ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਮਰੀਜਾਂ ਨੂੰ ਮਿਲੇਗਾ ਦੁਪਹਿਰ ਦਾ ਮੁਫ਼ਤ ਭੋਜਨ
ਜ਼ਿਲ੍ਹਾ ਪ੍ਰਸ਼ਾਸਨ ਲੋੜਵੰਦ ਲੋਕਾਂ ਦੀ ਮਦਦ ਲਈ ਹਮੇਸਾ ਤੱਤਪਰ -ਡਿਪਟੀ ਕਮਿਸ਼ਨਰ
ਗੁਰਦਾਸਪੁਰ, 15 ਜੂਨ ( ਮੰਨਨ ਸੈਣੀ )। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਮਰੀਜ਼ਾਂ ਦੀ ਸਹੂਲਤ ਹਿੱਤ ਇਕ ਹੋਰ ਸ਼ਾਨਦਾਰ ਉਪਰਾਲਾ ਕੀਤਾ ਗਿਆ ਹੈ, ਜਿਸ ਤਹਤਿ ਸਿਵਲ ਹਸਪਤਾਲ, ਬੱਬਰੀ ਬਾਈਪਾਸ ਗੁਰਦਾਸਪੁਰ ਵਿਖੇ ਆਉਣ ਵਾਲੇ ਹਰੇਕ ਮਰੀਜ਼ ਨੂੰ ਦੁਪਹਿਰ ਦਾ ਮੁਫਤ ਭੋਜਨ ਦਿੱਤਾ ਜਾਵੇਗਾ, ਜਿਸ ਦੀ ਅੱਜ ਉਨਾਂ ਵਲੋਂ ਸ਼ੁਰੂਆਤ ਕੀਤੀ ਗਈ ਹੈ। ਇਸ ਮੋਕੇ ਡਿਪਟੀ ਕਮਿਸ਼ਨਰ ਵਲੋਂ ਮਰੀਜ਼ਾਂ ਨੂੰ ਭੋਜਨ ਦੇਣ ਤੋਂ ਪਹਿਲਾਂ ਖੁਦ ਖਾਣਾ ਖਾਧਾ, ਜੋ ਕਿ ਘਰ ਦੀ ਤਰਾਂ ਬਣਿਆ ਹੋਇਆ, ਜਿਸ ਦੀ ਉਨਾਂ ਵਲੋਂ ਤਸੱਲੀ ਪ੍ਰਗਟਾਈ ਗਈ। ਮਰੀਜ਼ਾਂ ਨੂੰ ਦਿੱਤੇ ਜਾ ਰਹੇ ਭੋਜਨ ਵਿਚ ਰੋਟੀ, ਚਾਵਲ, ਦਲੀਆ, ਖਿਚੜੀ, ਦਾਲ, ਸਬਜ਼ੀ, ਸਲਾਦ ਤੇ ਪਾਣੀ ਸ਼ਾਮਲ ਹੈ।
ਸਿਵਲ ਹਸਪਤਾਲ ਵਿਖੇ ਮਰੀਜ਼ਾਂ ਨੂੰ ਮੁਫਤ ਭੋਜਨ ਦੀ ਸ਼ੁਰੂਆਤ ਕਰਨ ਉਪਰੰਤ ਗੱਲਬਾਤ ਦੋਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਅਤੇ ਨਿਸ਼ਕਾਮ ਫਾਊਂਡੇਸ਼ਨ ਧਾਰੀਵਾਲ, ਗੁਰਦਾਸਪੁਰ ਦੇ ਸਾਂਝੇ ਯਤਨਾਂ ਨਾਲ ਸਿਵਲ ਹਸਪਤਾਲ ਵਿਖੇ ਆਉਣ ਵਾਲੇ ਹਰੇਕ ਤਰਾਂ ਦੇ ਮਰੀਜ਼ਾਂ (ਕੋਵਿਡ ਅਤੇ ਨਾਨ-ਕੋਵਿਡ) ਨੂੰ ਰੋਜਾਨਾਂ ਦੁਪਹਿਰ ਦਾ ਖਾਣਾ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਖਾਣੇ ਲਈ ਸਾਰੀ ਰਸਦ ਜ਼ਿਲਾ ਰੈੱਡ ਕਰਾਸ ਸੁਸਾਇਟੀ ਵਲੋਂ ਦਿੱਤੀ ਜਾਵੇਗੀ ਅਤੇ ਨਿਸ਼ਕਾਮ ਫਾਊਂਡੇਸ਼ਨ ਧਾਰੀਵਾਲ, ਗੁਰਦਾਸਪੁਰ ਵਲੋਂ ਖਾਣਾ ਤਿਆਰ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਨਿਸ਼ਕਾਮ ਫਾਊਂਡੇਸ਼ਨ ਧਾਰੀਵਾਲ, ਗੁਰਦਾਸਪੁਰ ਵਲੋਂ ਲੋਕਸੇਵਾ ਲਈ ਕੀਤਾ ਜਾ ਰਿਹਾ ਕਾਰਜ ਸ਼ਲਾਘਾਯੋਗ ਹੈ ਅਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਲੋੜਵੰਦ ਲੋਕਾਂ ਦੀ ਅੱਗੇ ਹੋ ਕੇ ਮਦਦ ਕਰੀਏ। ਉਨਾਂ ਦੱਸਿਆ ਕਿ ਮਰੀਜਾਂ ਨੂੰ ਦੁਪਹਿਰ ਦੇ ਖਾਣੇ ਤੋਂ ਇਲਾਵਾ ਸਵੇਰ ਅਤੇ ਸ਼ਾਮ ਦੇ ਖਾਣਾ ਦੇਣ ਬਾਰੇ ਵੀ ਜਲਦ ਕੋਸ਼ਿਸ ਕੀਤੀ ਜਾਵੇਗੀ ਅਤੇ ਉਨਾਂ ਦੀ ਪੁਰਜ਼ੋਰ ਕੋਸ਼ਿਸ ਹੈ, ਲੋੜਵੰਦ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤੇ ਹਸਪਤਾਲ ਵਿਖੇ ਆਉਣ ਵਾਲੇ ਹਰੇਕ ਮਰੀਜ਼ ਨੂੰ ਘਰਂੋ ਖਾਣਾ ਨਾ ਲਿਆਉਣਾ ਪਵੇ।
ਇਸ ਮੌਕੇ ਸ੍ਰੀਮਤੀ ਅਮਨਦੀਪ ਕੋਰ ਸਹਾਇਕ ਕਮਿਸ਼ਨਰ (ਜ), ਡਾ. ਹਰਭਜਨ ਰਾਮ ਸਿਵਲ ਸਰਜਨ, ਬਾਬਾ ਸ਼ਿਵ ਸਿੰਘ ਜੀ, ਨਿਸ਼ਕਾਮ ਫਾਊਂਡੇਸ਼ਨ ਧਾਰੀਵਾਲ, ਗੁਰਦਾਸਪੁਰ ਵਾਲੇ, ਰਾਜੀਵ ਕੁਮਾਰ ਸੈਕਰਟਰੀ ਜਿਲਾ ਰੈੱਡ ਕਰਾਸ ਸੁਸਾਇਟੀ, ਡਾ.ਚੇਤਨਾ ਐਸ.ਐਮ.ਓ, ਜਗਬੀਰ ਸਿੰਘ ਐਮ.ਸੀ, ਪ੍ਰਧਾਨ ਭਾਈ ਜੀਤ ਸਿੰਘ, ਜਰਨੈਲ ਸਿੰਘ ਸੈਕਟਰੀ, ਗੁਰਪ੍ਰੀਤ ਸਿਘ, ਸੁਖਚੈਨ ਸਿੰਘ, ਨਵਦੀਪ ਸਿੰਘ, ਡਾ. ਗੁਰਿੰਦਰ ਸਿੰਘ ਗਿੱਲ, ਕੁਲਵਿੰਦਰ ਸਿੰਘ, ਮਾਸਟਰ ਜਗਜੀਤ ਸਿੰਘ ਆਦਿ ਮੋਜੂਦ ਸਨ।