ਪੁਲਿਸ ਅਧਿਕਾਰੀਆਂ ਨੂੰ ਤੜਕੇ ਬੁਲਾਉਣ ਦਾ ਮਕਸਦ ਬਟਾਲਾ ਪੁਲਿਸ ਦਾ ਕਵਿਕ ਰਿਸਪਾਂਸ ਚੈੱਕ ਕਰਨਾ – ਐੱਸ.ਐੱਸ.ਪੀ. ਬਟਾਲਾ
ਬਟਾਲਾ, 9 ਸਤੰਬਰ ( ਮੰਨਨ ਸੈਣੀ ) – ਵਿਆਹ ਪੁਰਬ ਸਬੰਧੀ ਬਟਾਲਾ ਪੁਲਿਸ ਵੱਲੋਂ ਸੁਰੱਖਿਆ ਦੀ ਪੁਖਤਾ ਤਿਆਰੀਆਂ ਕੀਤੀਆਂ ਗਈਆਂ ਹਨ। ਪੁਲਿਸ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਲਈ ਐੱਸ.ਐੱਸ.ਪੀ. ਬਟਾਲਾ ਸ੍ਰੀ ਅਸ਼ਵਨੀ ਕਪੂਰ ਨੇ ਅੱਜ ਤੜਕੇ 4 ਵਜੇ ਕਾਲ ਕਰਕੇ ਜ਼ਿਲ੍ਹੇ ਦੇ ਸਾਰੇ ਪੁਲਿਸ ਅਧਿਕਾਰੀਆਂ ਅਤੇ ਬਟਾਲਾ ਸ਼ਹਿਰ ਦੇ ਥਾਣਾਂ ਮੁਖੀਆਂ ਨੂੰ ਗਾਂਧੀ ਚੌਂਕ ਵਿੱਚ ਬੁਲਾਇਆ। ਐੱਸ.ਐੱਸ.ਪੀ. ਬਟਾਲਾ ਦਾ ਹੁਕਮ ਮਿਲਦਿਆਂ ਮਿੰਟਾਂ ਵਿੱਚ ਹੀ ਪੁਲਿਸ ਅਧਿਕਾਰੀ, ਥਾਣਾ ਮੁਖੀ ਅਤੇ ਪੁਲਿਸ ਜਵਾਨ ਗਾਂਧੀ ਚੌਂਕ ਵਿਖੇ ਹਾਜ਼ਰ ਹੋ ਗਏ।
ਸਵੇਰੇ 4 ਵਜੇ ਇੱਕਦਮ ਬੁਲਾਏ ਗਏ ਪੁਲਿਸ ਅਧਿਕਾਰੀਆਂ ਨਾਲ ਐੱਸ.ਐੱਸ.ਪੀ. ਬਟਾਲਾ ਨੇ ਗਾਂਧੀ ਚੌਂਕ ਵਿੱਚ ਹੀ ਵਿਆਹ ਪੁਰਬ ਦੀਆਂ ਤਿਆਰੀਆਂ ਸਬੰਧੀ ਚਰਚਾ ਕੀਤੀ। ਇਸ ਤੋਂ ਬਾਅਦ ਐੱਸ.ਐੱਸ.ਪੀ. ਸ੍ਰੀ ਅਸ਼ਵਨੀ ਕਪੂਰ ਦੀ ਅਗਵਾਈ ਹੇਠ ਬਟਾਲਾ ਪੁਲਿਸ ਵੱਲੋਂ ਸ਼ਹਿਰ ਦੀ ਪੈਟਰੋਲਿੰਗ ਕੀਤੀ ਗਈ।
ਇਸ ਮੌਕੇ ਐੱਸ.ਐੱਸ.ਪੀ. ਬਟਾਲਾ ਸ੍ਰੀ ਅਸ਼ਵਨੀ ਕਪੂਰ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਅਤੇ ਜਵਾਨਾਂ ਨੂੰ ਸਵੇਰੇ ਇੱਕ ਦਮ ਬੁਲਾਣ ਦਾ ਮਕਸਦ ਪੁਲਿਸ ਦੇ ਕਵਿਕ ਰਿਸਪਾਂਸ ਨੂੰ ਚੈੱਕ ਕਰਨਾ ਸੀ। ਉਨ੍ਹਾਂ ਕਿਹਾ ਕਿ ਸਾਰੇ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਮੈਸੇਜ ਮਿਲਦਿਆਂ ਹੀ ਤੁਰੰਤ ਮੌਕੇ ’ਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਬਟਾਲਾ ਪੁਲਿਸ ਹਰ ਸਮੇਂ ਤਿਆਰ-ਬਰ-ਤਿਆਰ ਕਿਸੇ ਵੀ ਹੰਗਾਮੀ ਹਾਲਤ ਦਾ ਟਾਕਰਾ ਕਰਨ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਵਿਆਹ ਪੁਰਬ ਸਬੰਧੀ ਵੀ ਬਟਾਲਾ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਇਸ ਸਬੰਧੀ ਸ਼ਹਿਰ ਵਿੱਚ ਨਾਕਾਬੰਦੀ ਵਧਾਈ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਸੰਗਤਾਂ ਨੂੰ ਪੂਰਾ ਸਹਿਯੋਗ ਕੀਤਾ ਜਾਵੇਗਾ ਅਤੇ ਸਾਰਿਆਂ ਦੇ ਸਹਿਯੋਗ ਨਾਲ ਇਸ ਪਾਵਨ ਦਿਹਾੜੇ ਨੂੰ ਮਨਾਇਆ ਜਾਵੇਗਾ।
ਇਸ ਮੌਕੇ ਐੱਸ.ਪੀ. ਗੁਰਪ੍ਰੀਤ ਸਿੰਘ ਗਿੱਲ, ਐੱਸ.ਪੀ. ਤੇਜਬੀਰ ਸਿੰਘ ਹੁੰਦਲ, ਐੱਸ.ਪੀ. ਵਰਿੰਦਰਪ੍ਰੀਤ ਸਿੰਘ, ਐੱਸ.ਪੀ. ਜਗਵਿੰਦਰਜੀਤ ਸਿੰਘ, ਡੀ.ਐੱਸ.ਪੀ. ਪਰਵਿੰਦਰ ਕੌਰ, ਡੀ.ਐੱਸ.ਪੀ. ਲਲਿਤ ਕੁਮਾਰ, ਡੀ.ਐੱਸ.ਪੀ. ਦੇਵ ਸਿੰਘ, ਡੀ.ਐੱਸ.ਪੀ. ਹਰਿੰਦਰ ਸਿੰਘ ਗਿੱਲ, ਡੀ.ਐੱਸ.ਪੀ. ਗੁਰਦੀਪ ਸਿੰਘ ਅਤੇ ਡੀ.ਐੱਸ.ਪੀ. ਗੁਰਿੰਦਰ ਸਿੰਘ ਅਤੇ ਥਾਣਾ ਮੁਖੀ ਵੀ ਹਾਜ਼ਰ ਸਨ।