ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਮਾਸਕ ਪਹਿਨਣ ਲਈ ਕੀਤੀ ਅਪੀਲ
ਗੁਰਦਾਸਪੁਰ, 14 ਮਾਰਚ (ਮੰਨਨ ਸੈਣੀ )। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਿਲੇ ਅੰਦਰ ਬੀਤੇ ਕੁਝ ਦਿਨਾਂ ਤੋਂ ਕੋਰੋਨਾ ਮਹਾਂਮਾਰੀ ਦੇ ਕੇਸ ਲਗਾਤਾਰ ਵੱਧ ਰਹੇ ਹਨ, ਜਿਸਦਾ ਮੁੱਖ ਕਾਰਨ ਲੋਕਾਂ ਵਲੋਂ ਮਾਸਕ ਨਾ ਪਹਿਨਣ ਸਮੇਤ ਦੂਸਰੀਆਂ ਹੋਰ ਸਾਵਧਾਨੀਆਂ ਦੀ ਅਣਦੇਖੀ ਕਰਨਾ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਇਸ ਲਈ ਕੇਸਾਂ ਦੀ ਵੱਧ ਰਹੀ ਰਫ਼ਤਾਰ ਦੀ ਚਿੰਤਾ ਨੂੰ ਵੇਖਦਿਆਂ ਜ਼ਿਲ੍ਹੇ ਅੰਦਰ ਸੋਮਵਾਰ ਜਾਂ ਮੰਗਲਵਾਰ ਦੀ ਰਾਤ ਤੋਂ ਰਾਤ ਦਾ ਕਰਫਿਊ ਲਗਾਉਣਾ ਪੈ ਸਕਦਾ ਹੈ।
ਉਨਾਂ ਅੱਗੇ ਕਿਹਾ ਕਿ ਜਿਸ ਤਰਾਂ ਪਹਿਲਾਂ ਜ਼ਿਲੇ ਵਾਸੀਆਂ ਨੇ ਕੋਰੋਨਾ ਬਿਮਾਰੀ ਦੇ ਫੈਲਾਅ ਨੂੰ ਰੋਕਣ ਵਿਚ ਪ੍ਰਸ਼ਾਸਨ ਨਾਲ ਸਹਿਯੋਗ ਕੀਤਾ ਸੀ, ਓਸੇ ਤਰਾਂ ਹੁਣ ਫਿਰ ਸਹਿਯੋਗ ਕਰਦੇ ਹੋਏ ਸਾਵਾਧਾਨੀਆਂ ਦੀ ਸਖਤੀ ਨਾਲ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇ, ਮਾਸਕ ਜਰੂਰ ਪਹਿਨੋ, ਸਮਾਜਿਕ ਦੂਰੀ ਬਣਾ ਕੇ ਰੱਖੋ ਅਤੇ ਆਪਣੇ ਹੱਥਾਂ ਨੂੰ ਵਾਰ-ਵਾਰ ਸਾਬੁਣ ਨਾਲ ਜਰੂਰ ਧੋਵੇ।ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਬੀਤੇ ਇਕ–ਦੋ ਦਿਨਾਂ ਤੋਂ ਕ੍ਰਮਵਾਰ 60 ਤੇ 70 ਕੋਰੋਨਾ ਬਿਮਾਰੀ ਦੇ ਕੇਸ ਆਏ ਹਨ, ਜੋ ਸੰਕੇਤ ਕਰਦੇ ਹਨ ਕਿ ਕੋਰੋਨਾ ਬਿਮਾਰੀ ਦੀ ਦੂਸਰੀ ਲਹਿਰ ਤਹਿਤ ਜ਼ਿਲੇ ਅੰਦਰ ਕੇਸ ਵੱਧ ਰਹੇ ਹਨ। ਉਨਾਂ ਦੱਸਿਆ ਕਿ (13 ਮਾਰਚ ਤਕ) ਸਿਵਲ ਹਲਪਤਾਲ ਵਿਖੇ 07, ਬਟਾਲਾ ਵਿਖੇ 02, ਦੂਸਰਿਆਂ ਜਿਲੇ ਵਿਚ 74, ਤਿੱਬੜੀ ਕੈਂਟ ਵਿਖੇ 01 ਅਤੇ 378 asymptomatic/ mild symptomatic ਪੀੜਤਾਂ ਨੂੰ ਘਰ ਵਿਚ ਏਕਾਂਤਵਾਸ ਕੀਤਾ ਗਿਆ ਹੈ।
ਕੁਲ ਐਕਟਿਵ ਕੇਸਾਂ ਦੀ ਗਿਣਤੀ 465 ਹੋ ਗਈ ਹੈ ਅਤੇ 293 ਪੀੜਤਾਂ ਦੀ ਹੁਣ ਤਕ ਮੌਤ ਹੋ ਚੁੱਕੀ ਹੈ। ਉਨਾਂ ਅੱਗੇ ਦੱਸਿਆ ਕਿ ਸੂਬੇ ਅੰਦਰ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਕੁਝ ਜ਼ਿਲਿਆਂ ਅੰਦਰ ਰਾਤ ਦਾ ਕਰਫਿਊ ਲਗਾਇਆ ਗਿਆ ਹੈ। ਇਸ ਲਈ ਗੁਰਦਾਸਪੁਰ ਵਾਸੀ ਕੋਰੋਨਾ ਬਿਮਾਰੀ ਤੋਂ ਬਚਾਅ ਅਤੇ ਇਸਦੇ ਫੈਲਾਅ ਨੂੰ ਰੋਕਣ ਨੂੰ ਮਾਸਕ ਲਾਜ਼ਮੀ ਤੋਰ ਤੇ ਪਹਿਨਣ ਅਤੇ ਕੋਵਿਡ-19 ਵੈਕਸੀਨ ਜਰੂਰ ਲਗਵਾਉਣ।