ਗੁਰਦਾਸਪੁਰ, 13 ਜੁਲਾਈ ( ਮੰਨਨ ਸੈਣੀ )। ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਲੱਮ ਏਰੀਆਂ ਵਿਚ ਰਹਿ ਰਹੇ ਲੋਕਾਂ ਦੀ ਸਿਹਤ ਸੰਭਾਲ ਲਈ ਬੀਤੀ 22 ਜੂਨ ਤੋਂ ਮੁਫ਼ਤ ਮੈਡੀਕਲ ਜਾਂਚ ਕੈਂਪ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸਦੇ ਚੱਲਦਿਆਂ ਅੱਜ ਸਲੱਮ ਏਰੀਆ (ਢਾਬ), ਵਾਰਡ ਨੰਬਰ 10 ਗੁਰਦਾਸਪੁਰ ਵਿਖੇ ਚੋਥਾ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ ਤੇ ਚੈਂਕਅੱਪ ਉਪਰੰਤ 45 ਮਰੀਜਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਰਾਜੀਵ ਕੁਮਾਰ, ਸੈਕਰਟਰੀ ਜ਼ਿਲਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ, ਡਾ. ਐਸ.ਕੇ ਪੰਨੂੰ, ਡਾ ਦਲਬੀਰ ਸਿੰਘ ਸੈਣੀ ਅਤੇ ਡਾ. ਅਨੀਤਾ ਮੈਡੀਕਲ ਅਫਸਰ ਮੋਜੂਦ ਸਨ।
ਇਸ ਮੌਕੇ ਜਾਣਕਾਰੀ ਦਿੰਦਿਆਂ ਰਾਜੀਵ ਕੁਮਾਰ, ਸੈਕਰਟਰੀ ਜ਼ਿਲਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ ਹੈ, ਜਿਸ ਵਿਚ ਡਾਕਟਰਾਂ ਵਲੋਂ ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ। ਉਨਾਂ ਅੱਗੇ ਦੱਸਿਆ ਕਿ ਜੇਕਰ ਕਿਸੇ ਮਰੀਜ਼ ਦਾ ਟੈਸਟ ਆਦਿ ਦੀ ਲੋੜ ਪੈਂਦੀ ਤਾਂ ਸਿਵਲ ਹਸਪਤਾਲ ਵਿਚੋਂ ਕਰਵਾਇਆ ਜਾਂਦਾ ਹੈ ਅਤੇ ਜੇਕਰ ਕਿਸੇ ਪੀੜਤ ਨੂੰ ਸਰਕਾਰੀ ਹਸਪਤਾਲਾਂ ਵਿਚ ਟੈਸਟਾਂ ਤੋਂ ਇਲਾਵਾ ਹੋਰ ਕੋਈ ਦਵਾਈ ਜਾਂ ਟੈਸਟ ਦੀ ਲੋੜ ਹੁੰਦੀ ਹੈ ਤਾਂ ਜਿਲਾ ਰੈੱਡ ਕਰਾਸ ਸੁਸਾਇਟੀ ਵਲੋਂ ਉਸਦੀ ਮਦਦ ਕੀਤੀ ਜਾਵੇਗੀ।
ਉਨਾਂ ਅੱਗੇ ਕਿਹਾ ਕਿ ਜਿਲਾ ਰੈੱਡ ਕਰਾਸ ਸੁਸਾਇਟੀ ਵਲੋਂ ਹਮੇਸ਼ਾਂ ਲੋੜਵੰਦ ਲੋਕਾਂ ਦੀ ਵੱਧਚੜ੍ਹ ਕੇ ਮਦਦ ਕੀਤੀ ਜਾਂਦੀ ਹੈ ਅਤੇ ਲੋੜਵੰਦ ਲੋਕਾਂ ਨੂੰ ਵੀਲ੍ਹ ਚੇਅਰ, ਸੁਣਨ ਵਾਲੀਆਂ ਮਸ਼ੀਨਾਂ ਅਤੇ ਟਰਾਈ ਸਾਈਕਲ ਆਦਿ ਦਿੱਤੇ ਜਾਂਦੇ ਹਨ ਅਤੇ ਲੋੜਵੰਦ ਵਿਅਕਤੀ ਉਨਾਂ ਦੇ ਦਫਤਰ ਵਿਖੇ ਆ ਕੇ ਸੰਪਰਕ ਕਰ ਸਕਦਾ ਹੈ।