CORONA ਗੁਰਦਾਸਪੁਰ ਪੰਜਾਬ

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਮਿਲਕਫੈਡ ਦਾ ਨਵਾਂ ਉਤਪਾਦ ‘ਵੇਰਕਾ ਡੇਅਰੀ ਵ੍ਹਾਈਟਨਰ’ ਲਾਂਚ

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਮਿਲਕਫੈਡ ਦਾ ਨਵਾਂ ਉਤਪਾਦ ‘ਵੇਰਕਾ ਡੇਅਰੀ ਵ੍ਹਾਈਟਨਰ’ ਲਾਂਚ
  • PublishedMarch 25, 2021

254 ਕਰੋੜ ਰੁਪਏ ਦੀ ਲਾਗਤ ਨਾਲ ਜਲੰਧਰ, ਲੁਧਿਆਣਾ, ਮੁਹਾਲੀ ਤੇ ਪਟਿਆਲਾ ਵਿਖੇ ਡੇਅਰੀ ਪ੍ਰਾਜੈਕਟ ਪ੍ਰਗਤੀ ਅਧੀਨ: ਰੰਧਾਵਾ

ਬੱਸੀ ਪਠਾਣਾ ਵਿਖੇ ਇਸ ਸਾਲ ਜੂਨ ਮਹੀਨੇ ਸ਼ੁਰੂ ਹੋਵੇਗਾ ਮੈਗਾ ਡੇਅਰੀ ਪ੍ਰਾਜੈਕਟ

ਹੋਟਲਾਂ, ਘਰਾਂ ਤੇ ਸਫਰ ਕਰਨ ਵਾਲੇ ਯਾਤਰੂਆਂ ਲਈ ਸਹਾਈ ਸਿੱਧ ਹੋਵੇਗਾ ਨਵਾਂ ਉਤਪਾਦ ਡੇਅਰੀ ਵ੍ਹਾਈਟਨਰ: ਕਮਲਦੀਪ ਸਿੰਘ ਸੰਘਾ

ਚੰਡੀਗੜ੍ਹ, 25 ਮਾਰਚ। ਡੇਅਰੀ ਮਾਰਕੀਟ ਵਿੱਚ ਆਪਣੇ ਉਚ ਮਿਆਰਾਂ ਅਤੇ ਵੱਖ-ਵੱਖ ਉਤਪਾਦਾਂ ਦੀ ਕਿਸਮ ਨਾਲ ਲੋਕਾਂ ਵਿੱਚ ਮਕਬੂਲ ਅਦਾਰੇ ਮਿਲਕਫੈਡ ਪੰਜਾਬ ਵੱਲੋਂ ਅੱਜ ਇਕ ਹੋਰ ਨਵੀਂ ਪੁਲਾਂਘ ਪੁੱਟਦਿਆਂ ਆਪਣਾ ਨਵਾਂ ਉਤਪਾਦ ‘ਵੇਰਕਾ ਡੇਅਰੀ ਵ੍ਹਾਈਟਨਰ’ ਲਾਂਚ ਕੀਤਾ ਗਿਆ।

ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਅੱਜ ਇਥੇ ਮਿਲਕਫੈਡ ਦੇ ਮੁੱਖ ਦਫਤਰ ਵਿਖੇ ਵਧੀਕ ਮੁੱਖ ਸਕੱਤਰ ਸਹਿਕਾਰਤਾ ਸ੍ਰੀ ਕੇ.ਸਿਵਾ ਪ੍ਰਸਾਦ, ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਸ੍ਰੀ ਵਿਕਾਸ ਗਰਗ ਅਤੇ ਮਿਲਕਫੈਡ ਦੇ ਐਮ.ਡੀ. ਸ੍ਰੀ ਕਮਲਦੀਪ ਸਿੰਘ ਸੰਘਾ ਦੀ ਹਾਜ਼ਰੀ ਵਿੱਚ ‘ਵੇਰਕਾ ਡੇਅਰੀ ਵ੍ਹਾਈਟਨਰ’ ਦੇ ਚਾਰ ਵੱਖ-ਵੱਖ ਭਾਰ ਵਰਗਾਂ ਦੇ ਪੈਕੇਟ ਲਾਂਚ ਕੀਤੇ ਗਏ ਜਿਨ੍ਹਾਂ ਵਿੱਚ 200 ਗ੍ਰਾਮ, 500 ਗ੍ਰਾਮ, ਇਕ ਕਿਲੋ ਅਤੇ ਸਾਢੇ ਸੱਤ ਕਿਲੋ ਦੀ ਪੈਕਿੰਗ ਸ਼ਾਮਲ ਸੀ।

ਇਸ ਮੌਕੇ ਸੰਬੋਧਨ ਕਰਦਿਆਂ ਸ. ਰੰਧਾਵਾ ਨੇ ਦੱਸਿਆ ਕਿ ਪੰਜਾਬ ਦੇ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਦੀ ਸੇਵਾ ਹਿੱਤ ਮਿਲਕਫੈਡ ਦੇ ਜਲੰਧਰ ਮਿਲਕ ਪਲਾਂਟ ਵੱਲੋਂ ਉਚ ਕੋਟੀ ਦੇ ‘ਡੇਅਰੀ ਵ੍ਹਾਈਟਨਰ’ ਦਾ ਉਤਪਾਦਨ ਸ਼ੁਰੂ ਕੀਤਾ ਗਿਆ। ਮਿਲਕਫੈਡ ਵਲੋਂ ਇਹ ਸਾਰੀਆਂ ਪੈਕਿੰਗਾਂ ਖਪਤਕਾਰਾਂ ਦੀ ਜਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਮਾਰਕੀਟ ਵਿੱਚ ਉਤਾਰੀਆਂ ਜਾ ਰਹੀਆਂ ਹਨ। ਇਹ ਵੇਰਕਾ ਜਲੰਧਰ ਡੇਅਰੀ ਵਿਖੇ ਸਥਾਪਤ ਕੀਤੀ ਗਈ ਅਤਿ-ਆਧੁਨਿਕ ਮਸ਼ੀਨਰੀ ਦੇ ਨਾਲ ਪੰਜਾਬ ਦੇ ਪੌਸ਼ਟਿਕ ਦੁੱਧ ਤੋਂ ਤਿਆਰ ਕੀਤਾ ਜਾਂਦਾ ਹੈ। ਵੇਰਕਾ ਡੇਅਰੀ ਵ੍ਹਾਈਟਨਰ ਲੰਮੇ ਸਮੇਂ ਤੱਕ ਸਟੋਰ ਕੀਤਾ ਜਾ ਸਕਦਾ ਹੈ ਅਤੇ ਇਸ ਦੀ ਅਸਾਨ ਵਰਤੋਂ ਘਰਾਂ, ਹੋਟਲਾਂ ਅਤੇ ਸਫਰ ਦੌਰਾਨ ਯਾਤਰੂਆਂ ਨੂੰ ਬਹੁਤ ਸਹੂਲਤ ਦੇਵੇਗੀ। ਉਨ੍ਹਾਂ ਕਿਹਾ ਕਿ ਇਹ ਉਤਪਾਦ ਨੈਸਲੇ, ਅਮੁੱਲ ਆਦਿ ਵੱਲੋਂ ਤਿਆਰ ਕੀਤਾ ਜਾਂਦਾ ਸੀ ਅਤੇ ਲੋਕਾਂ ਦੀ ਮੰਗ ਨੂੰ ਦੇਖਦਿਆਂ ਵੇਰਕਾ ਵੱਲੋਂ ਇਸ ਨੂੰ ਤਿਆਰ ਕਰਨਾ ਸ਼ੁਰੂ ਕੀਤਾ ਗਿਆ ਹੈ ਜਿਸ ਦੀ ਕੀਮਤ ਵੀ ਮੁਕਾਬਲਤਨ ਘੱਟ ਰੱਖੀ ਗਈ ਹੈ।

ਸ. ਰੰਧਾਵਾ ਨੇ ਅੱਗੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੇ ਦੌਰ ਵਿੱਚ ਜਿੱਥੇ ਦੇਸ਼ ਦਾ ਪੂਰਾ ਉਦਯੋਗ ਅਤੇ ਸੇਵਾ ਖੇਤਰ ਆਰਥਿਕ ਮੰਦੀ ਨਾਲ ਜੂਝ ਰਿਹਾ ਸੀ ਉਥੇ ਮਿਲਕਫੈਡ ਨੇ ਕਿਸਾਨਾਂ ਦੇ ਸਹਿਯੋਗ, ਆਪਣੇ ਸਟਾਫ ਦੀ ਮਿਹਨਤ ਅਤੇ ਮਿਆਰੀ ਉਤਪਾਦਾਂ ਸਦਕਾ ਇਸ ਵਿੱਤੀ ਸਾਲ ਵਿੱਚ ਪਿਛਲੇ ਵਿੱਤੀ 2019-20 ਨਾਲੋਂ 25 ਫੀਸਦੀ ਵਧੇਰੇ ਦੁੱਧ ਖਰੀਦਿਆ। ਮਿਲਕਫੈਡ ਵੱਲੋਂ ਇਸ ਔਖੇ ਸਮੇਂ ਵਿੱਚ ਦੁੱਧ ਉਤਪਾਦਕਾਂ ਲਈ ਦੁੱਧ ਦੇ ਰੇਟ ਕਾਇਮ ਰੱਖਣ ਵਿੱਚ ਬਹੱਤ ਵਧੀਆ ਭੂਮਿਕਾ ਨਿਭਾਈ ਜਿਸ ਲਈ ਸਹਿਕਾਰਤਾ ਮੰਤਰੀ ਨੇ ਮਿਲਕਫੈਡ ਦੀ ਸਮੂਹ ਟੀਮ ਨੂੰ ਮੁਬਾਰਕਬਾਦ ਦਿੱਤੀ।

ਸਹਿਕਾਰਤਾ ਮੰਤਰੀ ਨੇ ਅੱਗੇ ਦੱਸਿਆ ਕਿ ਇਸ ਮਹਾਂਮਾਰੀ ਦੇ ਸਮੇਂ ਦੌਰਾਨ ਵੀ ਮਿਲਕਫੈਡ ਵੱਲੋਂ ਮਿਲਕ ਪਲਾਟਾਂ ਦੇ ਆਧੁਨਿਕੀਕਰਨ ਅਤੇ ਇਨ੍ਹਾਂ ਦੀ ਸਮਰੱਥਾ ਵਧਾਉਣ ਲਈ ਕਈ ਪ੍ਰਾਜੈਕਟ ਆਰੰਭੇ ਜਾ ਰਹੇ ਹਨ। ਮਿਲਕਫੈਡ ਵੱਲੋਂ 254 ਕਰੋੜ ਰੁਪਏ ਦੀ ਲਾਗਤ ਨਾਲ ਕਈ ਵਿਕਾਸ ਅਤੇ ਵਿਸਥਾਰ ਪ੍ਰਾਜੈਕਟ ਜਲੰਧਰ, ਲੁਧਿਆਣਾ, ਮੁਹਾਲੀ ਅਤੇ ਪਟਿਆਲਾ ਡੇਅਰੀਆਂ ਵਿਖੇ ਚੱਲ ਰਹੇ ਹਨ। ਪੰਜਾਬ ਸਰਕਾਰ ਅਤੇ ਨਾਬਾਰਡ ਵਲੋਂ ਦਿੱਤੀ ਗਈ 138 ਕਰੋੜ ਦੀ ਆਰਥਿਕ ਸਹਾਇਤਾ ਨਾਲ ਬੱਸੀ ਪਠਾਣਾ ਵਿਖੇ ਸ਼ੁਰੂ ਕੀਤਾ ਮੈਗਾ ਡੇਅਰੀ ਪ੍ਰਾਜੈਕਟ ਪ੍ਰਗਤੀ ਅਧੀਨ ਹੈ ਜਿਸ ਦੇ ਇਸ ਸਾਲ ਜੂਨ ਮਹੀਨੇ ਪੂਰਾ ਹੋਣ ਦੀ ਸੰਭਾਵਨਾ ਹੈ।

ਮਿਲਕਫੈਡ ਪੰਜਾਬ ਦੇ ਐਮ.ਡੀ. ਸ੍ਰੀ ਕਮਲਦੀਪ ਸਿੰਘ ਸੰਘਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੇਰਕਾ ਵੱਲੋਂ ਲਾਂਚ ਕੀਤਾ ਡੇਅਰੀ ਵ੍ਹਾਈਟਨਰ ਕਿਸੇ ਵੀ ਥਾਂ ਚਾਹ, ਕਾਫੀ, ਦੁੱਧ ਬਣਾਉਣ ਲਈ ਸਿਰਫ ਗਰਮ ਪਾਣੀ ਮਿਲਾ ਕੇ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਦੁੱਧ ਦੀ ਸਾਂਭ ਸੰਭਾਲ ਅਤੇ ਇਸ ਨੂੰ ਲਿਜਾਣਾ ਔਖਾ ਹੋਣ ਕਰਕੇ ਡੇਅਰੀ ਵ੍ਹਾਈਟਨਰ ਬਦਲ ਸਾਬਤ ਹੋਵੇਗਾ। ਇਕ ਕਿਲੋ ਵੇਰਕਾ ਡੇਅਰੀ ਵ੍ਹਾਈਟਨਰ ਤੋਂ 10 ਕਿਲੋ ਤਰਲ ਦੁੱਧ ਬਣਾਇਆ ਜਾ ਸਕਦਾ ਹੈ। ਇਸ ਵਿੱਚ ਖੰਡ 18 ਫੀਸਦੀ, ਫੈਟ 20 ਫੀਸਦੀ ਤੇ ਪ੍ਰੋਟੀਨ 22 ਫੀਸਦੀ ਹੈ। ਇਸ ਦੀ ਵਿਸ਼ੇਸਤਾ ਹੈ ਕਿ ਇਹ ਉਚ ਘੁਲਣਸ਼ੀਲਤਾ ਵਾਲਾ ਉਤਪਾਦ ਹੈ ਜੋ ਕਿ ਚਾਹ, ਦੁੱਧ, ਸ਼ੇਕ ਆਦਿ ਪੀਣ ਵਾਲੇ ਪਦਾਰਥ ਨੂੰ ਗਾੜਾ ਬਣਾਉਦਾ ਹੈ ਅਤੇ ਇਸ ਦੀ ਵਰਤੋਂ ਪੀਣ ਵਾਲੇ ਪਦਾਰਥਾਂ ਨੂੰ ਦੁੱਧ ਦਾ ਅਸਲੀ ਸਵਾਦ ਅਤੇ ਖੁਸ਼ਬੂ ਦਿੰਦੀ ਹੈ। ਕੀਮਤ ਪੱਖੋਂ ਇਹ ਵੀ ਉਪਭੋਗਤਾਵਾਂ ਲਈ ਵਾਜਬ ਅਤੇ ਲਾਹੇਵੰਦ ਹੈ।

ਸ੍ਰੀ ਸੰਘਾ ਨੇ ਅੱਗੇ ਦੱਸਿਆ ਕਿ ਲੋਕਾਂ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਵੇਰਕਾ ਨੇ ਪ੍ਰਸਿੱਧ ਹਲਦੀ ਦੁੱਧ ਦੀ ਸ਼ੁਰੂਆਤ ਕੀਤੀ ਹੈ ਅਤੇ ਖਪਤਕਾਰਾਂ ਦੀ ਸਹੂਲਤ ਲਈ ਪ੍ਰਸਿੱਧ ਪੀਓ ਨੂੰ ਨਵੀਂ ਸਹੂਲਤ ਵਾਲੀ ਪੀ.ਪੀ. (ਪੌਲੀਪ੍ਰੋਪਾਈਲਾਈਨ) ਬੋਤਲ ਵਿੱਚ ਲਾਂਚ ਕੀਤਾ ਹੈ। ਅਜੋਕੇ ਸਮੇਂ ਵਿੱਚ ਸਿਹਤਮੰਦ, ਪ੍ਰਤੀਰੋਧੀ ਗਤੀਸ਼ੀਲਤਾ ਵੱਲ ਵੱਦੇ ਖਪਤਕਾਰਾਂ ਦੇ ਰੁਝਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਵੇਰਕਾ ਨੇ ਹਾਲ ਵਿੱਚ ਹੀ ਕੁਦਰਤੀ ਫਰੂਟ ਫਲੇਵਰਾਂ ਜਿਵੇ ਕਿ ਸਟ੍ਰਆਬੇਰੀ, ਪਿੰਕ ਗੁਆਵਾ, ਲੀਚੀ ਵਿੱਚ ਨੈਚੂਰਲ ਫਰੂਟ ਆਈਸ ਕਰੀਮ ਲਾਂਚ ਕੀਤੀ ਸੀ। ਇਹ ਸਾਰੇ ਵੇਰਕਾ ਉਤਪਾਦ ਪ੍ਰਚੂਨ ਦੁਕਾਨਾਂ ਅਤੇ ਵੇਰਕਾ ਬੂਥਾਂ ‘ਤੇ ਉਪਲੱਬਧ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਮਿਲਕਫੈਡ ਦੇ ਸਾਰੇ ਮਿਲਕ ਪਲਾਂਟਾਂ ਦਾ ਆਧੁਨਿਕੀਕਰਨ ਕਰਕੇ ਮਿਲਕ ਉਤਪਾਦਾਂ ਦੀ ਗੁਣਵੱਤਾ ਵਧਾਈ ਜਾਵੇਗੀ। ਉਨ੍ਹਾਂ ਉਪਭੋਗਤਾਵਾਂ ਨੂੰ ਭਰੋਸਾ ਦਿਵਾਇਆ ਕਿ ਮਿਲਕਫੈਡ ਹੋਰ ਨਵੇਂ ਦੁੱਧ ਉਤਪਾਦ ਲਾਂਚ ਕਰਨ ਲਈ ਵਚਨਬੱਧ ਹੈ ਅਤੇ ਇਸ ਕੰਮ ਲਈ ਮਿਲਕਫੈਡ ਵੱਲੋਂ ਆਪਣੀ ਤਕਨੀਕੀ ਸਮਰੱਥਾ ਵਧਾਉਣ ਲਈ ਲੋੜੀਂਦੇ ਉਪਰਾਲੇ ਕੀਤੇ ਜਾ ਰਹੇ ਹਨ।

Written By
The Punjab Wire