ਉਕਤ ਸਵਾਲ ਪਿਛਲੇ ਕਈ ਦਹਾਕਿਆਂ ਤੋਂ ਮਾਝੇ ਦੇ ਅਗਾਂਹਵਧੂ ਲੋਕਾਂ ਦੇ ਦਿਲਾਂ ਅੰਦਰ ਉਠ ਰਿਹਾ ਹੈ, ਪਰ ਅਫ਼ਸੋਸ ਇਹ ਖਿਆਲ ਉਨ੍ਹਾਂ ਦੀ ਜੁਬਾਨ ਤਕ ਪਹੁੰਚ ਕੇ ਆਵਾਜ਼ ਦਾ ਰੂਪ ਨਹੀਂ ਲੈ ਪਾਇਆ। ਜੋਂ ਆਪਦੇ ਲੀਡਰਾਂ ਨੂੰ ਵੋਟ ਪਾਉਣ ਵੇਲੇ ਮਾਝੇ ਦੀ ਸਰਦਾਰੀ ਦਾ ਸੁਪਨਾ ਵੇਖੀ ਬੈਠੇ ਹਨ। ਅਗਾਂਹਵਧੂ ਵੋਟਰ ਮਾਝੇ ਨਾਲ ਹੋ ਰਹੇ ਵਿਤਕਰੇ ਤੋਂ ਤੰਗ ਤਾਂ ਹੈ ਪਰ ਆਪਣੇ ਸਰਦਾਰ ਨੂੰ ਸਮਝਾਉਂਦਿਆਂ ਹੋਇਆ ਬਿੱਲੀ ਦੇ ਗਲੇ ਵਿੱਚ ਘੰਟੀ ਕੌਣ ਬੰਣੇ? ਪਰ ਹੁਣ ਉਹ ਮਾਝੇ ਦੇ ਜਰਨੈਲਾਂ ਤੇ ਸਵਾਲ ਚੁੱਕਣ ਤੇ ਮਜਬੂਰ ਹੋਇਆ ਪਿਆ ਅਤੇ ਆਪਣੇ ਜਰਨੈਲਾਂ ਤੋਂ ਦੱਬੀ ਆਵਾਜ਼ ਵਿੱਚ ਹੀ ਚੀਖਾਂ ਮਾਰ ਮਾਰ ਇਹ ਸਵਾਲ ਪੁੱਛ ਰਿਹਾ ਕਿ ਕਦੋਂ ਜਾਗਣਗੇ, ਕਦੋਂ ਇਕੱਠੇ ਹੋਵੋਗੇ ਅਤੇ ਪੰਜਾਬ ਦੀ ਸਰਦਾਰੀ ਆਪਣੇ ਘਰ ਆਪਣੇ ਮਾਝੇ ਕਦੋਂ ਆਵੇਗੀ?
ਇਹਨਾਂ ਦੇ ਦਿਲਾਂ ਅੰਦਰੋ ਉਠ ਰਹੀ ਇਹ ਮੱਠੀ ਮੱਠੀ ਕੂਕ ਦਾ ਕਹਿਣਾ ਹੈ ਕਿ ਮਾਲਵੇ ਨੂੰ ਤਾਂ ਕੈਪਟਨ ਅਤੇ ਬਾਦਲ ਤਾਰ ਗਏ। ਮਾਝੇ ਦੀ ਨੁਹਾਰ ਕਦੋਂ ਬਦਲੇਗੀ? ਕਦੋਂ ਤਕ ਤੁਸੀਂ ਮਾਲਵੇ ਦੇ ਸ਼ਾਹੀ ਹੁੱਕਿਆ ਦਾ ਪਾਣੀ ਬਦਲਦੇ ਰਹੋਗੇ? ਕਦੋਂ ਆਪਸੀ ਫੁੱਟ ਭੁਲਾਂ ਕੇ ਇਕਜੁੱਟ ਹੋ ਕੇ ਪੰਜਾਬ ਅੰਦਰ ਮਾਝੇ ਦਾ ਝੰਡਾ ਬੁਲੰਦ ਕਰਦੇ ਹੋਏ ਕਮਾਨ ਮਾਝੇ ਕੋਲ ਲਿਆਉਣ ਦੀ ਕੋਸ਼ਿਸ਼ ਕਰੋਗੇ?
ਮਾਝਾ ਜਿਸ ਦੇ ਜਰਨੈਲਾਂ ਦੀ ਜਿੱਤ ਬਗ਼ੈਰ ਕਦੇ ਕਿਸੇ ਪਾਰਟੀ ਨੇ ਪੰਜਾਬ ਜਿੱਤਣ ਦਾ ਸੁਪਨਾ ਵੀ ਨਹੀਂ ਵੇਖਿਆ। ਇਸ ਦੇ ਮੁਆਵਜ਼ੇ ਦੇ ਤੋਰ ਤੇ ਮਾਝੇ ਦੇ ਜਰਨੈਲਾਂ ਨੂੰ ਸ਼ਾਹੀ ਦਰਬਾਰ ਦਾ ਮਹਿਜ਼ ਛੋਟਾ ਮੋਟਾ ਵਜ਼ੀਰ ਬਣਾ ਕੇ ਉਸ ਰੋਂਦੇ ਬੱਚੇ ਵਾਂਗ ਸਮਝਿਆ ਜਾਂਦਾ ਹੈ ਜਿਸ ਦੇ ਹੱਥ ਵਿੱਚ ਛੁਣਛੁਣਾ ਫੜਾ ਦਿੱਤਾ ਜਾਵੇ ਅਤੇ ਬੱਚਾ ਛੁਣਛੁਣੇ ਨੂੰ ਹੀ ਰਾਕਟ ਸਮਝ ਮੋਜਾਂ ਮਾਰਦ ਹੈ । ਆਖਿਰ ਕਿਉਂ ਮਾਝੇ ਦੇ ਹਿੱਸੇ ਪੰਜਾਬ ਦੀ ਸਰਦਾਰੀ ਨਹੀਂ ਆਈ? ਲੋਕਾਂ ਦਾ ਕਹਿਣਾ ਸਾਫ ਹੈ ਕਿ ਮਾਝੇ ਦੇ ਜਰਨੈਲ ਅੰਦਰ ਕਾਬਲੀਅਤ ਹੋਣ ਦੇ ਬਾਵਜੂਦ ਵੀ ਉਸ ਬੁਲੰਦੀ ਤੱਕ ਮਾਝੇ ਨੂੰ ਨਹੀਂ ਲੈ ਕੇ ਜਾ ਸਕੇ ਜਿਸ ਬੁਲੰਦੀ ਦਾ ਮਾਝਾ ਹੱਕਦਾਰ ਸੀ।
ਮਾਲਵੇ ਵਾਲੇ ਇਹ ਭਲੀਭਾਂਤੀ ਜਾਣਦੇ ਹਨ ਕੀ ਅਗਰ ਮਾਝਾ ਇਕ ਜੁੱਟ ਹੋ ਗਿਆ ਤਾਂ ਉਨ੍ਹਾਂ ਦੀ ਪੇਸ਼ ਨਹੀਂ ਚੱਲ ਸਕਦੀ। ਸੋ ਉਹਨਾਂ ਨੇ ਮਾਝੇ ਦੇ ਜਰਨੈਲਾਂ ਨੂੰ ਆਪਸ ਵਿਚ ਲੜਾਉਣ ਦਾ ਹੀ ਹਰ ਹੀਲਾ ਵਰਤਿਆ ਅਤੇ ਇਥੋਂ ਦੇ ਜਰਨੈਲਾਂ ਨੂੰ ਦੋ ਫਾੜ ਕਰਣ ਦਾ ਹਰ ਹੀਲਾ ਵਰਤਿਆ। ਜਿਸ ਵਿੱਚ ਉਹ ਕਾਮਯਾਬ ਵੀ ਰਹੇ। ਮਾਲਵੇ ਵਾਲਿਆਂ ਨਾਲੋਂ ਜ਼ਿਆਦਾ ਕਸੂਰਵਾਰ ਮਾਝੇ ਦੇ ਹੀ ਆਪਣੇ ਜਰਨੈਲ ਰਹੇ ਜਿਹੜੇ ਮੈਂ ਮੈਂ ਕਰਦੇ ਰਹੇ ਅਤੇ ਬੱਕਰੇ ਵਾਂਗ ਆਪਣੀ ਹੀ ਖੱਲ ਲੁਹਾਉਦੇ ਰਹੇਂ ਅਤੇ ਆਪਦੇ ਘਰ ਵਿਚ ਲੱਗਣ ਵਾਲੇ ਰੁੱਖ ਦਿਆਂ ਜੜਾਂ ਆਪ ਵੱਢਦੇ ਰਹੇ।
ਆਪਣਾ ਘਰ ਫੂਕ ਤਮਾਸ਼ਾ ਵੇਖਣ ਵਾਲਿਆਂ ਵਿੱਚ ਮਾਝੇ ਦਿਆਂ ਸਾਰਿਆਂ ਪਾਰਟੀਆਂ ਦੇ ਆਗੂ ਸ਼ਾਮਲ ਹਨ, ਜਿਹਨਾਂ ਨੇ ਹਮੇਸ਼ਾ ਇਕ ਦੂਜੇ ਦੀ ਲੱਤ ਹੀ ਖਿੱਚੀ। ਇਹ ਲੀਡਰ ਮਾਝੇ ਦੇ ਜਰਨੈਲ ਕਹਾਉਣ ਵਿੱਚ ਤਾਂ ਸਫਲ ਰਹੇ ਪਰ ਪੰਜਾਬ ਦਾ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਨਾ ਬਣ ਪਾਏ ਅਤੇ ਨਾ ਹੀ ਬਠਿੰਡੇ , ਪਟਿਆਲੇ ਵਾਂਗ ਇਹਨਾਂ ਦੇ ਹਲਕਿਆਂ ਵਿਚ ਵਿਕਾਸ , ਰੋਜ਼ਗਾਰ, ਦਿਆਂ ਲਹਿਰਾਂ ਬਹਿਰਾਂ ਲੱਗਿਆ।
ਅੱਜ ਵੀ ਵਕਤ ਹੈ ਮਾਝੇ ਦੇ ਜਰਨੈਲਾਂ ਦਾ ਜਿਨ੍ਹਾਂ ਬਿਨਾਂ ਕੋਈ ਵੀ ਸਰਕਾਰ ਨਹੀਂ ਬਣ ਸਕਦੀ। ਅੱਜ ਵੀ ਇਹ ਜਰਨੈਲ ਚਾਹੇ ਕਿਸੇ ਵੀ ਪਾਰਟੀ ਦੇ ਹੋਣ ਇਕੱਠੇ ਹੋ ਜਾਣ ਤਾਂ ਪੰਜਾਬ ਵਿੱਚ ਧਮਾਲ ਮਚਾ ਸੱਕਦੇ ਹਨ। ਲੋੜ ਬੱਸ ਇੱਕਠਿਆ ਹੋਣ ਦੀ ਹੈ। ਜੋਂ ਹਾਜ਼ਰੀਆਂ ਤੁਸੀਂ ਮਾਲਵੇ ਦੁਆਬੇ ਜਾ ਕੇ ਭਰਦੇ ਹੋਂ, ਉਹਨਾਂ ਹਾਜ਼ਰੀਆਂ ਦੀ ਥਾਂ ਤੁਸੀਂ ਆਪ ਸਰਦਾਰੀ ਮਾਲਵੇ ਦੇ ਲੀਡਰਾਂ ਨਾਲ ਰੱਲ ਕੇ ਕਰ ਸਕਦੇ ਹੋ। ਖੈਰ ਬਾਕੀ ਸੋਚ ਸਾਰਿਆਂ ਲੀਡਰਾਂ ਦੀ ਆਪੋ-ਆਪਣੀ ਹੈ ਪਰ ਤੁਹਾਡੀ ਆਪੋ ਆਪਣੀ ਸੋਚ ਨੇ ਮਾਝੇ ਦਾ ਨੁਕਸਾਨ ਜ਼ਰੂਰ ਕਰਨਾ ਹੈ, ਜਿਸ ਦੇ ਜ਼ਿਆਦਾਤਰ ਜ਼ਿੰਮੇਵਾਰ ਮਾਲਵੇ ਨਾਲੋਂ ਤੁਸੀਂ ਮਾਝੇ ਆਲੇ ਆਪ ਹੋਵੋਗੇ। ਗੱਲ ਸਿਰਫ ਸੋਚਣ ਵਿਚਾਰਨ ਦੀ ਹੈ।
ਮੰਨਨ ਸੈਣੀ