ਹੋਰ ਦੇਸ਼ ਪੰਜਾਬ ਮੁੱਖ ਖ਼ਬਰ

ਕੇਵਲ ਐਲਾਨ ਨਹੀਂ, ਬੇਅਦਬੀ ਸਮੇਤ ਸਾਰੇ ਮੁੱਦਿਆਂ ਦੇ ਹੱਲ ਲਈ ਸਮਾਂ ਸੀਮਾ ਤੈਅ ਕਰਨ ਮੁੱਖ ਮੰਤਰੀ: ਅਮਨ ਅਰੋੜਾ

ਕੇਵਲ ਐਲਾਨ ਨਹੀਂ, ਬੇਅਦਬੀ ਸਮੇਤ ਸਾਰੇ ਮੁੱਦਿਆਂ ਦੇ ਹੱਲ ਲਈ ਸਮਾਂ ਸੀਮਾ ਤੈਅ ਕਰਨ ਮੁੱਖ ਮੰਤਰੀ: ਅਮਨ ਅਰੋੜਾ
  • PublishedSeptember 23, 2021

ਕਾਂਗਰਸ ਦੇ ਖੋਖਲੇ ਐਲਾਨਾਂ ਨਾਲ ਨਰਾਸ਼ ਅਤੇ ਥੱਕ ਚੁੱਕੇ ਹਨ ਪੰਜਾਬ ਦੇ ਲੋਕ: ਪ੍ਰੋ. ਬਲਜਿੰਦਰ ਕੌਰ

ਚੰਡੀਗੜ, 23 ਸਤੰਬਰ। ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਕਿ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਵਿੱਚ ਇਨਸਾਫ਼ ਲਈ ਪੰਜਾਬ ਦੇ ਲੋਕ ਨਵਨਿਯੁਕਤ ਮੁੱਖ ਮੰਤਰੀ ਤੋਂ ਐਲਾਨ ਦੀ ਥਾਂ ਮਾਮਲੇ ਦੇ ਹੱਲ ਲਈ ਸਮਾਂ ਸੀਮਾ ਤੈਅ ਕਰਨ ਦੀ ਉਮੀਦ ਕਰਦੇ ਹਨ। ਉਨਾਂ ਕਿਹਾ ਮੁੱਖ ਮੰਤਰੀ ਕੇਵਲ ਐਲਾਨ ਹੀ ਨਾ ਕਰਨ, ਸਗੋਂ ਸਾਰੇ ਮਾਮਲਿਆਂ ਲਈ ਸਮਾਂ ਹੱਦ ਨਿਰਧਾਰਤ ਕਰਨ।

ਵੀਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਸਾਂਝੇ ਬਿਆਨ ਵਿੱਚ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਅਮਨ ਅਰੋੜਾ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਨਵਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨਾਂ ਨਾਲ ਸੁਪਰ ਮੁੱਖ ਮੰਤਰੀ ਦੀ ਤਰਾਂ ਘੁੰਮ ਰਹੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਗਾਤਾਰ ਐਲਾਨ ਕਰ ਰਹੇ ਹਨ। ਇਹ ਸਾਰੇ ਕੇਵਲ ਐਲਾਨ ਹੀ ਹਨ, ਜਿਨਾਂ ਨੂੰ ਕਾਂਗਰਸ ਦੇ ਆਗੂ ਸਾਲ 2017 ਦੀਆਂ ਚੋਣਾ ਤੋਂ ਪਹਿਲਾ ਤੋਂ ਕਰਦੇ ਆ ਰਹੇ ਹਨ। ਪਰ ਬੀਤੇ ਸਾਢੇ ਚਾਰ ਸਾਲਾਂ ਵਿੱਚ ਕਾਂਗਰਸ ਨੇ ਕੁੱਝ ਨਹੀਂ ਕੀਤਾ। ਇਸ ਲਈ ਲੋਕ ਐਲਾਨ ਨਹੀਂ, ਕੰਮ ਚਾਹੁੰਦੇ ਹਨ।

ਅਮਨ ਅਰੋੜਾ ਨੇ ਕਿਹਾ ਚੰਨੀ ਸਰਕਾਰ ਕੋਲ ਕੰਮ ਕਰਨ ਲਈ ਮਹਿਜ ਸੱਠ ਦਿਨ ਵਿਸ਼ੇਸ਼ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਲੋਕਾਂ ਅਤੇ ਦੁਨੀਆਂ ਭਰ ਵਿੱਚ ਵਸੀ ਪੰਜਾਬੀ ਸੰਗਤ ਨੂੰ ਸਪੱਸ਼ਟ ਕਰਨ ਕਿ ਉਹ ਅਗਲੇ ਤੀਹ ਦਿਨਾਂ ਵਿੱਚ ਗੁਰੂ ਦੀ ਬੇਅਦਬੀ ਅਤੇ ਨਿਹੱਥੀ ਸੰਗਤ ‘ਤੇ ਗੋਲੀਆਂ ਚਲਾਉਣ ਵਾਲੇ ਦੋਸ਼ੀਆਂ ਨੂੰ ਸਜ਼ਾ ਦੇ ਸਕਣਗੇ ਜਾਂ ਨਹੀਂ। ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਕਿ ਕਾਂਗਰਸ ਦੇ ਐਲਾਨਾਂ ਤੋਂ ਲੋਕਾਂ ਦਾ ਭਰੋਸਾ ਉਠ ਚੁੱਕਿਆ ਹੈ। ਕੇਵਲ ਐਲਾਨਾਂ ਤੋਂ ਇਲਾਵਾ ਚੰਨੀ ਸਰਕਾਰ ਵੱਲੋਂ ਹੁਣ ਤੱਕ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਗਈ ਹੈ। ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੱਸਣ ਕਿ ਉਹ ਕਿੰਨੇ ਦਿਨਾਂ ਵਿੱਚ ਨਸ਼ਾ ਮਾਫ਼ੀਆ ਨੂੰ ਖ਼ਤਮ ਕਰਕੇ ਨਸ਼ੇ ਦੇ ਪ੍ਰਸਿੱਧ ਵੱਡੇ ਮਗਰਮੱਛਾਂ ਨੂੰ ਜੇਲ ਵਿੱਚ ਸੁੱਟਣਗੇ।

‘ਆਪ’ ਵਿਧਾਇਕਾਂ ਨੇ ਮੁੱਖ ਮੰਤਰੀ ‘ਤੇ ਟਿੱਪਣੀ ਕਰਦਿਆਂ ਪੁੱਛਿਆ ਕਿ ਉਹ ਦੱਸਣ ਕਿ ਟਰਾਂਸਪੋਰਟ ਮਾਫ਼ੀਆ ‘ਤੇ ਕਾਰਵਾਈ ਲਈ ਮਹੂਰਤ ਕਦੋਂ ਕਢਵਾ ਰਹੇ ਹਨ। ਉਨਾਂ ਕਿਹਾ ਕਿ ਕੇਵਲ ਬਿਆਨਬਾਜ਼ੀ ਅਤੇ ਐਲਾਨਾਂ ਨਾਲ ਪੰਜਾਬ ਦੇ ਉਨਾਂ ਲੋਕਾਂ ਦਾ ਦਰਦ ‘ਤੇ ਮੱਲਮ ਨਹੀਂ ਲੱਗ ਸਕਦੀ, ਜਿਨਾਂ ਦੇ ਪਰਿਵਾਰਕ ਮੈਂਬਰ ਨਸ਼ੇ ਦੀ ਦਲਦਲ ਵਿੱਚ ਫਸ ਕੇ ਆਪਣਾ ਜੀਵਨ ਬਰਬਾਦ ਕਰ ਚੁੱਕੇ ਹਨ। ਉਨਾਂ ਮੁੱਖ ਮੰਤਰੀ ਤੋਂ ਪੁੱਛਿਆ ਕਿ ਰੇਤ ਮਾਫ਼ੀਆ ‘ਤੇ  ਹੁਣ ਤੱਕ ਕੀਤੀ ਬਿਆਨਬਾਜੀ ਮਾਫ਼ੀਆ ‘ਤੇ ਨਕੇਲ ਪਾਉਣ ਲਈ ਕਾਫ਼ੀ ਨਹੀਂ ਹੈ।
ਵਿਧਾਇਕ ਅਮਨ ਅਰੋੜਾ ਅਤੇ ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਨਵਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਐਲਾਨਾਂ ਦੀ ਪ੍ਰੰਪਰਾ ਨੂੰ ਅੱਗੇ ਵਧਾਉਣ ਦੀ ਥਾਂ ਉਨਾਂ ਨੂੰ ਲਾਗੂ ਕਰਨ ‘ਤੇ ਪਹਿਰਾ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਲੋਕ ਕਾਂਗਰਸ ਦੇ ਖੋਖਲੇ ਐਲਾਨਾਂ ਤੋਂ ਹਿਤਾਸ, ਨਿਰਾਸ਼ ਅਤੇ ਥੱਕ ਚੁਕੇ ਹਨ। ‘ਆਪ’ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਜਨਤਾ ਇਹ ਸਵਾਲ ਤਥਾਕਥਿਤ ਸੁਪਰ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੀ ਕਰਦੀ ਹੈ। ਪੰਜਾਬ ਦੇ ਲੋਕ ਪੁੱਛਦੇ ਹਨ ਕਿ ਕੀ ਨਵਜੋਤ ਸਿੰਘ ਸਿੱਧੂ ਕੇਵਲ ਮੁੱਖ ਮੰਤਰੀ ਦੀ ਕੁਰਸੀ ਹੜੱਪਣ ਅਤੇ ਆਪਣੀ ਨਵੀਂ ਤਾਕਤ ਬਚਾਉਣ ਲਈ ਹੀ ਕੈਪਟਨ ਰਹਿਣਗੇ ਜਾਂ ਪੰਜਾਬ ਤੇ ਪੰਜਾਬਵਾਸੀਆਂ ਦਾ ਜੀਵਨ ਪੱਧਰ ਚੰਗਾ ਬਣਾੳਣ ਲਈ ਕੋਈ ਕੰਮ ਵੀ ਕਰਨਗੇ।

Written By
The Punjab Wire