ਜਿਲ੍ਹੇ ਵਿਚ ਕੁੱਲ ਟੈਸਟਾਂ ਦੀ ਗਿਣਤੀ 591148
ਕੋਵਿਡ ਦੇ ਲੱਛਣਾਂ ਵਾਲੇ ਲੋਕਾਂ ਦਾ ਡਾਟਾ ਇਕੱਤਰ ਕਰਨ ਦੇ ਨਾਲ-ਨਾਲ, ਟੈਸਟਿੰਗ,ਕਾਨਟੈਕਟ ਟਰੇਸਿੰਗ ਤੇ ਵੈਕਸੀਨ ਲਗਾਉਣ ਬਾਰੇ ਕੀਤਾ ਜਾ ਰਿਹਾ ਜਾਗਰੂਕ
ਗੁਰਦਾਸਪੁਰ, 22 ਮਈ ( ਮੰਨਨ ਸੈਣੀ )। ਪੰਜਾਬ ਸਰਕਾਰ ਵਲੋਂ ‘ਕਰੋਨਾ ਮੁਕਤ ਪਿੰਡ’ ਦੀ ਮੁਹਿੰਮ ਦੀ ਸ਼ੁਰੂਆਤ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਸਮੇਤ ਹੋਰਨਾਂ ਵਿਭਾਗਾਂ ਦੇ ਸਹਿਯੋਗ ਨਾਲ ਸੈਂਪਲ ਇਕੱਤਰ ਕਰਨਾ ਸ਼ੁਰੂ ਕੀਤਾ ਗਿਆ ਹੈ।
ਇਸ ਮੁਹਿੰਮ ਦਾ ਮਕਸਦ ਕੋਵਿਡ ਦੇ ਲੱਛਣਾਂ ਵਾਲੇ ਹਰ ਵਿਅਕਤੀ ਦਾ ਟੈਸਟ ਕਰਨਾ, ਉਸ ਨਾਲ ਸਬੰਧਿਤਾਂ ਦੀ ਕੰਟੈਕਟ ਟਰੇਸਿੰਗ ਤੇ ਉਨ੍ਹਾਂ ਨੂੰ ਕੋਵਿਡ ਦੀ ਰੋਕਥਾਮ ਲਈ ਨਿਰਧਾਰਿਤ ਮੈਡੀਕਲ ਪ੍ਰੋਟੋਕਾਲ ਦੀ ਪਾਲਣਾ ਬਾਰੇ ਜਾਗਰੂਕ ਕਰਨਾ ਹੈ। ਯੋਗ ਵਿਅਕਤੀਆਂ ਨੂੰ ਕੋਵਿਡ ਵਿਰੋਧੀ ਵੈਕਸੀਨ ਲਗਾਉਣ ਲਈ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਜਿਲ੍ਹੇ ਦੇ ਸਾਰੇ ਪਿੰਡਾਂ ਨੂੰ ਕਵਰ ਕੀਤਾ ਜਾਵੇਗਾ ਤਾਂ ਜੋ ਇਸ ਮਹਾਂਮਾਰੀ ਨੂੰ ਪਿੰੰਡਾਂ ਵਿਚ ਫੈਲਣ ਤੋਂ ਰੋਕਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਸਮੂਹ ਮੈਡੀਕਲ ਅਫਸਰਾਂ, ਐਸ.ਡੀ.ਐਮਜ਼, ਪੇਂਡੂ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਮੂਹ ਸਰਪੰਚਾਂ, ਪੰਚਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਸਾਂਝੀਆਂ ਥਾਵਾਂ ’ਤੇ ਟੈਸਟਿੰਗ ਯਕੀਨੀ ਬਣਾਉਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਸ਼ਾ ਵਰਕਰਾਂ, ਸਿਹਤ ਅਮਲੇ ਵਲੋਂ ਹਰ ਘਰ ਜਾ ਕੇ ਕੋਵਿਡ ਦੇ ਸ਼ੱਕੀ ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਸੂਚਨਾ ਸਬੰਧਿਤ ਮੈਡੀਕਲ ਅਫਸਰ ਤੱਕ ਪਹੁੰਚੇਗੀ ਜੋ ਕਿ ਲੋੜ ਅਨੁਸਾਰ ਕਾਰਵਾਈ ਕਰਨਗੇ। ਟੀਮਾਂ ਵਲੋਂ ਬਾਇਓ ਮੈਡੀਕਲ ਵੇਸਟ ਦੇ ਸਹੀ ਪ੍ਰਬੰਧਨ ਲਈ ਵੀ ਲੋਕਾਂ ਨੂੰ ਦੱਸਿਆ ਜਾਵੇਗਾ ਕਿਉਂਕਿ ਇਸ ਤੋਂ ਸਭ ਤੋਂ ਵੱਧ ਵਾਇਰਸ ਦੇ ਫੈਲਣ ਦਾ ਖਤਰਾ ਰਹਿੰਦਾ ਹੈ।
ਜ਼ਿਕਰੋਗ ਹੈ ਕਿ ਜਿਲ੍ਹੇ ਅੰਦਰ ਬੀਤੇ ਕੱਲ੍ਹ ਤੱਕ 5 ਲੱਖ 91ਹਜ਼ਾਰ 148 ਟੈਸਟ ਕੀਤੇ ਗਏ ਹਨ। ਰੋਜ਼ਾਨਾ ਸੈਂਪਲਿੰਗ ਦੀ ਗਿਣਤੀ 4000 ਦੇ ਨੇੜੇ ਹੈ। ਜਿਲ੍ਹੇ ਵਿਚ ਹੁਣ ਤੱਕ 17347 ਪੀੜਤ ਠੀਕ ਹੋ ਚੁੱਕੇ ਹਨ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੱਛਣ ਹੋਣ ’ਤੇ ਤੁਰੰਤ ਟੈਸਟ ਕਰਵਾਉਣ ਕਿਉਂਕਿ ਕੋਵਿਡ ਨੂੰ ਸ਼ੁਰੂਆਤ ਵੇਲੇ ਹੀ ਕਾਬੂ ਕਰਨ ਨਾਲ ਮਨੁੱਖੀ ਜਾਨਾਂ ਨੂੰ ਬਚਾਉਣ ਵਿਚ ਵੱਡੀ ਸਹਾਇਤਾ ਮਿਲਦੀ ਹੈ।