾਈ

ਬੱਬੇਹਾਲੀ ਨੇ ਸਾਥੀਆਂ ਨਾਲ ਮਿਲ ਕੇ ਕੀਤੀ ਅੰਬੇਦਕਰ ਦੇ ਬੁੱਤ ਦੀ ਸਾਫ਼ ਸਫ਼ਾਈ
  • PublishedSeptember 26, 2021

ਅਕਾਲੀ ਸਰਕਾਰ ਆਉਣ ਤੇ ਸ਼ੀਸ਼ੇ ਦੇ ਫਰੇਮ ਨਾਲ ਕਵਰ ਕਰਵਾਇਆ ਜਾਵੇਗਾ ਬੁੱਤ- ਬੱਬੇਹਾਲੀ

ਗੁਰਦਾਸਪੁਰ, 25 ਸਤੰਬਰ। ਅਕਾਲੀ ਦਲ, ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਾਪਿਤ ਕੀਤੇ ਗਏ ਭੀਮ ਰਾਓ ਅੰਬੇਦਕਰ ਦੇ ਬੁੱਤ ਦੀ ਸਾਫ਼ ਸਫ਼ਾਈ ਕੀਤੀ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਬੱਬੇਹਾਲੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਬਾਬਾ ਜੀ ਭੀਮ ਰਾਓ ਅੰਬੇਦਕਰ ਦਾ ਬੁੱਤ ਬੀਤੀ ਅਕਾਲੀ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨਿਰਮਾਣ ਦੇ ਨਾਲ ਹੀ  ਸਥਾਪਿਤ ਕੀਤਾ ਗਿਆ ਸੀ ਪਰ ਮੌਜੂਦਾ  ਸਰਕਾਰ ਅਤੇ   ਪ੍ਰਸ਼ਾਸਨ ਵੱਲੋਂ ਇਸ ਮਹਾਨ ਸ਼ਖ਼ਸੀਅਤ ਦੇ ਬੁੱਤ ਨੂੰ ਬਣਦਾ ਮਾਨ ਸਨਮਾਨ ਨਹੀਂ ਦਿੱਤਾ ਜਾ ਰਿਹਾ । ਮਿੱਟੀ-ਘੱਟੇ ਅਤੇ ਪੰਛੀਆਂ ਵੱਲੋਂ ਬਿੱਠਾਂ ਕੀਤੇ ਜਾਣ ਕਾਰਨ ਇਸ ਬੁੱਤ ਦੀ ਸ਼ਾਨ ਨੂੰ ਢਾਹ ਲੱਗ ਰਹੀ ਹੈ । 

ਸਰਦਾਰ ਬੱਬੇਹਾਲੀ ਨੇ ਕਿਹਾ ਕਿ ਅਕਾਲੀ ਸਰਕਾਰ ਆਉਣ ਤੇ ਇਸ ਬੁੱਤ ਨੂੰ ਸ਼ੀਸ਼ੇ ਦੇ ਸ਼ਾਨਦਾਰ ਫਰੇਮ ਵਿੱਚ ਮੜ੍ਹਾ ਕੇ ਇਸ ਦੀ ਦਿੱਖ ਨੂੰ ਆਕਰਸ਼ਕ ਕੀਤਾ ਜਾਵੇਗਾ । ਉਨ੍ਹਾਂ ਪੰਜਾਬ ਵਿੱਚ ਨਵੇਂ ਮੁੱਖ ਮੰਤਰੀ ਦੀ ਤਾਇਨਾਤੀ ਨੂੰ ਪਾਰਟੀ ਦੀ ਅੰਦਰੂਨੀ ਲੜਾਈ ਵਿੱਚੋਂ ਉਪਜੀ ਮਜਬੂਰੀ ਦੱਸਿਆ । ਇਸ ਮੌਕੇ ਉਨ੍ਹਾਂ ਨਾਲ  ਅਕਾਲੀ ਨੇਤਾ ਕਮਲਜੀਤ ਚਾਵਲਾ ,ਕੌਂਸਲਰ ਰਾਮ ਲਾਲ,  ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਸਾਬਕਾ ਚੇਅਰਮੈਨ ਸਤੀਸ਼ ਕੁਮਾਰ ਡਿੰਪਲ ਅਤੇ ਸਿਕੰਦਰ ਸਿੰਘ ਆਦਿ ਮੌਜੂਦ ਸਨ  ।

Written By
The Punjab Wire