ਹੋਰ ਦੇਸ਼ ਪੰਜਾਬ ਮੁੱਖ ਖ਼ਬਰ

ਮੁੱਖ ਮੰਤਰੀ ਪੰਜਾਬ ਨੇ ਦਰਬਾਰ ਸਾਹਿਬ ਲਈ ਸੋਲਰ ਪਲਾਂਟ ਲਗਾਉਣ ਹਿੱਤ ਐੱਸ.ਜੀ.ਪੀ.ਸੀ. ਨੂੰ ਦਿੱਤਾ ਪੂਰਨ ਸਮਰਥਨ

ਮੁੱਖ ਮੰਤਰੀ ਪੰਜਾਬ ਨੇ ਦਰਬਾਰ ਸਾਹਿਬ ਲਈ ਸੋਲਰ ਪਲਾਂਟ ਲਗਾਉਣ ਹਿੱਤ ਐੱਸ.ਜੀ.ਪੀ.ਸੀ. ਨੂੰ ਦਿੱਤਾ ਪੂਰਨ ਸਮਰਥਨ
  • PublishedJune 12, 2021

ਕਿਹਾ, ਬਿਜਲੀ ਵਿਭਾਗ ਨੂੰ ਪਹਿਲਾਂ ਹੀ ਇਸ ਸਬੰਧੀ ਪ੍ਰਵਾਨਗੀ ਅਤੇ ਪ੍ਰਾਜੈਕਟ ਨੂੰ ਜਲਦ ਮੁਕੰਮਲ ਕਰਵਾਉਣ ਲਈ ਦਿੱਤੇ ਨਿਰਦੇਸ਼ 

ਚੰਡੀਗੜ੍ਹ, 12 ਜੂਨ:ਦਰਬਾਰ ਸਾਹਿਬ ਲਈ ਸੋਲਰ ਪਲਾਂਟ ਪ੍ਰਾਜੈਕਟ ਲਗਾਉਣ ਸਬੰਧੀ ਆਪਣੀ ਸਰਕਾਰ ਵੱਲੋਂ ਸੰਪੂਰਨ ਸਮਰਥਨ ਦਿੰਦਿਆਂ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਬਿਜਲੀ ਵਿਭਾਗ ਨੂੰ ਪਲਾਂਟ ਲਗਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਵਾਨਗੀ ਦੇਣ ਅਤੇ ਇਸ ਨੂੰ ਜਲਦ ਮੁਕੰਮਲ ਕਰਨ ਲਈ ਪੁਰਜ਼ੋਰ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ।

ਮੁੱਖ ਮੰਤਰੀ ਅੱਜ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਨੂੰ ਬਿਜਲੀ ਸਪਲਾਈ ਕਰਨ ਵਾਲੇ ਸੋਲਰ ਪਲਾਂਟ ਪ੍ਰਾਜੈਕਟ ਲਈ ਸੂਬਾ ਸਰਕਾਰ ਤੋਂ ਮਨਜ਼ੂਰੀ ਨਾ ਮਿਲਣ ਬਾਰੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਬਿਆਨ ਦਾ ਜਵਾਬ ਦੇ ਰਹੇ ਸਨ।ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਹਫ਼ਤੇ ਦੇ ਸ਼ੁਰੂ ਵਿੱਚ ਹੋਈ ਇੱਕ ਮੀਟਿੰਗ ਦੌਰਾਨ, ਬਿਜਲੀ ਵਿਭਾਗ ਨੇ ਪਹਿਲਾਂ ਹੀ ਇਸ ਪ੍ਰਾਜੈਕਟ ਨੂੰ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ ਸੀ।

ਬੁਲਾਰੇ ਨੇ ਦੱਸਿਆ ਕਿ ਅਮਰੀਕਾ ਸਥਿਤ ਯੂਨਾਈਟਿਡ ਸਿੱਖ ਮਿਸ਼ਨ ਨੇ ਹਰਿਮੰਦਰ ਸਾਹਿਬ ਤੋਂ 10 ਕਿਲੋਮੀਟਰ ਦੀ ਦੂਰੀ ‘ਤੇ 2 ਮੈਗਾਵਾਟ ਸਮਰੱਥਾ ਵਾਲਾ ਸੋਲਰ ਪਲਾਂਟ ਲਗਾਉਣ ਦੀ ਇਜਾਜ਼ਤ ਮੰਗੀ ਸੀ, ਜਿਸ ਬਾਰੇ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਸੀ ਅਤੇ ਪਾਵਰਕਾਮ ਨੇ ਸਿਧਾਂਤਕ ਤੌਰ ‘ਤੇ ਮਨਜ਼ੂਰੀ ਦੇ ਦਿੱਤੀ ਸੀ।
ਮੀਟਿੰਗ ਦੌਰਾਨ, ਪਾਵਰਕਾਮ ਦੇ ਅਧਿਕਾਰੀਆਂ ਨੇ ਦਰਬਾਰ ਸਾਹਿਬ ਤੱਕ ਬਿਜਲੀ ਪਹੁੰਚਾਉਣ ਲਈ ਪਾਵਰਕਾਮ ਦੇ ਮੌਜੂਦਾ ਟਰਾਂਸਮਿਸ਼ਨ ਨੈਟਵਰਕ ਦੀ ਵਰਤੋਂ ਦੀ ਪੇਸ਼ਕਸ਼ ਵੀ ਕੀਤੀ ਸੀ, ਜਿਸ ਲਈ ਯੂਨਾਈਟਿਡ ਸਿੱਖ ਮਿਸ਼ਨ ਨੂੰ ਪੂੰਜੀ ਨਿਵੇਸ਼ ਦੀ ਲੋੜ ਨਹੀਂ ਪਵੇਗੀ।

ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪ੍ਰਾਜੈਕਟ ਨੂੰ ਚਲਾਉਣ ਵਿਚ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ। ਉਨ੍ਹਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਸ ਪ੍ਰਾਜੈਕਟ ਵਿੱਚ ਸਰਗਰਮੀ ਨਾਲ ਜੁੜੇ ਰਹਿਣ ਅਤੇ ਇਸ ਦੇ ਜਲਦ ਪੂਰਾ ਹੋਣ ਨੂੰ ਯਕੀਨੀ ਬਣਾਉਣ। ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ ਨੇ ਯੂਨਾਈਟਿਡ ਸਿੱਖ ਮਿਸ਼ਨ ਅਤੇ ਐਸ.ਜੀ.ਪੀ.ਸੀ. ਵੱਲੋਂ ਸੰਕਲਪਿਤ ਕੀਤੇ ਇਸ ਪ੍ਰਾਜੈਕਟ ਲਈ ਆਪਣੀ ਸਰਕਾਰ ਦਾ ਪੂਰਨ ਸਮਰਥਨ ਦਿੱਤਾ ਹੈ।

Written By
The Punjab Wire