ਗੁਰਦਾਸਪੁਰ, 26 ਅਗਸਤ ( ਮੰਨਨ ਸੈਣੀ )। ਪੰਜਾਬ ਸਰਕਾਰ ਦੇ ਪ੍ਰਸ਼ਾਸਕੀ ਸੁਧਾਰ ਤੇ ਲੋਕ ਸ਼ਿਕਾਇਤਾਂ ਮਾਮਲੇ ਵਿਭਾਗ ਅਤੇ ਈ-ਗਵਰਨੈਂਸ ਸੁਸਾਇਟੀ ਵੱਲੋਂ ਸੇਵਾ ਕੇਂਦਰਾਂ ‘ਚ ਵਪਾਰੀਆਂ ਦੀ ਸਹੂਲਤ ਲਈ ਦੋ ਹੋਰ ਸੇਵਾਵਾਂ ਦਾ ਵਾਧਾ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਜ਼ਿਲ੍ਹੇ ਦੇ 40 ਸੇਵਾ ਕੇਂਦਰਾਂ ‘ਚ ਹੁਣ ਨਵੇਂ ਅਤੇ ਨਵਿਆਉਣ ਯੋਗ (ਰੀਨਿਊ) ਟਰੇਡ ਲਾਇਸੈਂਸ ਦੀਆਂ ਸੇਵਾਵਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿੱਚ ਲੋਕਾਂ ਨੂੰ ਪ੍ਰਸ਼ਾਸਕੀ ਸੇਵਾਵਾਂ ਬਿਹਤਰ ਢੰਗ ਨਾਲ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਨੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਦਿੱਤੇ ਜਾਂਦੇ ਟਰੇਡ ਲਾਇਸੈਂਸ ਦੀ ਸੇਵਾ ਵੀ ਹੁਣ ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰ ‘ਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹੁਣ ਵਪਾਰੀ ਆਪਣਾ ਨਵਾਂ ਟਰੇਡ ਲਾਇਸੈਂਸ ਜਾ ਫੇਰ ਰੀਨਿਊ ਕਰਵਾਉਣ ਲਈ ਆਪਣੇ ਨੇੜਲੇ ਸੇਵਾ ਕੇਂਦਰ ਨਾਲ ਸੰਪਰਕ ਕਰ ਸਕਦੇ ਹਨ।