ਮਾਸਕ ਪਹਿਨਣ, ਸਮਾਜਿਕ ਦੂਰੀ ਬਣਾ ਕੇ ਰੱਖਣ ਤੇ ਟੀਕਾ ਲਗਵਾਉਣ ਕੀਤੀ ਅਪੀਲ
ਗੁਰਦਾਸਪੁਰ, 23 ( ਮੰਨਨ ਸੈਣੀ )। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵੱਲੋਂ ਕਰੋਨਾ ਵਾਇਰਸ ਦੇ ਸਰੂਪ ਦੇ ਪੱਧਰ ਪਤਾ ਕਰਨ ਲਈ ਭੇਜੇ ਗਏ 401 ਨਮੂਨਿਆਂ ਵਿੱਚੋਂ 81 ਫੀਸਦੀ ਵਿੱਚ ਯੂ.ਕੇ. ਦੇ ਕੋਵਿਡ ਦੀ ਕਿਸਮ ਪਾਈ ਗਈ ਹੈ ਅਤੇ ਇਹ ਵਾਇਰਸ ਨੌਜਵਾਨ ਲੋਕਾਂ ਨੂੰ ਵਧੇਰੇ ਪ੍ਰਭਾਵਿਤ ਕਰਦਾ ਪਾਇਆ ਗਿਆ ਹੈ।
ਤਾਜ਼ਾ ਸਥਿਤੀ ’ਤੇ ਚਿੰਤਾ ਜ਼ਾਹਿਰ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਜਿਲਾ ਵਾਸੀਆਂ ਤੇ ਖਾਸਕਰਕੇ ਨੌਜਵਾਨ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮਾਸਕ ਲਾਜਮੀ ਤੌਰ ਤੇ ਪਹਿਨਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ।
ਉਨਾਂ ਧਿਆਨ ਦਿਵਾਇਆ ਕਿ ਮਾਹਿਰਾਂ ਵੱਲੋਂ ਮੌਜੂਦਾ ਕੋਵੀਸ਼ੀਲਡ ਦਵਾਈ ਨੂੰ ਯੂ.ਕੇ. ਦੇ ਵਾਇਰਸ ਬੀ.1.1.7 ਲਈ ਵੀ ਬੇਹੱਦ ਕਾਰਗਰ ਪਾਇਆ ਗਿਆ ਹੈ। ਇਸ ਲਈ ਇਸ ਵਾਇਰਸ ਦੇ ਫੈਲਾਅ ਦੀ ਲੜੀ ਤੋੜਨ ਲਈ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਕੀਤਾ ਜਾਣਾ ਜ਼ਰੂਰੀ ਹੈ।ਇਸ ਲਈ ਯੋਗ ਵਿਅਕਤੀ ਤੁਰੰਤ ਵੈਕਸੀਨ ਲਗਵਾਉਣ।
ਉਨਾਂ ਜਿਲਾ ਵਾਸੀਆ ਨੂੰ ਅਗਾਊਂ ਸੁਚੇਤ ਕਰਦਿਆਂ ਦੱਸਿਆ ਕਿ ਸੂਬਾ ਸਰਕਾਰ, ਜਿਸ ਨੇ ਤਾਜ਼ਾ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਹੈ, ਹੋਰ ਪਾਬੰਦੀਆਂ ਲਾਉਣ ਲਈ ਮਜਬੂਰ ਹੋਵੇਗੀ ਜੇਕਰ ਲੋਕਾਂ ਨੇ ਕੋਵਿਡ ਤੋਂ ਬਚਾਅ ਸਬੰਧੀ ਨਿਯਮਾਂ ਦਾ ਪਾਲਣ ਨਾ ਕੀਤਾ।