ਲਾਭਪਤਾਰੀ ਵੱਖ-ਵੱਖ ਸਮਾਜਿਕ ਭਲਾਈ ਸਕੀਮਾਂ ਦਾ ਘਰ ਬੈਠੇ ਹੀ ਵੀ.ਐਲ.ਈ ਨਾਲ ਸੰਪਰਕ ਕਰਕੇ ਲੈ ਸਕਦੇ ਨੇ ਲਾਭ
ਗੁਰਦਾਸਪੁਰ, 20 ਅਗਸਤ ( ਮੰਨਨ ਸੈਣੀ )। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਸਮੂਹ ਪੇਂਡੂ ਪੱਧਰ ਉਦਯੋਗਪਤੀ (ਵੀ.ਐਲ.ਈ) ਨਾਲ ਜੂਮ ਰਾਹੀਂ ਮੀਟਿੰਗ ਕੀਤੀ ਗਈ, ਜਿਸ ਵਿਚ ਜਸਪਾਲ ਸਿੰਘ ਸਟੇਟ ਹੈੱਡ ਕਾਮਨ ਸਰਵਿਸ ਸੈਂਟਰ ਪੰਜਾਬ , ਪ੍ਰਵੀਨ ਕੁਮਾਰ ਜਿਲਾ ਮੈਨੇਜਰ, ਸੁਨੀਲ ਕੁਮਾਰ ਡੀ.ਐਮ, ਦਿਲਾਵਰ ਸਿੰਘ ਜ਼ਿਲਾ ਕੁਆਰਡੀਨੇਟਰ ਅਤੇ ਵੀ.ਐਲ.ਵੀ ਮੋਜੂਦ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਅੰਦਰ ਜੋ ਲੋੜਵੰਦ ਲੋਕ, ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਮਾਜਿਕ ਭਲਾਈ ਸਕੀਮਾਂ ਦਾ ਲਾਭ ਲੈਣ ਤੋਂ ਵਾਂਝੇ ਰਹਿ ਗਏ ਸਨ , ਉਨਾਂ ਵਿਅਕਤੀਆਂ ਨੂੰ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਆਸ਼ਰਿਤ ਅਤੇ ਅਪੰਗ ਲਾਭਪਾਤਰੀਆਂ ਨੂੰ ਵਿੱਤੀ ਸਹਾਇਤਾ, ਸਰਬੱਤ ਸਿਹਤ ਬੀਮਾ ਕਾਰਡ, ਯੂ.ਡੀ.ਆਈ.ਡੀ ਕਾਰਡ, ਰਾਸ਼ਨ ਕਾਰਡ, ਲੇਬਰ ਕਾਰਡ, ਗਰਭਵਤੀ ਔਰਤਾਂ ਨੂੰ ਵਿੱਤੀ ਸਹਾਇਤਾ ਅਤੇ ਰੁਜ਼ਗਾਰ ਅਤੇ ਸਵੈ-ਰੋਜ਼ਗਾਰ ਸਥਾਪਤੀ ਕਰਨ ਆਦਿ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਉਨਾਂ ਦੇ ਕਾਰਡ ਬਣਾਏ ਜਾ ਰਹੇ ਹਨ ਤਾਂ ਜੋ ਉਹ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਲੈ ਸਕਣ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪਿੰਡਾਂ ਅਤੇ ਸ਼ਹਿਰਾਂ ਵਿਚ ਕੈਂਪਾਂ ਦੌਰਾਨ ਉਪਰੋਕਤ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਲਾਭਪਾਤਰੀ ਵੀ.ਐਲ.ਵੀ ਕੋਲੋ ਜਾ ਕੇ ਫਾਰਮ ਭਰਵਾ ਕੇ ਆਪਣਾ ਕਾਰਡ ਬਣਵਾ ਸਕਦੇ ਹਨ। ਉਨਾਂ ਵੀ.ਐਲ.ਈ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਲੋੜਵੰਦ ਲਾਭਪਾਤਰੀਆਂ ਦੇ ਕਾਰਡ ਬਣਾਉਣ ਵਿਚ ਕਿਸੇ ਪ੍ਰਕਾਰ ਦੀ ਢਿੱਲਮੱਠ ਨਾ ਰੱਖਣ।
ਮੀਟਿੰਗ ਦੌਰਾਨ ਕਾਮਨ ਸਰਵਿਸ ਸੈਂਟਰ ਦੇ ਅਧਿਕਾਰੀਆਂ ਵਲੋਂ ਦੱਸਿਆ ਕਿ ਕਾਮਨ ਸਰਵਿਸ ਸੈਂਟਰ ਵਿਚ ਪੈਨ ਕਾਰਡ, ਪਾਸਪੋਰਟ, ਟੈਲੀ-ਮੈਡੀਸਨ, ਟੈਲੀ-ਲਾਅ, ਟੈਲੀ–ਕੇਵੀਕੇ, ਬੈਕਿੰਗ ਸੇਵਾਵਾਂ (ਖਾਤਾ ਖੁੱਲ੍ਹਵਾਉਣ ਅਤੇ ਪੈਨਸ਼ਨ ਕਢਵਾਉਣ), ਸਰਬੱਤ ਸਿਹਤ ਬੀਮਾ ਕਾਰਡ, ਅਲਿਮਕੋ ਅਤੇ ਯੂਡੀਆਈਡੀ, ਡੀਟੀਐਚ ਰੀਚਾਰਜ, ਮੋਬਾਇਲ ਬਿੱਲ ਅਦਾਇਗੀ, ਈ.ਲਰਿਨੰਗ, ਬੀਮਾ, ਆਨਲਾਈਨ ਸਿਖਲਾਈ ਅਤੇ ਬਿਜਲੀ ਦੇ ਬਿੱਲ ਭਰਨ ਆਦਿ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਲੋਕ ਨੇੜੇ ਦੇ ਕਾਮਨ ਸਰਵਿਸ ਸੈਂਟਰ ਵਿਚ ਜਾ ਕੇ ਉਪਰੋਕਤ ਸਕੀਮਾਂ ਦਾ ਲਾਭ ਲੈ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਾਮਨ ਸਰਵਿਸ ਸੈਂਟਰਾਂ ਵਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਦਾ ਘਰ ਬੈਠੇ ਹੀ ਲਾਭ ਪ੍ਰਾਪਤ ਕਰਨ ਅਤੇ ਵੀ.ਐਲ.ਈ ਨਾਲ ਰਾਬਤਾ ਕਰਕੇ ਆਪਣੇ ਕਾਰਡ ਜਰੂਰ ਬਣਾਉਣ।