Close

Recent Posts

ਹੋਰ ਗੁਰਦਾਸਪੁਰ

ਚਾਰ ਦਿਨ ਬਾਅਦ ਵੀ ਪੁਲਿਸ ਦੇ ਹੱਥ ਨਹੀਂ ਲੱਗੀ ਸਫ਼ਲਤਾ,ਪੱਤਰਕਾਰ ਭਾਈਚਾਰੇ ਵਿੱਚ ਭਾਰੀ ਰੋਸ

ਚਾਰ ਦਿਨ ਬਾਅਦ ਵੀ ਪੁਲਿਸ ਦੇ ਹੱਥ ਨਹੀਂ ਲੱਗੀ ਸਫ਼ਲਤਾ,ਪੱਤਰਕਾਰ ਭਾਈਚਾਰੇ ਵਿੱਚ ਭਾਰੀ ਰੋਸ
  • PublishedJuly 27, 2021

ਗੁਰਦਾਸਪੁਰ. 27 ਜੁਲਾਈ (ਮੰਨਨ ਸੈਣੀ)। ਬੀਤੀ 23 ਜੁਲਾਈ ਦੀ ਰਾਤ ਸਥਾਨਕ ਜੇਲ ਰੋਡ ਵਿਖੇ ਕੁਝ ਅਣਪਛਾਤੇ ਹਥਿਆਬੰਦ ਲੁਟੇਰਿਆਂ ਵਲੋਂ ਸੀਨੀਅਰ ਪੱਤਰਕਾਰ ਰਣਬੀਰ ਆਕਾਸ਼ ਦੇ ਭਰਾ ‘ਤੇ ਜਾਨਲੇਵਾ ਹਮਲਾ ਕਰਨ ਵਾਲੇ 5 ਅਣਪਛਾਤੇ ਹਥਿਆਰਬੰਦ ਲੁਟੇਰੇ ਅੱਜ ਵੀ ਖੁਲ੍ਹੇ ਘੁੰਮ ਰਹੇ ਹਨ ਅਤੇ 4 ਦਿਨ ਬੀਤ ਜਾਣ ਦੇ ਬਾਵਜੂਦ ਵੀ ਗੁਰਦਾਸਪੁਰ ਪੁਲਿਸ ਦੇ ਹੱਥ ਖ਼ਾਲੀ ਹਨ।

ਜਿਕਰਯੋਗ ਹੈ ਕਿ 23 ਜੁਲਾਈ ਦੀ ਦੇਰ ਰਾਤ ਨੂੰ ਮਨਜੀਤ ਸਿੰਘ ਵਾਸੀ ਨੰਗਲ ਕੋਟਲੀ ਜਦੋਂ ਐਕਟਿਵਾ’ਤੇ ਘਰ ਪਰਤ ਰਿਹਾ ਸੀ ਤਾਂ ਹੈਪੀ ਹਾਈ ਸਕੂਲ ਨੇੜੇ ਦੋ ਮੋਟਰ ਸਾਇਕਲਾਂ ‘ਤੇ ਸਵਾਰ 5 ਲੁਟੇਰਿਆਂ ਨੇ ਦਾਤਰ ਅਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਸੀ। ਇਸ ਦੌਰਾਨ ਉਹ ਮਨਜੀਤ ਸਿੰਘ ਦੀ ਐਕਟਿਵਾ, ਮੋਬਾਇਲ ਫੋਨ ਅਤੇ ਪਰਸ ਵੀ ਖੋਹ ਕੇ ਲੈ ਗਏ ਸਨ।ਮਨਜੀਤ ਦੇ ਸਿਰ’ ਤੇ ਦਾਤਰ ਦਾ ਫੱਟ ਵੱਜਣ ਕਾਰਨ ਆਪ੍ਰੇਸ਼ਨ ਤੋਂ ਬਾਅਦ 9 ਟਾਂਕੇ ਲਗਾਉਣੇ ਪਏ ਜਦੋਂ ਕਿ ਖੱਬੀ ਬਾਂਹ ਉੱਪਰ 6 ਟਾਂਕੇ ਲੱਗੇ ਹਨ।

ਸਿਟੀ ਪੁਲਿਸ ਨੇ ਇਸ ਮਾਮਲੇ ਵਿਚ ਅਣਪਛਾਤੇ ਹਮਲਾਵਰਾਂ ਵਿਰੁੱਧ ਆਈ ਪੀਸੀ ਦੀ ਧਾਰਾ 397, 148, 149 ਤਹਿਤ ਮਾਮਲਾ ਤਾਂ ਦਰਜ ਕੀਤਾ ਕਰ ਲਿਆ ਸੀ ਪਰ 4 ਦਿਨ ਬਾਅਦ ਵੀ ਪੁਲਿਸ ਅਜੇ ਤੱਕ ਲੁਟੇਰਿਆਂ ਦਾ ਸੁਰਾਗ ਨਹੀਂ ਲਗਾ ਪਾਈ। ਜਿਸ ਕਾਰਨ ਪੱਤਰਕਾਰ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਪ੍ਰੈਸ ਕਲੱਬ ਗੁਰਦਾਸਪੁਰ ਦੇ ਪ੍ਰਧਾਨ ਕੇ ਪੀ ਸਿੰਘ ਅਤੇ ਜਨਰਲ ਸਕੱਤਰ ਨਿਖਿਲ ਕੁਮਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਹਮਲਾਵਰਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਉਹਨਾਂ ਕਿਹਾ ਕਿ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਹੀ ਇਲਾਕੇ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਅਨਸਰਾਂ ਦੇ ਹੌਸਲੇ ਵੱਧ ਰਹੇ ਹਨ ਅਤੇ ਆਮ ਲੋਕ ਹੁਣ ਸ਼ਹਿਰ ਵਿਚ ਵੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ । ਦੂਸਰੇ ਪਾਸੇ ਫੀਲਡ ਪੱਤਰਕਾਰ ਯੂਨੀਅਨ , ਕਾਹਨੂੰਵਾਨ ਨੇ ਵੀ ਇਸ ਘਟਨਾ ਦੀ ਨਿੰਦਾ ਕਰਦਿਆਂ ਹਮਲਾਵਰਾਂ ਨੂੰ ਕਾਬੂ ਕੀਤੇ ਜਾਣ ਦੀ ਮੰਗ ਕੀਤੀ ਹੈ । ਯੂਨੀਅਨ ਦੇ ਪ੍ਰਧਾਨ ਵਰਿੰਦਰਜੀਤ ਸਿੰਘ ਜਾਗੋਵਾਲ ਨੇ ਕਿਹਾ ਕਿ ਜਿਲ੍ਹੇ ਅੰਦਰ ਵਿਗੜਦੀ ਅਮਨ ਕਾਨੂੰਨ ਦੀ ਵਿਵਸਥਾ ਚਿੰਤਾ ਦਾ ਵਿਸ਼ਾ ਹੈ ਅਤੇ ਹਮਲਾਵਰਾਂ ਨੂੰ ਤੁਰੰਤ ਸਲਾਖਾਂ ਪਿੱਛੇ ਦੇਣਾ ਚਾਹੀਦਾ ਹੈ ।

ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜਿਲ੍ਹਾ ਗੁਰਦਾਸਪੁਰ ਇਕਾਈ ਦੇ ਪ੍ਰਧਾਨ ਡਾ ਜਗਜੀਵਨ ਲਾਲ ਅਤੇ ਪ੍ਰੈਸ ਸਕੱਤਰ ਅਸ਼ਵਨੀ ਕੁਮਾਰ ਨੇ ਵੀ ਇਸ ਘਟਨਾ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਪੱਤਰਕਾਰ ਰਣਬੀਰ ਆਕਾਸ਼, ਜੋਕਿ ਜਮਹੂਰੀ ਅਧਿਕਾਰ ਸਭਾ ਦੇ ਸਰਗਰਮ ਮੈਂਬਰ ਵੀ ਹਨ , ਦੇ ਭਰਾ’ ਤੇ ਹੋਏ ਕਾਤਲਾਨਾ ਹਮਲੇ ਦੇ ਚਾਰ ਦਿਨ ਮਗਰੋਂ ਵੀ ਪੁਲਿਸ ਦੇ ਹੱਥ ਕੁਝ ਨਹੀਂ ਲੱਗਿਆ । ਪੁਲਿਸ ਨੂੰ ਸਰਗਰਮੀ ਵਿਖਾਂਉਦਿਆਂ ਮੁਜਰਮਾਂ ਨੂੰ ਕਾਬੂ ਕਰਨਾ ਚਾਹੀਦਾ ਹੈ ।

ਇਸ ਬਾਰੇ ਸਿਟੀ ਥਾਣੇ ਦੇ ਐੱਸਐਚਓ ਡੀਐੱਸਪੀ ਸੁਮੀਰ ਸਿੰਘ ਮਾਨ ਨੇ ਕਿਹਾ ਕਿ ਪੁਲਿਸ ਵਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਸਫ਼ਲਤਾ ਵੀ ਹੱਥ ਲੱਗਣ ਦੀ ਉਮੀਦ ਹੈ ।

Written By
The Punjab Wire