ਨਗਰ ਨਿਗਮ ਵੱਲੋਂ ਬਟਾਲਾ ਸ਼ਹਿਰ ਵਿੱਚ ਵਿਸ਼ੇਸ਼ ਸਫ਼ਾਈ ਮੁਹਿੰਮ ਸ਼ੁਰੂ
ਬਟਾਲਾ, 9 ਸਤੰਬਰ ( ਮੰਨਨ ਸੈਣੀ ) – ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਸ. ਜਗਵਿੰਦਰਜੀਤ ਸਿੰਘ ਗਰੇਵਾਲ ਦੀਆਂ ਹਦਾਇਤਾਂ ’ਤੇ ਨਗਰ ਨਿਗਮ ਵੱਲੋਂ ਵਿਆਹ ਪੁਰਬ ਦੇ ਮੱਦੇਨਜ਼ਰ ਬਟਾਲਾ ਸ਼ਹਿਰ ਵਿੱਚ ਵਿਸ਼ੇਸ਼ ਸਫ਼ਾਈ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਨਿਗਮ ਦੇ ਸਫ਼ਾਈ ਕਰਮੀਆਂ ਵੱਲੋਂ ਸ਼ਹਿਰ ਦੀ ਸਫ਼ਾਈ ਕਰਨ ਦੇ ਨਾਲ ਕੂੜੇ ਨੂੰ ਚੁੱਕਿਆ ਜਾ ਰਿਹਾ ਹੈ ਤਾਂ ਜੋ ਸ਼ਹਿਰ ਦੀ ਦਿੱਖ ਨੂੰ ਖੂਬਸੂਰਤ ਬਣਾਇਆ ਜਾ ਸਕੇ। ਨਿਗਮ ਵੱਲੋਂ ਸਫ਼ਾਈ ਦੇ ਨਾਲ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਡਿਵਾਇਡਰਾਂ ਨੂੰ ਪੇਂਟ ਕੀਤਾ ਗਿਆ ਹੈ ਅਤੇ ਨਾਲ ਘਾਹ-ਬੂਟੀ ਨੂੰ ਕੱਟਿਆ ਜਾ ਰਿਹਾ ਹੈ। ਸੈਂਨਟਰੀ ਇੰਸਪੈਕਟਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹਰ ਰੋਜ਼ ਸਫ਼ਾਈ ਵਿਵਸਥਾ ਦਾ ਮੌਕੇ ’ਤੇ ਜਾ ਕੇ ਜਾਇਜਾ ਲੈਣ ਅਤੇ ਜਿਥੇ ਵੀ ਲੋੜ ਹੈ ਓਥੇ ਤੁਰੰਤ ਸਫ਼ਾਈ ਕਰਵਾਉਣ।
ਕਮਿਸ਼ਨਰ ਸ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਬਟਾਲਾ ਸ਼ਹਿਰ ਸਮੇਤ ਪੂਰੇ ਜਗਤ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਬਹੁਤ ਖਾਸ ਦਿਹਾੜਾ ਹੈ ਅਤੇ ਇਸ ਪਾਵਨ ਦਿਹਾੜੇ ਮੌਕੇ ਦੇਸ਼ ਵਿਦੇਸ਼ ਤੋਂ ਸੰਗਤਾਂ ਬਟਾਲਾ ਸ਼ਹਿਰ ਵਿਖੇ ਵਿਆਹ ਪੁਰਬ ਵਿੱਚ ਸ਼ਾਮਲ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸੰਗਤਾਂ ਦੀ ਸਹੂਲਤ ਲਈ ਨਗਰ ਨਿਗਮ ਬਟਾਲਾ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸੰਗਤਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ਹਿਰ ਨੂੰ ਵੱਖ-ਵੱਖ ਸੈਕਟਰਾਂ ਵਿੱਚ ਵੰਡ ਕੇ ਸਫ਼ਾਈ ਦੀ ਜਿੰਮੇਵਾਰੀ ਦਿੱਤੀ ਗਈ ਹੈ। ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸ਼ਹਿਰ ਦੀਆਂ ਸੀਵਰੇਜ ਲਾਈਨਾਂ ਪੂਰੀ ਤਰਾਂ ਸਾਫ਼ ਹੋਣ ’ਤੇ ਕਿਤੇ ਵੀ ਸੀਵਰੇਜ ਓਵਰ-ਫਲੋਅ ਨਾ ਹੋਵੇ। ਇਸ ਤੋਂ ਇਲਾਵਾ ਇਹ ਵੀ ਯਕੀਨੀ ਬਣਾਇਆ ਗਿਆ ਹੈ ਕਿ ਸ਼ਹਿਰ ਵਿੱਚ ਸੀਵਰੇਜ ਦਾ ਇੱਕ ਵੀ ਮੇਨ ਹੋਲ ਢੱਕਣ ਤੋਂ ਬਿਨ੍ਹਾਂ ਨਾ ਹੋਵੇ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਦੇ ਮਾਰਗ ਦੀਆਂ ਜਿਹੜੀਆਂ ਸੜਕਾਂ ਨਗਰ ਨਿਗਮ ਦੇ ਅਧੀਨ ਆਉਂਦੀਆਂ ਹਨ ਉਨ੍ਹਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ।
ਸ. ਗਰੇਵਾਲ ਨੇ ਕਿਹਾ ਕਿ ਵਿਆਹ ਪੁਰਬ ਦੇ ਮੱਦੇਨਜ਼ਰ ਬਟਾਲਾ ਸ਼ਹਿਰ ਨੂੰ ਵਿਸ਼ੇਸ਼ ਤੌਰ ’ਤੇ ਸ਼ਿੰਗਾਰਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਨੂੰ ਆਉਂਦੇ ਮਾਰਗਾਂ ’ਤੇ ਸਵਾਗਤੀ ਗੇਟ ਬਣਾਏ ਜਾਣਗੇ ਅਤੇ ਸ਼ਹਿਰ ਵਿੱਚ ਵੱਖ-ਵੱਖ ਥਾਈਂ ਝੰਡੇ ਲਗਾਏ ਜਾਣਗੇ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਕੇ ਲੰਗਰ ਨਿਰਧਾਰਤ ਥਾਵਾਂ ਉੱਪਰ ਹੀ ਲਗਾਉਣ ਅਤੇ ਨਾਲ ਹੀ ਲੰਗਰ ਵਾਲੇ ਸਥਾਨ ਦੇ ਆਸ-ਪਾਸ ਸਫ਼ਾਈ ਦਾ ਵੀ ਧਿਆਨ ਰੱਖਣ।