ਚੰਡੀਗੜ, 5 ਅਗਸਤ:- ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਕੋਵਿਡ-19 ਮਹਾਮਾਰੀ ’ਤੇ ਨਜ਼ਰ ਰੱਖਣ ਅਤੇ ਇਸ ਸਬੰਧੀ ਸਮੁੱਚੀ ਜਾਣਕਾਰੀ ਪ੍ਰਾਪਤ ਕਰਨ ਲਈ ਸਕੂਲ ਮੁਖੀਆਂ ਨੂੰ ਰੋਜ਼ਮਰਾ ਦੇ ਆਧਾਰ ’ਤੇ ਸਾਰੀ ਸੂਚਨਾ ਈ-ਪੰਜਾਬ ਪੋਰਟਲ ’ਤੇ ਅਪਲੋਡ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸੂਬੇ ਭਰ ਵਿੱਚ ਦੋ ਅਗਸਤ ਤੋਂ ਸਕੂਲ ਪੂਰੀ ਤਰਾਂ ਖੋਲ ਦਿੱਤੇ ਗਏ ਹਨ। ਇਸ ਕਰਕੇ ਕਰੋਨ ਦੇ ਸਬੰਧ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰ ਅਮਲੇ ਬਾਰੇ ਰੋਜ਼ਾਨਾ ਸਾਰੀ ਸੂਚਨਾ ਆਨ ਲਾਈਨ ਭੇਜਣ ਲਈ ਸਮੂਹ ਸਰਕਾਰੀ, ਮਾਨਤਾ ਪ੍ਰਾਪਤ, ਪ੍ਰਾਇਵੇਟ ਏਡਿਡ ਅਤੇ ਪ੍ਰਾਇਵੇਟ ਸਕੂਲਾਂ ਦੇ ਮੁਖੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਬੁਲਾਰੇ ਅਨੁਸਾਰ ਕੋਵਿਡ 19 ਦੇ ਟੈਸਟਾਂ, ਵੈਕਸੀਨੇਸ਼ਨ, ਕੋਵਿਡ ਪਾਜਿਟਿਵ ਸਟਾਫ ਅਤੇ ਵਿਦਿਆਰਥੀਆਂ ਦੀ ਮੁਕੰਮਲ ਸੂਚਨਾ ਈ-ਪੰਜਾਬ ਪੋਰਟਲ ’ਤੇ ਅਪਲੋਡ ਕਰਨ ਲਈ ਕਿਹਾ ਗਿਆ ਹੈ। ਇਸ ਦਾ ਮਕਸਦ ਰੋਜ਼ਮਰਾ ਦੇ ਆਧਾਰ ’ਤੇ ਕਰੋਨਾ ਮਹਾਮਾਰੀ ’ਤੇ ਨਜ਼ਰ ਰੱਖਣਾ ਅਤੇ ਲੋੜ ਪੈਣ ’ਤੇ ਸਮੇਂ ਸਿਰ ਜ਼ਰੂਰੀ ਕਦਮ ਚੁੱਕਣਾ ਹੈ।