ਗੁਰਦਾਸਪੁਰ, 27 ਅਪਰੈਲ। ਸ਼ਰੋਮਣੀ ਅਕਾਲੀ ਦਲ, ਜਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਗੁਰਬਚਨ ਸਿੰਘ ਬੱਬੇਹਾਲੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੋਟਕਪੂਰਾ ਬੇਅਦਬੀ ਅਤੇ ਗੋਲੀ ਕਾਂਡ ਦੇ ਸਬੰਧ ਵਿੱਚ ਅਸਤੀਫੇ ਪੇਸ਼ ਕਰਨ ਨੂੰ ਸਿਆਸੀ ਡਰਾਮੇਬਾਜੀ ਕਰਾਰ ਦਿੱਤਾ ਹੈ । ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਸਰਦਾਰ ਬੱਬੇਹਾਲੀ ਨੇ ਕਿਹਾ ਕਿ ਕੈਬਿਨਟ ਦੀ ਮੀਟਿੰਗ ਵਿੱਚ ਕਾਂਗਰਸ ਪ੍ਰਧਾਨ ਦੀ ਮੌਜੂਦਗੀ ਤੇ ਵੀ ਸਵਾਲ ਖੜਾ ਹੁੰਦਾ ਹੈ ਕਿਉਂਕਿ ਨਾਂ ਤਾਂ ਉਹ ਕੈਬਿਨੇਟ ਮੰਤਰੀ ਹਨ ਅਤੇ ਨਾਂ ਹੀ ਇਹ ਪਾਰਟੀ ਦੀ ਮੀਟਿੰਗ ਸੀ । ਜੇਕਰ ਉਨ੍ਹਾਂ ਸਚਮੁਚ ਆਪਣਾ ਅਸਤੀਫਾ ਸੌਂਪਣਾ ਸੀ ਤਾਂ ਉਹ ਪਾਰਟੀ ਸੁਪਰੀਮੋ ਸੋਨੀਆ ਗਾਂਧੀ ਨੂੰ ਅਸਤੀਫਾ ਭੇਜਦੇ ਜਾਂ ਸੌਂਪਦੇ । ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਨ੍ਹਾਂ ਦੋਵਾਂ ਦੇ ਅਸਤੀਫੇ ਫਾੜ ਦਿੱਤੇ ਜਾਣ ਦੇ ਬਾਅਦ ਨਾਂ ਤਾਂ ਸੁਨੀਲ ਜਾਖੜ ਕੁਝ ਬੋਲੇ ਅਤੇ ਨਾਂ ਹੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੋਈ ਪ੍ਰਤਿਕਿਰਿਆ ਜਾਹਿਰ ਕੀਤੀ । ਉਨ੍ਹਾਂ ਕਿਹਾ ਕਿ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਵੀ ਇੱਕ ਵਾਰ ਵਿਧਾਨ ਸਭਾ ਵਿੱਚ ਅਜਿਹੀ ਡਰਾਮੇਬਾਜੀ ਕੀਤੀ ਸੀ । ਉਨ੍ਹਾਂ ਵੀ ਖਾਲੀ ਜੇਬ ਵਿੱਚ ਹੱਥ ਪਾ ਕਿ ਕਿਹਾ ਸੀ ਕਿ ਅਸਤੀਫਾ ਮੇਰੀ ਜੇਬ ਵਿੱਚ ਹੈ ।
ਸਰਦਾਰ ਬੱਬੇਹਾਲੀ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਕਿਸੇ ਵਰਗ ਦੀ ਹਿਤੈਸ਼ੀ ਨਹੀਂ । ਜਨਤਾ ਦੀਆਂ ਸਮੱਸਿਆਂਵਾਂ ਦੇ ਹੱਲ ਲਈ ਲੋਕਾਂ ਦੇ ਨਾਲ ਖੜਨਾ ਪੈਂਦਾ ਹੈ ਅਤੇ ਕੁਰਬਾਨੀ ਵੀ ਦੇਣੀ ਪੈਂਦੀ ਹੈ । ਉਨ੍ਹਾਂ ਕਿਹਾ ਕਿ ਅਕਾਲੀ ਨੇਤਾ ਹਰਸਿਮਰਤ ਕੌਰ ਬਾਦਲ ਨੇ ਵੀ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਕੇਂਦਰੀ ਕੈਬਿਨੇਟ ਤੋਂ ਕਿਸਾਨ ਬਿਲਾਂ ਦੇ ਵਿਰੋਧ ਅਸਤੀਫਾ ਦਿੱਤਾ ਸੀ ਪਰ ਉਹ ਡਰਾਮਾ ਨਹੀਂ ਸੀ । ਸੁਨੀਲ ਜਾਖੜ ਅਤੇ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅਸਤੀਫਾ ਦੇਣਾ ਅਤੇ ਕੈਪਟਨ ਵੱਲੋਂ ਅਸਤੀਫੇ ਫਾੜ ਦਿੱਤੇ ਜਾਣ ਮਗਰੋੰ ਇਨ੍ਹਾਂ ਨੇਤਾਂਵਾਂ ਦੀ ਚੁੱਪੀ ਨੇ ਬੇਹਦ ਹਾਸੋਹੀਣੀ ਸਥਿਤੀ ਪੈਦਾ ਕੀਤੀ ਹੈ ।
ਫੋਟੋ – ਗੁਰਬਚਨ ਸਿੰਘ ਬੱਬੇਹਾਲੀ ।