ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਸੰਗਤਾਂ ਨੂੰ ਮੁਬਾਰਕਬਾਦ ਦੇਦਿਆਂ ਕਿਹਾ ਜਦ ਤਕ ਕੇਂਦਰ ਸਰਕਾਰ ਤਿੰਨੇ ਖੇਤੀ ਕਾਨੂੰਨ ਖਤਮ ਨਹੀਂ ਕਰਦੀ,ਸੰਯੁਕਤ ਕਿਸਾਨ ਮੋਰਚੇ ਨਾਲ ਚੱਟਾਨ ਵਾਂਗ ਖੜ੍ਹੇ
ਨੋਜਵਾਨਾਂ ਨੂੰ ਸਕਿਲ ਅਤੇ ਆਈ.ਟੀ ਸੈਕਟਰ ਨਾਲ ਜੋੜ ਕੇ ਰੁਜ਼ਗਾਰ ਮੁੱਹਈਆ ਕਰਵਾਇਆ ਜਾਵੇਗਾ
ਧਾਰੀਵਾਲ (ਗੁਰਦਾਸਪੁਰ), 13 ਸਤੰਬਰ ( ਮੰਨਨ ਸੈਣੀ )। ਪੰਜਾਬ ਦੀ ਜਨਤਾ ਦੀ ਵੱਡੀ ਮੰਗ ਨੂੰ ਮੁੱਖ ਰੱਖਦਿਆ ਜਲਦ ਹੀ ਪੰਜਾਬ ਸਰਕਾਰ ਵਲੋਂ ਘਰੇਲੂ ਖਪਤਕਾਰਾ ਨੂੰ ਬਿਜਲੀ ਦੀਆਂ ਦਰਾਂ ਵਿਚ ਕਟੋਤੀ ਕਰ ਵੱਡੀ ਰਾਹਤ ਦਿੱਤੀ ਜਾਵੇਗੀ। ਜਿਸ ਉਪਰ ਪੰਜਾਬ ਸਰਕਾਰ ਇਸ ਬਿਜਲੀ ਦਰਾਂ ਨੂੰ ਘੱਟ ਕਰਨ ਲਈ ਕੰਮ ਕਰ ਰਹੀ ਹੈ। ਉਕਤ ਦਾਅਵਾ ਰਾਜ ਸਭਾ ਦੇ ਸਾਂਸਦ ਸ. ਪ੍ਰਤਾਪ ਸਿੰਘ ਬਾਜਵਾ ਵਲੋਂ ਸੋਮਵਾਰ ਨੂੰ ਧਾਰੀਵਾਲ ਵਿਖੇ ਕੀਤਾ ਗਿਆ। ਦੱਸਣਯੋਗ ਹੈ ਕਿ ਬਾਜਵਾ ਵੱਲੋਂ ਆਪਣੇ ਅਖਤਿਆਰੀ ਫੰਡ ਵਿਚੋਂ 1 ਕਰੋੜ 18 ਲੱਖ ਰੁਪਏ ਦਿੱਤੇ ਗਏ ਸਨ। ਜਿਸ ਦੀ ਲਾਗਤ ਨਾਲ ਸੀ.ਐਚ.ਸੀ ਧਾਰੀਵਲ ਵਿਖੇ ਬਣਨ ਵਾਲੇ 500 ਐਲ.ਪੀ.ਐਮ ਆਕਸੀਜਨ ਪਲਾਂਟ ਦਾ ਸੋਮਵਾਰ ਨੂੰ ਉਹਨਾਂ ਵੱਲੋ ਨੀਂਹ ਪੱਥ ਰੱਖਿਆ ਗਿਆ। ਇਹ ਪਲਾਂਟ 31 ਅਕਤੂਬਰ 2021 ਤਕ ਬਣ ਕੇ ਮੁਕੰਮਲ ਹੋਣ ਦੀ ਆਸ ਹੈ।
ਆਪਣੇ ਸੰਬੋਧਨ ਦੋੋਰਾਨ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਸਭ ਤੋਂ ਪਹਿਲਾਂ ਦੇਸ਼-ਵਿਦੇਸ਼ ਵਿਚ ਰਹਿੰਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਜਗਤ ਗੁਰੂ ਸ੍ਰੀ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀ ਵਧਾਈ ਦਿੰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਜ਼ਿਲਾ ਪ੍ਰਸ਼ਾਸਨ ਦੀ ਪਿੱਠ ਵੀ ਧਪਧਪਾਈ। ਉਨਾਂ ਅੱਗੇ ਕਿਹਾ ਕਿ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਜਿਲਾ ਪ੍ਰਸ਼ਾਸਨ ਵਲੋਂ ਜਿਲੇ ਅੰਦਰ ਸਰਬੱਖੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਮਗਨਰੇਗਾ ਤਹਿਤ ਹੁਣ ਤਕ 200 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ,ਜਿਸ ਦੇ ਚਲਦਿਆ ਉਹ ਵਧਾਈ ਦੇ ਹੱਕਦਾਰ ਹਨ। ਉਨਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਆਕਸੀਜਨ ਦੀ ਘਾਟ ਨੂੰ ਮੁੱਖ ਰੱਖਦਿਆਂ ਸੀ.ਐਚ.ਸੀ ਧਾਰੀਵਾਲ ਵਿਖੇ ਆਕਸੀਜਨ ਪਲਾਂਟ ਲਗਾਉਣ ਲਈ ਆਪਣੇ ਅਖਤਿਆਰੀ ਫੰਡ ਵਿਚ 1 ਕਰੋੜ 18 ਲੱਕ ਰੁਪਏ ਭੇਜੇ ਗਏ ਸਨ, ਤਾਂ ਜੋ ਲੋਕਾਂ ਨੂੰ ਆਕਸੀਜਨ ਦੀ ਕੋਈ ਮੁਸ਼ਕਿਲ ਨਾ ਆਵੇ।
ਇਸ ਮੌਕੇ ਉਨਾਂ ਐਸ.ਐਸ.ਪੀ ਗੁਰਦਾਸਪੁਰ ਨੂੰ ਕਿਹਾ ਕਿ ਉਹ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਖਾਸਕਰਕੇ ਨਸ਼ਾ ਵਿਰੋਧੀ ਅਨਸਰਾਂ ’ਤੇ ਨਕੇਲ ਕੱਸੀ ਜਾਵੇ। ਉਨਾਂ ਕਿਹਾ ਕਿ ਨੌਜਵਾਨ ਪੀੜੀ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਕਰਨਾ ਅੱਜ ਸਮੇਂ ਦੀ ਮੁੱਖ ਲੋੜ ਹੈ ਅਤੇ ਪੁਲਿਸ ਵਿਭਾਗ ਨੂੰ ਇਸ ਪ੍ਰਤੀ ਹੋਰ ਸੰਜੀਦਾ ਕਾਰਵਾਈ ਅਮਲ ਵਿਚ ਲਿਆਉਣੀ ਚਾਹੀਦੀ ਹੈ।
ਸ. ਬਾਜਵਾ ਨੇ ਅੱਗੇ ਕਿਹਾ ਕਿ ਬੀਤੇ ਦਿਨੀਂ ਉਨਾਂ ਦੀ ਕੋਸ਼ਿਸ਼ਾਂ ਸਦਕਾ ਪੰਜਾਬ ਸਰਕਾਰ ਵਲੋਂ ਜੋ ਗੰਨੇ ਦੇ ਭਾਅ ਵਿਚ ਵਾਧਾ ਕੀਤਾ ਗਿਆ ਹੈ ,ਇਸ ਲਈ ਉਹ ਮੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਦਾ ਧੰਨਵਾਦ ਕਰਦੇ ਹਨ ਅਤੇ ਇਸ ਵਾਧੇ ਨਾਲ ਮਾਝਾ ਖੇਤਰ ਦੇ ਗੰਨਾ ਕਾਸ਼ਤਕਾਰਾਂ ਨੂੰ ਸਭ ਤੋਂ ਵੱਧ ਕਰੀਬ 300 ਕਰੋੜ ਦਾ ਲਾਭ ਮਿਲੇਗਾ।
ਕਿਸਾਨਾਂ ਦੇ ਹਿੱਤਾਂ ਦੀ ਰਾਖੀ ਦੀ ਗੱਲ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਹਮੇਸ਼ਾਂ ਕਿਸਾਨਾਂ ਨਾਲ ਖੜ੍ਹੇ ਰਹੇ ਹਨ ਅਤੇ ਸੰਸਦ ਵਿਚ ਕਿਸਾਨਾਂ ਦੀ ਲੜਾਈ ਲੜੀ ਹੈ। ਉਨਾਂ ਕਿਹਾ ਕਿ ਕਿਸਾਨਾਂ ਲਈ ਉਹ ਹਰ ਲੜਾਈ ਲੜਨ ਲਈ ਤਿਆਰ ਹਨ ਅਤੇ ਰਾਜਸਭਾ ਵਿਚ ਕਿਸਾਨਾਂ ਦੀ ਗੱਲ ਨਾ ਸੁਣਨ ਕਰਕੇ ਹੀ ਉਨਾਂ ਨੇ ਸਦਨ ਵਿਚ ਕਿਤਾਬ ਵਗਾਹ ਤੇ ਸੁੱਟੀ ਸੀ ਅਤੇ ਹਮੇਸ਼ਾ ਕਿਸਾਨਾਂ ਨਾਲ ਚੱਟਾਨ ਵਾਂਗ ਖੜ੍ਹੇ ਹਨ। ਉਨਾਂ ਕਿਹਾ ਕਿ ਜਦ ਤਕ ਕੇਂਦਰ ਸਰਕਾਰ ਤਿੰਨੇ ਖੇਤੀ ਕਾਨੂੰਨ ਖਤਮ ਨਹੀਂ ਕਰਦੀ, ਉਹ ਸੰਯੁਕਤ ਕਿਸਾਨ ਮੋਰਚੇ ਨਾਲ ਸਾਥ ਦੇਣ ਵਿਚ ਪਿੱਛੇ ਨਹੀਂ ਹਟਣਗੇ।
ਉਨਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਹਿੱਤ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਲੋੜਵੰਦ ਲੋਕਾਂ ਨੂੰ ਮਿਲ ਰਹੀ ਪੈਨਸ਼ਨ ਵਿਚ ਵਾਧਾ ਕੀਤਾ ਗਿਆ ਤੇ ਹੁਣ 750 ਰੁਪਏ ਤੋ ਵਧਾ ਕੇ 1500 ਮਹੀਨਾ ਪੈਨਸ਼ਨ ਕਰ ਦਿੱਤੀ ਗਈ ਹੈ। ਉਨਾਂ ਕਿਹਾ ਕਿ ਰਾਜ ਸਰਕਾਰ ਨੇ ਸੂਬੇ ਦੀ ਬਿਹਤਰੀ ਲਈ ਪਹਿਲਾਂ ਵੀ ਕੰਮ ਕੀਤੇ ਹਨ ਅਤੇ ਆਉਂਦੇ ਸਮੇਂ ਵਿਚ ਲੋਕ ਭਲਾਈ ਦੇ ਹੋਰ ਵੀ ਫੈਸਲੇ ਲਏ ਜਾਣਗੇ।
ਬਟਾਲਾ ਨੂੰ ਜ਼ਿਲਾ ਬਣਾਉਣ ਦੀ ਗੱਲ ਕਰਦਿਆਂ ਉਨਾਂ ਦੱਸਿਆ ਕਿ ਬਟਾਲਾ ਬਹੁਤ ਪੁਰਾਣਾ ਧਾਰਮਿਕ ਤੇ ਇਤਿਹਾਸਕ ਸ਼ਹਿਰ ਹੈ ਅਤੇ ਅਤੇ ਉਨਾਂ ਨੂੰ ਪੂਰੀ ਆਸ ਹੈ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਉਨਾਂ ਦੀ ਮੰਗ ਨੂੰ ਸੁਹਿਰਦਤਾ ਨਾਲ ਵਿਚਾਰ ਰਹੇ ਹਨ ਤੇ ਬਟਾਲੇ ਨੂੰ ਉਸਦਾ ਬਣਦਾ ਹੱਕ ਜਰੂਰ ਮਿਲੇਗਾ।
ਜਿਲੇ ਅੰਦਰ ਨੋਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੀ ਗੱਲ ਕਰਦਿਆਂ ਉਨਾਂ ਦੱਸਿਆ ਕਿ ਜਿਲੇ ਅੰਦਰ ਨੋਜਵਾਨਾਂ ਨੂੰ ਸਕਿਲ ਅਤੇ ਆਈ.ਟੀ ਸੈਕਟਰ ਨਾਲ ਜੋੜ ਕੇ ਨੋਜਵਾਨੰ ਨੂੰ ਰੁਜਗਾਰ ਮੁੱਹਈਆ ਕਰਵਾਇਆ ਜਾਵੇਗਾ ਅਤੇ ਅਗਲੇ ਦਿਨਾਂ ਵਿਚ ਪੰਜਾਬ ਸਰਕਾਰ ਵਲੋਂ ਨੋਜਵਾਨਾਂ ਨੂੰ 1 ਲੱਖ ਨੋਕਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ, ਜਿਨਾਂ ਵਿਚ ਕਰੀਬ 20 ਹਜਾਰ ਕੱਚੇ ਮੁਲਾਜ਼ਮਾ ਨੂੰ ਪੱਕਾ ਕਰਨ ਅਤੇ 80 ਹਜਾਰ ਨਵੀਂ ਨੋਕਰੀਆਂ ਦਿੱਤੀਆਂ ਜਾਣਗੀਆਂ। ਉਨਾਂ ਅੱਗੇ ਕਿਹਾ ਕਿ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਅਤੇ ਨੋਜਵਾਨਾਂ ਨੂੰ ਖੇਡਾਂ ਵੱਲ ਜੋੜਨ ਦੇ ਮਕਸਦ ਨਾਲ 5 ਏਕੜ ਵਿਚ ਪਿੱਪਲ, ਬੋਹੜ ਤੇ ਨਿੰਮ ਆਦਿ ਦੇ ਬੂਟੇ ਲਗਾਏ ਜਾਣ ਅਤੇ 5 ਏਕੜ ਵਿਚ 400 ਮੀਟਰ ਦਾ ਦੋੜ ਦਾ ਟਰੈਕ , ਸੈਰਗਾਹ ਤੇ ਪਾਰਕ ਦੀ ਉਸਾਰੀ ਕੀਤੀ ਜਾਵੇ। ਉਨਾਂ ਅੱਗੇ ਕਿਹਾ ਕਿ ਬਲਾਕ ਪੱਧਰ ਤੇ ਖੇਡ ਸਟੇਡੀਅਮ ਉਸਾਰੇ ਜਾਣ ਨਾਲ ਨੋਜਵਾਨਾਂ ਨੂੰ ਖੇਡਾਂ ਵਿਚ ਪ੍ਰੇਰਿਤ ਕਰਨ ਵਿਚ ਬਹੁਤ ਮਦਦ ਮਿਲੇਗੀ।
ਇਸ ਤੋਂ ਪਹਿਲਾਂ ਵਿਧਾਇਕ ਫਤਿਹਜੰਗ ਸਿੰਘ ਬਾਜਵਾ ਨੇ ਰਾਜ ਸਭਾ ਮੈਂਬਰ ਸ. ਬਾਜਵਾ ਵਲੋਂ ਸੀ.ਐਸ.ਧਾਰੀਵਾਲ ਵਿਖੇ ਆਕਸੀਜਨ ਪਲਾਂਟ ਲਗਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਇਸ ਖੇਤਰ ਦੇ ਆਸਪਾਸ ਲੋਕਾਂ ਨੂੰ ਬਹੁਤ ਸਹੂਲਤ ਮਿਲੇਗੀ। ਉਨਾਂ ਹਲਕੇ ਅੰਦਰ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਕਿਹਾ ਕਿ ਪਿੰਡਾਂ ਅੰਦਰ ਵਿਕਾਸ ਕਾਰਜਾਂ ਦੀ ਕੋਈ ਖੜੋਤ ਨਹੀਂ ਆਉਣ ਦਿੱਤੀ ਜਾਵੇਗੀ ਤੇ ਉਨਾਂ ਪਿੰਡਾਂ ਦੇ ਸਰਪੰਚਾਂ ਨੂੰ ਪਿੰਡਾਂ ਅੰਦਰ ਸਰਬਪੱਖੀ ਵਿਕਾਸ ਵਿਚ ਹੋਰ ਤੇਜ਼ੀ ਲਿਆਉਣ ਲਈ ਕਿਹਾ।
ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਜਦ ਕੋਰੋਨਾ ਬਿਮਾਰੀ ਸਿਖ਼ਰਾ ’ਤੇ ਸੀ ਅਤੇ ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ਲਈ ਰਾਜ ਸਭਾ ਮੈਂਬਰ, ਪ੍ਰਤਾਪ ਸਿੰਘ ਬਾਜਾਵਾ ਵਲੋਂ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਤੁਰੰਤ 1 ਕਰੋੜ 18 ਲੱਖ ਰੁਪਏ ਜਾਰੀ ਕੀਤੇ ਗਏ, ਜਿਸ ਲਈ ਉਹ ਪ੍ਰਤਾਪ ਸਿੰਘ ਬਾਜਵਾ ਦਾ ਧੰਨਵਾਦ ਕਰਦੇ ਹਨ। ਉਨਾਂ ਅੱਗੇ ਕਿਹਾ ਕਿ ਆਕਸੀਜਨ ਪਲਾਂਟ ਨਾ ਕੇਵਲ ਕੋਰੋਨਾ ਮਹਾਂਮਾਰੀ ਦੌਰਾਨ ਬਲਕਿ ਬਿਮਾਰੀ ਦੇ ਖਤਮ ਹੋਣ ਉਪੰਰਤ ਵੀ ਮਰੀਜਾਂ ਨੂੰ ਬਹੁਤ ਲਾਭ ਮਿਲੇਗਾ। ਉਨਾਂ ਦੱਸਿਆ ਕਿ ਸੀ.ਐਚ.ਸੀ ਧਾਰੀਵਾਲ ਦੇ ਵੱਖ-ਵੱਖ ਵਾਰਡਾਂ ਵਿਚ ਆਕਸੀਜਨ ਪਾਈਪ ਲਾਈਨ ਵੀ ਵਿਛਾਈ ਜਾ ਰਹੀ ਹੈ , ਜਿਸ ਰਾਹੀਂ ਹਰੇਕ ਬੈੱਡ ’ਤੇ ਆਕਸੀਜਨ ਦੀ ਸਪਲਾਈ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਲੋਂ ਆਕਸੀਜਨ ਪਲਾਂਟ ਲਈ ਕੀਤੇ ਜਾ ਰਹੇ ਕਾਰਜਾਂ ਦਾ ਨਿਰੀਖਣ ਵੀ ਕੀਤਾ ਗਿਆ ਤੇ ਉਨਾਂ ਤਸੱਲੀ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਡਾ. ਨਾਨਕ ਸਿੰਘ ਐਸ.ਐਸ.ਪੀ ਗੁਰਦਾਸਪੁਰ, ਜਗਵਿੰਦਰਜੀਤ ਸਿੰਘ ਗਰੇਵਾਲ ਕਮਿਸ਼ਨਰ ਨਗਰ ਨਿਗਮ ਬਟਾਲਾ, ਬਲਵਿੰਦਰ ਸਿੰਘ ਐਸ.ਡੀ.ਐਮ ਗੁਰਦਾਸਪੁਰ, ਵਜੀਰ ਸਿੰਘ ਲਾਲੀ ਵਾਈਸ ਚੇਅਰਮੈਨ, ਡਾ. ਹਰਭਜਨ ਰਾਮ ਸਿਵਲ ਸਰਜਨ, ਬਰਿੰਦਰ ਸਿੰਘ ਛੋਟੇਪੁਰ, ਅਸ਼ਵਨੀ ਦੁੱਗਲ ਪ੍ਰਧਾਨ ਨਗਰ ਕੋਂਸਲ, ਚੇਅਰਮੈਨ ਕੰਵਰ ਪ੍ਰਤਾਪ ਸਿੰਘ ਗਿੱਲ, ਰਾਧੇ ਕ੍ਰਿਸ਼ਨ ਪੁਰੀ, ਨੋਨੀ ਖੋਸਲਾ ਡਾ. ਰੋਮੀ ਮਹਾਜਨ ਡਿਪਟੀ ਮੈਡੀਕਲ ਕਮਿਸ਼ਨਰ, ਡਾ. ਦਲੀਜਤ ਸਿੰਘ ਸਮਰਾ, ਐਸ.ਐਮ.ਓ, ਡਾ. ਚੇਤਨਾ ਐਸ.ਐਮ.ਓ, ਡਾ.ਅਮਰਿੰਦਰ ਸਿੰਘ ਕਲੇਰ, ਪ੍ਰਧਾਨ ਰਕੇਸ ਵਿਲੀਅਮ ਆਦਿ ਮੋਜੂਦ ਸਨ।