‘ਆਰਟੀਫਿਸ਼ੀਅਲ ਅੰਗ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ ਚਨਾਲੂੰ (ਜ਼ਿਲ੍ਹਾ ਮੁਹਾਲੀ)’ ਵਲੋਂ 548 ਅੰਗਹੀਣ ਵਿਅਕਤੀਆਂ ਨੂੰ ਆਰਟੀਫਿਸ਼ੀਅਲ ਅੰਗ ਅਤੇ ਸਹਾਇਕ ਯੰਤਰ ਵੰਡੇ ਜਾਣਗੇ
ਗੁਰਦਾਸਪੁਰ, 9 ਸਤੰਬਰ ( ਮੰਨਨ ਸੈਣੀ ) । ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਆਰਟੀਫਿਸ਼ੀਅਲ ਅੰਗ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ ਚਨਾਲੂੰ (ਜ਼ਿਲ੍ਹਾ ਮੁਹਾਲੀ)’ ਵਲੋਂ ਜਿਲੇ ਦੇ 548 ਅੰਗਹੀਣ ਵਿਅਕਤੀਆਂ ਨੂੰ ਆਰਟੀਫਿਸ਼ੀਅਲ ਅੰਗ ਅਤੇ ਸਹਾਇਕ ਯੰਤਰ ਵੰਡੇ ਜਾਣੇ ਹਨ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਆਰਟੀਫਿਸ਼ੀਅਲ ਅੰਗ ਅਤੇ ਸਹਾਇਕ ਯੰਤਰਾਂ ਦੇ ਵੰਡਣ ਲਈ ਜਿਲੇ ਦੇ ਸਾਰੇ 11 ਬਲਾਕਾਂ ਵਿਚ ਬਲਾਕ ਪੱਧਰੀ ’ਤੇ ਕੈਂਪ ਲਗਾਏ ਜਾਣਗੇ। ਬਲਾਕ ਵਿਚ ਲੱਗਣ ਵਾਲੇ ਕੈਂਪਾਂ ਦੌਰਾਨ ਸਬੰਧਤ ਅਧਿਕਾਰੀ ਕੈਂਪ ਦੌਰਾਨ ਕੋਵਿਡ-19 ਦੀਆਂ ਹਦਾਇਤਾਂ ਦੀ ਇੰਨਬਿੰਨ ਪਾਲਣਾ ਕਰਨ ਨੂੰ ਯਕੀਨੀ ਬਣਾਉਣਗੇ।
ਉਨਾਂ ਦੱਸਿਆ ਕਿ ਜਿਲੇ ਦੇ 11 ਬਲਾਕ, ਸ੍ਰੀ ਹਰਗੋਬਿੰਦਪੁਰ, ਗੁਰਦਾਸਪੁਰ, ਦੀਨਾਨਗਰ, ਦੋਰਾਂਗਲਾ, ਧਾਰੀਵਾਲ, ਕਲਾਨੋਰ, ਡੇਰਾ ਬਾਬਾ ਨਾਨਕ, ਫਤਿਹਗੜ੍ਹ ਚੂੜੀਆਂ, ਕਾਹਨੂੰਵਾਨ, ਕਾਦੀਆਂ ਅਤੇ ਬਟਾਲਾ ਵਿਖੇ 01-10-2021 ਨੂੰ ਕੈਂਪ ਲੱਗਣਗੇ। ਉਪਰੋਕਤ ਕੈਂਪ ਬੀਡੀਪੀਓ ਦਫਤਰਾਂ ਵਿਚ ਲੱਗਣਗੇ ਅਤੇ ਇਨਾਂ ਕੈਂਪ ਦੌਰਾਨ ਨੋਡਲ ਅਫਸਰ ਅਤੇ ਸਹਾਇਕ ਨੋਡਲ ਅਫਸਰ ਵਜੋਂ ਸਬੰਧਤ ਬਲਾਕ ਦਾ ਬੀਡੀਪੀਓ, ਸੀਡੀਪੀਓ ਅਤੇ ਬਲਾਕ ਹੈੱਡ ਜੀਓਜੀ ਤਾਇਨਾਤ ਕੀਤੇ ਗਏ ਹਨ, ਜੋ ਕੈਂਪ ਵਿਚ ਅੰਗਹੀਣ ਨੂੰ ਆਰਟੀਫਿਸ਼ੀਅਲ ਅੰਗ ਅਤੇ ਸਹਾਇਕ ਯੰਤਰ ਮੁਹੱਈਆ ਕਰਵਾਉਣ ਲਈ ਜ਼ਿੰਮੇਵਾਰ ਹੋਣਗੇ।