ਕਾਂਗਰਸੀ ਵਜ਼ੀਰਾਂ ‘ਤੇ ਡਰਾਮੇਬਾਜ਼ੀ ਕਰਕੇ ਵਾਰ- ਵਾਰ ਬੇਅਦਬੀ ਕਰਨ ਦੇ ਦੋਸ਼ ਲਾਏ
ਬਟਾਲਾ, 7 ਅਗਸਤ। ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਦੇ ਸੀਨੀਅਰ ਆਗੁੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਗੁਰੂ ਚਰਨ ਛੋਹ ਪ੍ਰਾਪਤ ਬਟਾਲਾ ਦੀ ਪਵਿੱਤਰ ਧਰਤੀ ‘ਤੇ ਪਹੁੰਚ ਕੇ ਇਲਾਕੇ ਦੇ ਦੋਨੋਂ ਵਜ਼ੀਰਾਂ ਸੁੱਖਜਿੰਦਰ ਸਿੰਘ ਸੁੱਖੀ ਰੰਧਾਵਾ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਅਪੀਲ ਕੀਤੀ ਹੈ ਕਿ ਉਹ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਮਾਮਲੇ ‘ਚ ਇਨਸਾਫ਼ ਦੇ ਨਾਂਅ ‘ਤੇ ਡਰਾਮੇਬਾਜ਼ੀ ਛੱਡ ਦੇਣ, ਕਿਉਂਕਿ ਚਿੱਠੀਆਂ- ਪੱਤਰਾਂ ਦਾ ਹੋਛਾਪਣ ਇਨਸਾਫ਼ ਨਹੀਂ ਦਿਵਾ ਸਕਦਾ, ਸਗੋਂ ਇਸ ਨਾਲ ਅੱਲੇ ਜ਼ਖ਼ਮ ਹੋਰ ਦਰਦ ਦਿੰਦੇ ਹਨ।
ਹਰਪਾਲ ਸਿੰਘ ਚੀਮਾ ਪਾਰਟੀ ਦੇ ਹਲਕਾ ਇੰਚਾਰਜ ਸ਼ੈਰੀ ਕਲਸੀ ਵੱਲੋਂ ਕਰਵਾਏ ਵਡਾਲਾ ਗਰੰਥੀਆਂ ਵਿੱਚ ਕਰਵਾਏ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਸਨ। ਇਸ ਮੌਕੇ ਉਨਾਂ ਨਾਲ ਜ਼ਿਲਾ ਪ੍ਰਧਾਨ ਕਸ਼ਮੀਰ ਸਿੰਘ, ਯੂਥ ਵਿੰਗ ਦੇ ਜ਼ਿਲਾ ਮੀਤ ਪ੍ਰਧਾਨ ਮਨਦੀਪ ਮਿੱਠਾ ਸਮੇਤ ਵੱਖ ਵੱਖ ਬਲਾਕਾਂ ਦੇ ਪ੍ਰਧਾਨ ਬਲਰਾਜ ਸਿੰਘ, ਡਾ. ਜਗਦੀਸ਼ ਸਿੰਘ, ਗੁਰਦਰਸ਼ਨ ਸਿੰਘ ਤੇ ਰਜਿੰਦਰ ਸਿੰਘ ਆਦਿ ਪ੍ਰਮੁੱਖ ਆਗੂ ਮੌਜ਼ੂਦ ਸਨ।
ਹਰਪਾਲ ਸਿੰਘ ਚੀਮਾ ਨੇ ਮਾਝੇ ਦੀ ਸਰਜਮੀਂ ਤੋਂ ਕੈਬਨਿਟ ਮੰਤਰੀ ਸੁੱਖੀ ਰੰਧਾਵਾ ਅਤੇ ਤ੍ਰਿਪਤ ਬਾਜਵਾ ਨੂੰ ਲਲਕਾਰ ਦਿੰਦਿਆਂ ਕਿਹਾ, ‘ ਜੇ ਤੁਹਾਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ‘ਚ ਇਨਸਾਫ਼ ਨਾ ਮਿਲਣ ਦਾ ਸੱਚਮੁੱਚ ਦਰਦ ਹੈ ਤਾਂ ਆਪਣੇ ਮੁੱਖ ਮੰਤਰੀ/ ਗ੍ਰਹਿ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀਆਂ ਲਿਖ ਕੇ ਵਕਤ ਜਾਇਆ ਨਾ ਕਰੋ। ਪਸ਼ਚਾਤਾਪ ਕਰਦੇ ਹੋਏ ਵਜ਼ੀਰੀ ਅਤੇ ਕਾਂਗਰਸ ਦੋਵਾਂ ਨੂੰ ਛੱਡੋ, ਕਿਉਂਕਿ ਸਾਢੇ ਚਾਰ ਸਾਲ ਸੱਤਾ ਤੁਸੀਂ ਵੀ ਬਰਾਬਰ ਭੋਗੀ ਹੈ। ਬੇਅਦਬੀ ਸਮੇਤ ਸਾਰੇ ਮਾਮਲਿਆਂ ‘ਤੇ ਕਾਂਗਰਸ ਸਰਕਾਰ ਦੀਆਂ ਨਲਾਇਕੀਆਂ- ਨਾਕਾਮੀਆਂ ਦੇ ਤੁਸੀਂ ਵੀ ਬਰਾਬਰ ਦੇ ਜ਼ਿੰਮੇਵਾਰ ਹੋ। ਲੋਕਾਂ ਨੂੰ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਨਾ ਕਰੋ। ਲੋਕਾਂ ਨੇ ਤੁਹਾਡੇ ਕੋਲੋਂ ਥਾਂ- ਥਾਂ ‘ਤੇ ਇਹਨਾਂ ਗੱਲਾਂ ਦਾ ਜਵਾਬ ਮੰਗਣਾ ਹੀ ਮੰਗਣਾ ਹੈ, ਤਿਆਰ ਰਹੋ।’