ਨੇਪਾਲ ਦੇਸ਼ ਦੇ ਵਸਨੀਕ ਦੋਸ਼ੀ ਸਤਿੰਦਰ ਰਾਊਤ ਨੂੰ 25 ਸਾਲ ਦੀ ਕੈਦ ਪੂਰੀ ਕਰਨ ਉਪਰੰਤ ਉਮਰ ਕੈਦ ਦੀ ਸੁਣਾਈ ਗਈ ਸਜ਼ਾ
ਗੁਰਦਾਸਪੁਰ, 22 ਜੁਲਾਈ ( ਮੰਨਨ ਸੈਣੀ) । ਸ੍ਰੀਮਤੀ ਰਮੇਸ਼ ਕੁਮਾਰੀ ਮਾਣਯੋਗ ਜ਼ਿਲ੍ਹਾ ਅਤੇ ਸ਼ੈਸਨ ਜੱਜ ਗੁਰਦਾਸਪੁਰ ਵਲੋਂ ਅੱਜ ਥਾਣਾ ਭੈਣੀ ਮੀਆਂ ਖਾਂ ਵਿਚ ਪੈਂਦੇ ਪਿੰਡ ਜਿਥੇ ਇਕ 84 ਸਾਲ ਦੀ ਬਜ਼ੁਰਗ ਔਰਤ ਨਾਲ ਜਬਰ ਜਿਨਾਹ ਕਰਕੇ ਉਸਦਾ ਕਤਲ ਕਰ ਦਿੱਤਾ ਗਿਆ ਸੀ, ਦੋਸ਼ੀ ਨੂੰ ਸਖ਼ਤ ਅਤੇ ਨਿਵਕੇਲੀ ਕਿਸਮ ਦੀ ਸਜ਼ਾ ਸੁਣਾਈ ਗਈ ਹੈ। ਮਾਣਯੋਗ ਜ਼ਿਲਾ ਅਤੇ ਸ਼ੈਸਨ ਜੱਜ ਗੁਰਦਾਸਪੁਰ ਵਲੋੋਂ ਨਿਵੇਕਲੇ ਫੈਸਲੇ ਤਹਿਤ ਦੋਸ਼ੀ ਨੂੰ ਸੁਣਾਈ ਗਈ ਸਜ਼ਾ ਤਹਿਤ ਅੰਡਰ ਸ਼ੈਕਸਨ 450 ਤਹਿਤ ਪਹਿਲਾਂ 10 ਸਾਲ ਦੀ ਸਜ਼ਾ, 10 ਸਾਲ ਦੀ ਸਜ਼ਾ ਖਤਮ ਹੋਣ ਬਾਅਦ ਧਾਰਾ 376 ਤਹਿਤ 15 ਸਾਲ ਦੀ ਸਜ਼ਾ ਅਤੇ 15 ਸਾਲ ਦੀ ਸਜ਼ਾ ਖਤਮ ਹੋਣ ਉਪਰੰਤ ਦੋਸ਼ੀ ਨੂੰ ਆਈ.ਪੀ.ਸੀ ਦੀ ਧਾਰਾ 302 ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਸੁਣਾਏ ਗਏ ਫੈਸਲੇ ਤਹਿਤ ਦੱਸਿਆ ਗਿਆ ਹੈ 19 ਮਾਰਚ 2019 ਦੀ ਰਾਤ ਨੂੰ ਇਕ ਨੇਪਾਲ ਦੇਸ ਦੇ ਵਸਨੀਕ ਸਤਿੰਦਰ ਰਾਊਤ, ਜੋ ਪਿੰਡ ਦੇ ਸਰਪੰਚ ਦੇ ਘਰ ਕੰਮ ਕਰਦਾ ਸੀ, ਉਸ ਵਲੋਂ ਅੱਧੀ ਰਾਤ ਨੂੰ 84 ਸਾਲ ਦੀ ਬਜ਼ੁਰਗ ਔਰਤ ਦੇ ਘਰ ਜਾ ਕੇ ਉਸ ਨਾਲ ਘਿਨਾਉਣਾ ਪਾਪ ਜਬਰ ਜਿਨਾਹ ਕਰਕੇ ਉਸਦਾ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਵਲੋਂ ਦੋਸ਼ੀ ਨੂੰ 20 ਮਾਰਚ ਨੂੰ ਗਿ੍ਰਫਤਾਰ ਕਰ ਲਿਆ ਗਿਆ ਸੀ। ਇਸ ਕੇਸ ਵਿਚ ਪੁਲਿਸ ਵਲੋਂ ਵਧੀਆ ਤਰੀਕੇ ਨਾਲ ਜਾਂਚ ਕੀਤੀ ਗਈ ਅਤੇ ਜਾਂਚ ਦੌਰਾਨ ਬਜ਼ੁਰਗ ਮਾਤਾ ਦੇ ਨੌਹਾਂ ਵਿਚ ਦੋਸ਼ੀ ਸਤਿੰਦਰ ਦੇ ਵਾਲ ਅਤੇ ਜੈਕਟ ਦੇ (ਕੱਪੜੇ) ਪੀਸ ਫਸ ਗਏ ਸਨ। ਉਪਰੰਤ ਮੈਜਿਸਟਰੇਟ ਦੇ ਹੁਕਮਾਂ ਤੇ ਦੋਸੀ ਦੇ ਸਿਰ ਦੇ ਵਾਲਾਂ ਤੇ ਸਰੀਰ ਤੋਂ ਖੂਨ ਦੇ ਸੈਂਪਲ ਇਕੱਤਰ ਕਰਕੇ ਲੈਬਾਰਟਰੀ ਵਿਚ ਭੇਜੇ ਗਏ। ਡੀ.ਐਨ.ਏ ਟੈਸਟ ਕੀਤਾ ਗਿਆ ਅਤੇ ਦੋਸ਼ੀ ਦਾ ਖੂਨ ਅਤੇ ਕੱਪੜਾ ਦਾ ਮਿਲਾਨ ਪੀੜਤ ਨਾਲ ਸਹੀ ਪਾਇਆ ਗਿਆ।
ਉਨਾਂ ਅੱਗੇ ਕਿਹਾ ਕਿ ਕੋਵਿਡ ਕਾਰਨ ਅਦਾਲਤੀ ਕੰਮਕਾਜ ਪ੍ਰਭਾਵਿਤ ਹੋਣ ਕਰਕੇ ਕੇਸ ਦੋ ਸਾਲ ਅਤੇ 4 ਮਹੀਨੇ ਤੋਂ ਚੱਲ ਰਿਹਾ ਸੀ। ਇਸ ਦੀ ਬਹਿਸ (ਪੀੜਤ ਵਲੋਂ) ਅਮਨਪ੍ਰੀਤ ਸਿੰਘ ਸੰਧੂ ਜ਼ਿਲ੍ਹਾ ਅਟਾਰਨੀ ਗੁਰਦਾਸਪੁਰ ਅਤੇ ਦੋਸ਼ੀ ਧਿਰ ਦੇ ਪੱਖ ਸੁਣਨ ਉਪੰਰਤ, ਮਾਣਯੋਗ ਜ਼ਿਲ੍ਹਾ ਅਤੇ ਸ਼ੈਸਨ ਜੱਜ ਗੁਰਦਾਸਪੁਰ ਸ੍ਰੀਮਤੀ ਰਮੇਸ ਕੁਮਾਰੀ ਵਲੋਂ ਹੁਣ ਇਸ ਕੇਸ ਦਾ ਫੈਸਲਾ ਸੁਣਾਇਆ ਗਿਆ ਹੈ। ਜਿਸ ਤਹਿਤ ਦੋਸ਼ੀ ਸਤਿੰਦਰ ਰਾਊਤ ਨੂੰ ਅੰਡਰ ਸੈਕਸ਼ਨ 450, 376 (1) ਅਤੇ ਆਈ.ਪੀ.ਸੀ ਦੀ ਧਾਰਾ 302 ਤਹਿਤ ਸਜ਼ਾ ਸੁਣਾਈ ਗਈ। ਇਸ ਕੇਸ ਦੀ ਖਾਸੀਅਤ ਇਹ ਰਹੀ ਕਿ ਮਾਣਯੋਗ ਅਦਾਲਤ ਨੇ ਇਹ ਸਜ਼ਾ ਵਾਰੀ-ਵਾਰੀ ਚੱਲਣ ਦੇ ਹੁਕਮ ਦਿੱਤੇ ਗਏ ਹਨ। ਪਹਿਲੀ ਸਜ਼ਾ ਖਤਮ ਹੋਣ ਉਪਰੰਤ ਦੂਜੀ ਸਜ਼ਾ ਸ਼ੁਰੂ ਹੋਵੇਗੀ। ਭਾਵ ਅੰਡਰ ਸ਼ੈਕਸਨ 450 ਤਹਿਤ ਪਹਿਲਾਂ 10 ਸਾਲ ਦੀ ਸਜ਼ਾ, 10 ਸਾਲ ਦੀ ਸਜ਼ਾ ਖਤਮ ਹੋਣ ਬਾਅਦ, ਧਾਰਾ 376 ਤਹਿਤ 15 ਸਾਲ ਦੀ ਸਜ਼ਾ ਅਤੇ 15 ਸਾਲ ਦੀ ਸਜ਼ਾ ਖਤਮ ਹੋਣ ਉਪਰੰਤ ਦੋਸ਼ੀ ਨੂੰ ਆਈ.ਪੀ.ਸੀ ਦੀ ਧਾਰਾ 302 ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਅਦਾਲਤ ਵਲੋਂ ਕਿਹਾ ਗਿਆ ਹੈ ਕਿ ਸਮਾਜ ਵਿਚ ਅਜਿਹੀ ਘਿਨਾਉਣੀ ਕਾਰੇ ਲਈ ਕੋਈ ਸਥਾਨ ਨਹੀਂ ਹੈ ਪਰ ਇਹ ਕੇਸ ਸਾਬਤ ਕਰਦਾ ਹੈ ਕਿ ਜਬਰਜਿਨਾਹ ਕਰਨ ਵਾਲਾ ਨਾ ਪੀੜਤ ਦੀ ਉਮਰ, ਨਾ ਕੱਪੜੇ, ਨਾ ਰੰਗ, ਅਤੇ ਨਾ ਜਾਤ ਵੇਖਦਾ ਹੈ ਅਤੇ ਨਾ ਹੀ ਉਹ ਦੇਖਦਾ ਹੈ ਕਿ ਪੀੜਤ ਫੇਸਬੁੱਕ ਤਾਂ ਟਵਿੱਟਰ ਨਾਲ ਸਬੰਧ ਰੱਖਦੀ ਹੈ।