ਗੁਰਦਾਸਪੁਰ, 18 ਜੁਲਾਈ ( ਮੰਨਨ ਸੈਣੀ )। ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਦੱਖਣ ਪੱਛਮੀ ਮਾਨਸੂਨ ਦੇ ਮੁੜ ਸਰਗਰਮ ਹੋਣ ਤੋਂ ਬਾਅਦ ਉੱਤਰੀ ਖੇਤਰ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਅਗਲੇ 5-6 ਦਿਨਾਂ ਤਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਵਿਭਾਗ ਨੇ ਕਿਹਾ ਕਿ 18 ਤੋਂ 21 ਜੁਲਾਈ ਤਕ ਪੰਜਾਬ ਵਿਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ 23 ਜੁਲਾਈ ਤਕ ਪੱਛਮੀ ਕੋਸਟ ਤਕ ਭਾਰੀ ਬਾਰਸ਼ ਹੋ ਸਕਦੀ ਹੈ । ਇਸ ਲਈ ਜ਼ਿਲਾ ਵਾਸੀ ਸੰਭਾਵਿਤ ਪੈਣ ਵਾਲੇ ਭਾਰੀ ਮੀਂਹ ਤੋਂ ਸੁਚੇਤ ਰਹਿਣ। ਲੋਕ ਘਰੋਂ ਬਾਹਰ ਜਾਣ ਤੋਂ ਪਹਿਲਾਂ ਆਵਾਜਾਈ ਨਾ ਸਬੰਧਤ ਜੇਕਰ ਕੋਈ ਗਾਈਡਲਾਈਨਜ ਜਾਰੀ ਕੀਤੀਆਂ ਹੋਣ ਤਾਂ ਉਸਦੀ ਪਾਲਣਾ ਕੀਤੀ ਜਾਵੇ। ਅਜਿਹੇ ਸਥਾਨਾਂ ਵੱਲ ਨਾ ਜਾਇਆ ਜਾਵੇ, ਜਿਥੇ ਪਹਿਲਾਂ ਹੜ੍ਹ ਜਾਂ ਜਿਆਦਾ ਬਾਰਸ਼ ਪੈਂਦੀ ਹੋਵੇ ਅਤੇ ਨਾ ਹੀ ਅਸ਼ੁਰੱਖਿਅਤ ਥਾਵਾਂ ਤੇ ਠਹਿਰਰਿਆ ਜਾਵੇ।
ਦੱਸਣਯੋਗ ਹੈ ਕਿ ਬੀਤੇ ਦਿਨੀ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਸਮੂਹ ਸਿਵਲ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਸਮੇਤ ਐਨ.ਡੀ.ਆਰ.ਐਫ, ਫੋਜ ਤੇ ਬੀ.ਐਸ.ਐਫ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਤੇ ਮੀਂਹ ਕਾਰਨ ਜਾਂ ਕਿਸੇ ਕਿਸਮ ਦੇ ਹੜ੍ਹਾਂ ਆਦਿ ਵਰਗੀ ਸਥਿਤੀ ਨਾਲ ਨਿਪਟਣ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਸੀ। ਉਨਾਂ ਵਲੋਂ ਸਮੂਹ ਅਧਿਕਾਰੀਆਂ ਨੂੰ ਕਿਸੇ ਵੀ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਸੁਚੇਤ ਰਹਿਣ ਲਈ ਨਿਰਦੇਸ਼ ਦਿੱਤੇ ਗਏ ਸਨ।