CORONA ਦੇਸ਼ ਪੰਜਾਬ ਮੁੱਖ ਖ਼ਬਰ

ਡੀ.ਜੀ.ਪੀ ਪੰਜਾਬ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਨੇ ਏ.ਐਸ.ਆਈ. ਭਗਵਾਨ ਸਿੰਘ ਨੂੰ ਉਹਨਾਂ ਦੇ ਭੋਗ ਮੌਕੇ ਦਿੱਤੀ ਨਿੱਘੀ ਸ਼ਰਧਾਂਜਲੀ

ਡੀ.ਜੀ.ਪੀ ਪੰਜਾਬ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਨੇ ਏ.ਐਸ.ਆਈ. ਭਗਵਾਨ ਸਿੰਘ ਨੂੰ ਉਹਨਾਂ ਦੇ ਭੋਗ ਮੌਕੇ ਦਿੱਤੀ ਨਿੱਘੀ ਸ਼ਰਧਾਂਜਲੀ
  • PublishedMay 23, 2021

ਸ਼ਹੀਦ ਦੇ ਪਰਿਵਾਰ ਨੂੰ ਐਚ.ਡੀ.ਐਫ.ਸੀ ਬੈਂਕ ਵਲੋਂ 1 ਕਰੋੜ ਰੁਪਏ ਦਾ ਐਕਸਗ੍ਰੇਸ਼ੀਆ ਅਤੇ ਇੱਕ ਪਰਿਵਾਰਕ ਮੈਂਬਰ ਨੂੰ ਪੁਲਿਸ ਵਿੱਚ ਦਿੱਤੀ ਜਾਵੇਗੀ ਨੌਕਰੀ

ਡੀਜੀਪੀ ਦਿਨਕਰ ਗੁਪਤਾ ਨੇ ਏਐਸਆਈ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ ਪੂਰਨ ਸਹਿਯੋਗ ਦੇਣ ਦਾ ਦਿੱਤਾ ਭਰੋਸਾ

ਚੰਡੀਗੜ੍ਹ / ਜਗਰਾਉਂ, 23 ਮਈ: ਡਾਇਰੈਕਟਰ ਜਨਰਲ ਪੁਲਿਸ (ਡੀਜੀਪੀ) ਪੰਜਾਬ ਦਿਨਕਰ ਗੁਪਤਾ ਨੇ ਪੁਲਿਸ ਦੇ ਸ਼ਹੀਦ ਏ.ਐਸ.ਆਈ. ਭਗਵਾਨ ਸਿੰਘ ਵਲੋਂ ਦਿੱਤੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਉਹਨਾਂ ਦੇ ਜੱਦੀ ਪਿੰਡ ਕੋਠੇ ਅਠ ਚੱਕ ,ਜਗਰਾਉਂ ਵਿੱਚ ਸਥਿਤ ਦਸ਼ਮੇਸ਼ ਗੁਰਦੁਆਰਾ ਵਿਖੇ ਭੋਗ ਸਮਾਰੋਹ ਦੌਰਾਨ ਸਮੂਹ ਪੰਜਾਬ ਪੁਲਿਸ ਦੀ ਅਗਵਾਈ ਕਰਦਿਆਂ ਐਤਵਾਰ ਨੂੰ ਆਨਲਾਈਨ ਢੰਗ ਨਾਲ ਦਿਲੀ ਸ਼ਰਧਾਂਜਲੀ ਦਿੱਤੀ।

   ਏ.ਐਸ.ਆਈ. ਭਗਵਾਨ ਸਿੰਘ ਜੋ 1990 ਵਿਚ ਬਤੌਰ ਕਾਂਸਟੇਬਲ ਪੁਲਿਸ ਫੋਰਸ ਵਿਚ ਭਰਤੀ ਹੋਏ ਸੀ ਅਤੇ ਮੌਜੂਦਾ ਸਮੇਂ ਦੌਰਾਨ ਲੁਧਿਆਣਾ  ਪੁਲਿਸ (ਦਿਹਾਤੀ) ਕ੍ਰਾਈਮ ਇਨਵੈਸਟੀਗੇਸ਼ਨ ਯੂਨਿਟ (ਸੀ.ਆਈ.ਏ) ਵਿੰਗ ਵਿਚ ਤਾਇਨਾਤ ਸਨ, ਉਹ 15 ਮਈ, 2021 ਨੂੰ ਜਗਰਾਉਂ ਵਿਚ ਅਪਰਾਧੀਆਂ ਦਾ ਪਿੱਛਾ ਕਰਨ ਅਤੇ ਮੁਕਾਬਲਾ ਕਰਦਿਆਂ ਆਪਣੀ ਜਾਨ ਗੁਆ ਬੈਠੇ ਸਨ। ਉਹ ਆਪਣੇ ਪਿੱਛੇ ਪਤਨੀ ਅਤੇ 15 ਸਾਲਾ ਬੇਟਾ ਛੱਡ ਗਏ ਹਨ।

    ਡੀ.ਜੀ.ਪੀ. ਦਿਨਕਰ ਗੁਪਤਾ, ਜਿਨ੍ਹਾਂ ਨੇ ਕੋਵਿਡ-19 ਦੀਆਂ ਪਾਬੰਦੀਆਂ ਕਾਰਨ ਵੀਡੀਓ ਕਾਨਫਰੰਸਿੰਗ ਰਾਹੀਂ ਭੋਗ ਸਮਾਗਮ ਵਿਚ ਸਿਰਿਕਤ ਕੀਤੀ, ਨੇ ਅਪਰਾਧ ਅਤੇ ਨਸ਼ਾ ਤਸਕਰਾਂ ਨਾਲ ਲੜਦਿਆਂ ਆਪਣੀ ਜਾਨ ਕੁਰਬਾਨ ਕਰਨ ਵਾਲੇ ਏ.ਸੀ.ਆਈ. ਭਗਵਾਨ ਸਿੰਘ ਨੂੰ ਪੁਲਿਸ ਕਮਿਸ਼ਨਰਾਂ / ਐਸਐਸਪੀਜ਼ ਸਮੇਤ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਦਿਲੀ ਸ਼ਰਧਾਂਜਲੀ ਭੇਟ ਕੀਤੀ । ਉਹਨਾਂ ਕਿਹਾ “ਅਸੀਂ ਸਾਰੇ ਪੰਜਾਬ ਦੇ 82000 ਪੁਲਿਸ ਕਰਮੀਆਂ ਦਾ ਪਰਿਵਾਰ ਹਾਂ ਅਤੇ ਪੰਜਾਬ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਏ.ਐੱਸ.ਆਈ. ਵਲੋਂ ਦਿੱਤੀ ਆਪਣੀ ਜਾਣ ਦੀ ਕੁਰਬਾਨੀ ਫਖ਼ਰ ਕੀਤਾ ਜਾਵੇਗਾ।ਇਹ ਲਾਸਾਨੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ।

    ਡੀਜੀਪੀ ਨੇ ਦੱਸਿਆ ਕਿ ਏਐਸਆਈ ਨੇ ਆਪਣੀ ਸਾਰੀ ਸੇਵਾ ਪੂਰੀ ਤਨਦੇਹੀ ਨਾਲ ਨਸਿ਼ਿਆਂ ਅਤੇ ਗੈਂਗਸਟਰਾਂ ਖਿਲਾਫ਼ ਲੜਦਿਆਂ ਨਿਭਾਈ ਅਤੇ ਜਗਰਾਉਂ ਵਿੱਚ ਵੀ ਉਹ ਗੈਂਗਸਟਰਾਂ ਨਾਲ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋਏ।

    ਡੀਜੀਪੀ ਨੇ ਕਿਹਾ ਕਿ “ਅਸੀਂ ਉਹਨਾਂ ਨੂੰ ਵਾਪਸ ਤਾਂ ਨਹੀਂ ਲਿਆ ਸਕਦੇ ਪਰ ਉਹ ਹਮੇਸ਼ਾਂ ਸਾਡੇ ਦਿਲਾਂ ਵਿੱਚ ਜਿ਼ੰਦਾ ਰਹਿਣਗੇ।” ਉਹਨਾਂ ਸ਼ਹੀਦ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ ਭਰੋਸਾ ਦਿੰਦੇ ਹੋਏ ਕਿਹਾ ਕਿ ਉਹ ਹਮੇਸ਼ਾ ਸ਼ਹੀਦ ਦੇ ਪਰਿਵਾਰ ਨਾਲ ਡਟੇ ਰਹਿਣਗੇ।

    ਉਨ੍ਹਾਂ ਭਰੋਸਾ ਦਿੱਤਾ ਕਿ ਏਐਸਆਈ ਭਗਵਾਨ ਸਿੰਘ ਦੇ ਪਰਿਵਾਰ ਨੂੰ ਐਚਡੀਐਫਸੀ ਬੈਂਕ ਵੱਲੋਂ ਰਾਹਤ ਵਜੋਂ 1 ਕਰੋੜ ਰੁਪਏ ਦੀ ਰਾਸ਼ੀ ਅਦਾ ਕੀਤੀ ਜਾਏਗੀ। ਇਸ ਤੋਂ ਇਲਾਵਾ ਉਹਨਾਂ ਦੇ ਲੜਕੇ ਨੂੰ ਯੋਗ ਉਮਰ ਆਉਣ ’ਤੇ ਪੁਲਿਸ ਨੌਕਰੀ ਸਮੇਤ ਹੋਰ ਲਾਭ ਦਿੱਤੇ ਜਾਣਗੇ।

  ਇਸ ਦੌਰਾਨ ਕੋਵਿਡ-19 ਮਾਮਲਿਆਂ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਦੇ ਮੱਦੇਨਜ਼ਰ ਇਕੱਠ ਕਰਨ ਦੀਆਂ ਪਾਬੰਦੀਆਂ ਕਾਰਨ, ਸੀਮਤ ਗਿਣਤੀ ਵਿੱਚ ਹੀ ਲੋਕਾਂ ਨੂੰ ਭੋਗ ਸਮਾਗਮ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ ਸੀ। ਹਾਲਾਂਕਿ ,ਲੁਧਿਆਣਾ ਦਿਹਾਤੀ ਪੁਲਿਸ ਨੇ  ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸਾਰੇ ਪੁਲਿਸ ਅਧਿਕਾਰੀਆਂ ਲਈ ਸਮੁੱਚੇ ਸਮਾਗਮ ਦੇ ਫੇਸਬੁੱਕ ਲਾਈਵ ਦੀ ਸੁਵਿਧਾ ਪ੍ਰਦਾਨ ਕਰਵਾਈ ।

Written By
The Punjab Wire