ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਭਾਲੀ ਦੋਵੇਂ ਪਾਰਟੀਆਂ ਦੀ ਕਮਾਨ, ਗਿਣੀ ਮਿਥੀ ਯੋਜਨਾ ਤਹਿਤ ਭਾਜਪਾ ਅਕਾਲੀ ਦਲ ‘ਚ ਭੇਜ ਰਹੀ ਹੈ ਆਪਣੇ ਆਗੂ
ਖੇਤੀ ਕਾਨੂੰਨਾਂ ਕਾਰਨ ਭਾਜਪਾ ਆਗੂਆਂ ਨੂੰ ਪਿੰਡਾਂ ਵਿਚ ਨਹੀਂ ਵੜਨ ਦੇ ਰਹੇ ਲੋਕ
ਚੰਡੀਗੜ੍ਹ, 20 ਅਗਸਤ– ਆਮ ਆਦਮੀ ਪਾਰਟੀ (ਆਪ) ਨੇ ਥੋਕ ਦੇ ਭਾਅ ‘ਚ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋ ਰਹੇ ਪੰਜਾਬ ਭਾਜਪਾ ਆਗੂਆਂ ਬਾਰੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਕਾਲੀ ਦਲ ਬਾਦਲ ਦਾ ਰਿਮੋਟ ਕੰਟਰੋਲ ਆਪਣੇ ਹੱਥ ਵਿੱਚ ਲੈ ਲਿਆ ਹੈ। ਭਾਜਪਾ ਆਗੂਆਂ ਦਾ ਵੱਡੇ ਪੱਧਰ ‘ਤੇ ਅਕਾਲੀ ਦਲ ਬਾਦਲ ‘ਚ ਸ਼ਾਮਲ ਹੋਣਾ ਇੱਕ ਗਿਣੀ-ਮਿਥੀ ਯੋਜਨਾ ਦਾ ਹਿੱਸਾ ਹੈ। ਪੰਜਾਬ ਦੇ ਲੋਕਾਂ ਨੂੰ ਇਸ ਖ਼ਤਰਨਾਕ ਅਤੇ ਨਾਪਾਕ ਗੱਠਜੋੜ ਤੋਂ ਸੁਚੇਤ ਰਹਿਣਾ ਪਵੇਗਾ।
ਸ਼ੁੱਕਰਵਾਰ ਨੂੰ ਪਾਰਟੀ ਦੇ ਕੌਮੀ ਬੁਲਾਰੇ ਅਤੇ ਪੰਜਾਬ ਮਾਮਲਿਆਂ ਬਾਰੇ ਸਹਿ ਇੰਚਾਰਜ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਅੱਜ ਵੀ ਅਕਾਲੀ ਦਲ ਬਾਦਲ ਅਤੇ ਭਾਜਪਾ ਦਾ ਪੰਜਾਬ ਅੰਦਰ ਗੱਠਜੋੜ ਬਰਕਰਾਰ ਹੈ। ਪੂਰੇ ਤਰੀਕੇ ਨਾਲ ਬਾਦਲ ਅਤੇ ਭਾਜਪਾ ਮਿਲ ਕੇ ਚੋਣਾ ਲੜ ਰਹੇ ਹਨ। ਫ਼ਰਕ ਸਿਰਫ਼ ਐਨਾ ਹੈ ਕਿ ਪਹਿਲਾਂ ਸਿੱਧਾ ਸਮਝੌਤਾ ਸੀ, ਜੋ ਹੁਣ ਅਸਿੱਧੇ (ਅਪ੍ਰਤੱਖ) ਗੱਠਜੋੜ ਬਣਾ ਗਿਆ ਹੈ।
ਰਾਘਵ ਚੱਢਾ ਨੇ ਕਿਹਾ ਕਿ ਖੇਤੀ ਬਾਰੇ ਕਾਲੇ ਕਾਨੂੰਨਾਂ ਕਰਕੇ ਭਾਜਪਾ ਦੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਹਰੇਕ ਪੱਧਰ ਦੇ ਆਗੂਆਂ ਨੂੰ ਲੋਕ ਪਿੰਡਾਂ-ਸ਼ਹਿਰਾਂ ‘ਚ ਵੜਨ ਨਹੀਂ ਦੇ ਰਹੇ। ਲੋਕ ਭਾਜਪਾ ਆਗੂਆਂ ਨੂੰ ਨਫ਼ਰਤ ਕਰਨ ਲੱਗੇ ਹਨ ਅਤੇ ਇਹਨਾਂ ਨੂੰ ਆਪਣੇ ਗਲੀ ਮੁਹੱਲਿਆਂ ‘ਚ ਦੇਖਣਾ ਤੱਕ ਨਹੀਂ ਚਾਹੁੰਦੇ, ਦਰਵਾਜ਼ਾ ਖੋਲ੍ਹਣਾ ਤਾਂ ਦੂਰ ਦੀ ਗੱਲ ਹੈ। ਅਜਿਹੇ ਹਲਾਤ ‘ਚ ਭਾਜਪਾ ਸਿੱਧੇ ਤੌਰ ‘ਤੇ ਸਾਹਮਣੇ ਆ ਕੇ ਚੋਣਾਂ ਲੜਨ ਦੀ ਸਥਿਤੀ ਵਿਚ ਨਹੀਂ ਰਹੀ ਭਾਜਪਾ ਅਤੇ ਬਾਦਲਾਂ ਨੇ ਮਿਲ ਕੇ ਯੋਜਨਾ ਘੜੀ ਕਿ ਭਾਜਪਾ ਆਪਣੇ ਸਾਰੇ ਆਗੂ ਅਤੇ ਕਾਡਰ ਅਕਾਲੀ ਦਲ ਬਾਦਲ ‘ਚ ਭੇਜੇਗੀ ਅਤੇ ਪਿਛਲੇ ਕੁੱਝ ਦਿਨਾਂ ਤੋਂ ਬਾਦਲ ਅਤੇ ਭਾਜਪਾ ਇਸੇ ਯੋਜਨਾ ਨੂੰ ਅਮਲੀ ਰੂਪ ਦੇ ਰਹੇ ਹਨ। ਜਿਸ ਤਹਿਤ ਸਾਬਕਾ ਮੰਤਰੀ, ਵਿਧਾਇਕ ਅਤੇ ਅਹੁਦੇਦਾਰ ਅਕਾਲੀ ਦਲ ਬਾਦਲ ‘ਚ ਸ਼ਾਮਲ ਹੋ ਰਹੇ ਹਨ।
ਰਾਘਵ ਚੱਢਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਰਣਨੀਤੀ ਤਹਿਤ ਭਾਜਪਾ ਆਗੂ ਹੁਣ ਅਕਾਲੀ ਦਲ ਬਾਦਲ ਦੇ ਭੇਸ ‘ਚ ਲੋਕਾਂ ਕੋਲ ਜਾਣ ਦੀ ਤਾਕ ‘ਚ ਹਨ। ਇਸ ਬਾਰੇ ਪੰਜਾਬ ਦੇ ਲੋਕਾਂ ਨੂੰ ਸਾਵਧਾਨ ਕਰਨਾ ਚਾਹੁੰਦੇ ਹਾਂ ਕਿ ਅੱਜ ਅਕਾਲੀ ਦਲ ਬਾਦਲ ਅਤੇ ਭਾਜਪਾ ‘ਚ ਕੋਈ ਫ਼ਰਕ ਨਹੀਂ ਹੈ। ਇਸ ਲਈ ਅਕਾਲੀ ਦਲ ਬਾਦਲ ਨੂੰ ਵੋਟ ਦੇਣ ਦਾ ਮਤਲਬ ਸਿੱਧਾ ਸਿੱਧਾ ਭਾਜਪਾ ਨੂੰ ਵੋਟ ਦੇਣਾ ਹੈ।
ਰਾਘਵ ਚੱਢਾ ਨੇ ਕਿਹਾ ਕਿ ਬਾਦਲਾਂ ਅਤੇ ਭਾਜਪਾ ਦਾ ਰਿਸ਼ਤਾ ਨਾ ਕੇਵਲ ਬਰਕਰਾਰ ਹੈ, ਸਗੋਂ ਹੋਰ ਗਹਿਰਾ ਹੋ ਗਿਆ ਹੈ, ਕਿਉਂਕਿ ਪਹਿਲਾਂ ਭਾਜਪਾ ਅਤੇ ਅਕਾਲੀ ਦਲ ਬਾਦਲ ਗੱਠਜੋੜ ਤਹਿਤ ਆਪਣੀਆਂ ਆਪਣੀਆਂ ਸੀਟਾਂ ਉੱਪਰ ਚੋਣਾ ਲੜਦੇ ਸਨ, ਪ੍ਰੰਤੂ ਪੰਜਾਬ ਦੀ ਸੱਤਾ ਹਾਸਲ ਕਰਨ ਲਈ ਹੁਣ ਭਾਜਪਾ ਅਕਾਲੀ ਦਲ ਬਾਦਲ ਦੇ ਰੂਪ ‘ਚ ਚੋਣਾ ਲੜ ਰਹੀ ਹੈ।
‘ਆਪ’ ਆਗੂ ਚੱਢਾ ਨੇ ਕਿਹਾ ਕਿ ਅਕਾਲੀ ਦਲ ਬਾਦਲ ਹੁਣ ਪੂਰੀ ਤਰਾਂ ਪ੍ਰਧਾਨ ਮੰਤਰੀ ਮੋਦੀ ਦੀ ਪਾਰਟੀ ਬਣ ਗਈ ਹੈ ਅਤੇ 2022 ਦੀਆਂ ਚੋਣਾ ਮੌਕੇ ਦੋਵੇਂ ਪਾਰਟੀਆਂ ਦਾ ਰਿਮੋਟ ਕੰਟਰੋਲ ਪੂਰੀ ਤਰ੍ਹਾਂ ਨਰਿੰਦਰ ਮੋਦੀ ਦੇ ਹੱਥ ‘ਚ ਹੋਵੇਗਾ।