ਪਠਾਨਕੋਟ ਜ਼ਿਲ੍ਹੇ ਦੇ ਤਿੰਨੋ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜਨਗੇ ਬਸਪਾ ਉਮੀਦਵਾਰ
ਗੁਰਦਾਸਪੁਰ, 12 ਜੂਨ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਸਰਦਾਰ ਗੁਰਬਚਨ ਸਿੰਘ ਬੱਬੇਹਾਲੀ ਨੇ ਅਕਾਲੀ ਦਲ ਅਤੇ ਬਸਪਾ ਦਰਮਿਆਨ ਵਿਧਾਨ ਸਭਾ ਚੋਣਾਂ 2022 ਦੇ ਮੱਦੇ ਨਜ਼ਰ ਹੋਏ ਸਮਝੌਤੇ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਸੁਪਰੀਮੋ ਮਾਇਆਵਤੀ ਬਾਦਲ ਦਾ ਧੰਨਵਾਦ ਕੀਤਾ ਹੈ । ਉਨ੍ਹਾਂ ਇਸ ਸਮਝੌਤੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਏਜੀਐੱਮ ਮਾਲ ਗੁਰਦਾਸਪੁਰ ਸਥਿਤ ਮੁੱਖ ਦਫ਼ਤਰ ਵਿੱਚ ਸੀਨੀਅਰ ਅਕਾਲੀ ਵਰਕਰਾਂ ਅਤੇ ਬਸਪਾ ਕਾਰਜਕਰਤਾਂਵਾਂ ਨੂੰ ਲੱਡੂ ਵੰਡ ਕੇ ਖ਼ੁਸ਼ੀ ਜ਼ਾਹਿਰ ਕੀਤੀ । ਸਰਦਾਰ ਬੱਬੇਹਾਲੀ ਨੇ ਕਿਹਾ ਕਿ ਇਹ ਸਮਝੌਤਾ ਪੰਜਾਬ ਵਿੱਚ ਸਾਰੇ ਰਾਜਨੀਤਿਕ ਸਮੀਕਰਨ ਬਦਲ ਦੇਵੇਗਾ । ਇਸ ਸਮਝੌਤੇ ਤਹਿਤ ਪੰਜਾਬ ਵਿੱਚ 20 ਵਿਧਾਨ ਸਭਾ ਹਲਕਿਆਂ ਤੋਂ ਬਸਪਾ ਉਮੀਦਵਾਰ ਚੋਣ ਲੜਨਗੇ । ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੀ ਸੋਚ ਅਤੇ ਨੀਤੀਆਂ ਕਾਫ਼ੀ ਹੱਦ ਤੱਕ ਮੇਲ ਖਾਂਦੀਆਂ ਹਨ । ਦੋਵੇਂ ਪਾਰਟੀਆਂ ਹੱਕ-ਸੱਚ ਅਤੇ ਦੱਬੇ ਕੁਚਲੇ ਲੋਕਾਂ ਦੇ ਹਿਤ ਦੀ ਗੱਲ ਕਰਦੀਆਂ ਹਨ ।
ਸਰਦਾਰ ਬੱਬੇਹਾਲੀ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਦੀਆਂ ਸਾਰੀਆਂ ਛੇ ਵਿਧਾਨ ਸਭਾ ਸੀਟਾਂ ਤੇ ਅਕਾਲੀ ਦਲ ਚੋਣ ਲੜੇਗਾ ਜਦਕਿ ਪਠਾਨਕੋਟ ਜ਼ਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਭੋਆ, ਸੁਜਾਨਪੁਰ ਅਤੇ ਪਠਾਨਕੋਟ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਚੋਣ ਲੜਨਗੇ । ਉਨ੍ਹਾਂ ਕਿਹਾ ਕਿ ਅਕਾਲੀ –ਬਸਪਾ ਗੱਠਜੋੜ ਪੰਜਾਬ ਵਿੱਚ ਸ਼ਾਨਦਾਰ ਜਿੱਤ ਹਾਸਿਲ ਕਰੇਗਾ ਅਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਕਾਇਮ ਹੋਵੇਗੀ । ਪੰਜਾਬ ਦੇ ਲੋਕ ਕਾਂਗਰਸ ਦੀ ਲੁੱਟ ਅਤੇ ਝੂਠੇ ਦਾਅਵਿਆਂ ਤੋਂ ਦੁਖੀ ਹੋ ਚੁੱਕੇ ਹਨ । ਕਾਂਗਰਸ ਦੇ ਵਜ਼ੀਰ ਅਤੇ ਵਿਧਾਇਕ ਆਪਣੇ ਕਾਰਜ ਕਾਲ ਵਿੱਚ ਲੁੱਟ ਖਸੁੱਟ ਵਿੱਚ ਲੱਗੇ ਰਹੇ । ਕਾਂਗਰਸ ਦੇ ਅੰਦਰੂਨੀ ਕਲੇਸ਼ ਦੀ ਗੱਲ ਕਰਦਿਆਂ ਬੱਬੇਹਾਲੀ ਨੇ ਕਿਹਾ ਕਿ ਜਦੋਂ ਲੁੱਟ ਦੇ ਮਾਲ ਦੀ ਵੰਡ ਕਰਨੀ ਹੋਵੇ ਤਾਂ ਅਜਿਹੇ ਕਾਟੋ ਕਲੇਸ਼ ਵੇਖਣ ਨੂੰ ਮਿਲਦੇ ਹੀ ਹਨ ।
ਇਸ ਮੌਕੇ ਤਰਲੋਕ ਡੁੱਗਰੀ , ਸਾਬਕਾ ਕੌਂਸਲਰ ਜਤਿੰਦਰ ਸਿੰਘ ਪੱਪਾ, ਜਗਜੀਤ ਸਿੰਘ ਜੱਗੀ, ਸਾਈਂ ਦਾਸ, ਰਜਿੰਦਰ ਸਿੰਘ, ਰਘੁਬੀਰ ਸਿੰਘ, ਗੁਲਸ਼ਨ ਸੈਣੀ, ਬੌਬੀ ਮਹਾਜਨ, ਅਸ਼ੋਕ ਨਈਅਰ, ਕੁਲਦੀਪ ਮਹਾਜਨ, ਸ਼੍ਰੀਮਤੀ ਸੰਤੋਸ਼ ਮਹਾਜਨ, ਸਾਹਿਬ ਕੌਰ, ਦਰਸ਼ਨਾ ਦੇਵੀ, ਸ਼੍ਰੀਮਤੀ ਵਿਦਿਆ, ਕਮਲਜੀਤ ਚਾਵਲਾ, ਕੁਲਵਿੰਦਰ ਸਿੰਘ ਚਿੱਟੀ, ਦਲਬੀਰ ਸਿੰਘ ਭਟੋਆ, ਸਰਬਜੀਤ ਲਾਲੀਆ, ਰਵਿੰਦਰ ਸਿੰਘ ਯੂਕੇ, ਜਸਵਿੰਦਰ ਸਿੰਘ ਬਹਿਰਾਮਪੁਰ ਵੀ ਮੌਜੂਦ ਸਨ ।