Close

Recent Posts

ਕ੍ਰਾਇਮ ਦੇਸ਼ ਪੰਜਾਬ ਮੁੱਖ ਖ਼ਬਰ

ਨਿੱਜੀ ਹਸਪਤਾਲਾਂ ਵੱਲੋਂ ਆਯੁਸ਼ਮਾਨ ਭਾਰਤ ਯੋਜਨਾ ਹੇਠ ਬੀਮਾ ਕਲੇਮ ਲੈਣ ਵਿੱਚ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਦਾ ਹੋਇਆ ਪਰਦਾਫ਼ਾਸ਼

ਨਿੱਜੀ ਹਸਪਤਾਲਾਂ ਵੱਲੋਂ ਆਯੁਸ਼ਮਾਨ ਭਾਰਤ ਯੋਜਨਾ ਹੇਠ ਬੀਮਾ ਕਲੇਮ ਲੈਣ ਵਿੱਚ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਦਾ ਹੋਇਆ ਪਰਦਾਫ਼ਾਸ਼
  • PublishedMarch 10, 2021

ਘੁਟਾਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਵਿਜੀਲੈਂਸ ਇੰਨਕੁਆਰੀ ਕੀਤੀ ਦਰਜ : ਬੀ.ਕੇ.ਉੱਪਲ

ਬੀਮਾ ਕੰਪਨੀ ਵੱਲੋਂ ਸਰਕਾਰੀ ਹਸਪਤਾਲਾਂ ਦੇ ਬੀਮਾ ਕਲੇਮ ਭਾਰੀ ਮਾਤਰਾ ਵਿੱਚ ਰੱਦ ਕਰਨ ਦੇ ਕਾਰਨਾਂ ਦੀ ਵੀ ਹੋਵੇਗੀ ਜਾਂਚ

ਚੰਡੀਗੜ 10 ਮਾਰਚ : ਪੰਜਾਬ ਵਿਜੀਲੈਂਸ ਬਿਉਰੋ ਨੇ ਰਾਜ ਦੇ ਕੁੱਝ ਪ੍ਰਾਈਵੇਟ ਹਸਪਤਾਲਾਂ ਵੱਲੋਂ ਪ੍ਰਧਾਨ ਮੰਤਰੀ ਜਨ ਅਰੋਗਯਾ ਯੋਜਨਾ (ਆਯੁਸ਼ਮਾਨ ਭਾਰਤ) ਅਧੀਨ ਲਾਭਪਾਤਰੀਆਂ ਦਾ ਇਲਾਜ ਕਰਨ ਦੇ ਨਾਮ ਹੇਠ ਫਰਜ਼ੀ ਡਾਕਟਰੀ ਬਿੱਲਾਂ ਰਾਹੀਂ ਪ੍ਰਤੀਪੂਰਤੀ ਦੇ ਕਲੇਮਾਂ ਵਿੱਚ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਕਰਕੇ ਮੋਟੀਆਂ ਰਕਮਾਂ ਦੇ ਬੀਮਾ ਕਲੇਮ ਹਾਸਲ ਕੀਤੇ ਜਾਣ ਦਾ ਪਰਦਾਫ਼ਾਸ਼ ਕੀਤਾ ਹੈ। ਇਸ ਦੌਰਾਨ ਅਧਿਕਾਰਤ ਇਫਕੋ ਟੋਕੀਓ ਬੀਮਾ ਕੰਪਨੀ ਵੱਲੋਂ ਸਰਕਾਰੀ ਹਸਪਤਾਲਾਂ ਦੇ ਬੀਮਾ ਕਲੇਮ ਭਾਰੀ ਮਾਤਰਾ ਵਿੱਚ ਰੱਦ ਕਰ ਦਿੱਤੇ ਗਏ ਜਿਸ ਕਰਕੇ ਰਾਜ ਸਰਕਾਰ ਦੇ ਖਜ਼ਾਨੇ ਨੂੰ ਕਰੋੜਾਂ ਦਾ ਘਾਟਾ ਪਿਆ ਹੈ।

​ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਉਰੋ ਦੇ ਮੁੱਖ ਡਾਇਰੈਕਟਰ ਤੇ ਡੀ.ਜੀ.ਪੀ. ਸ੍ਰੀ ਬੀ.ਕੇ.ਉੱਪਲ ਨੇ ਦੱਸਿਆ ਕਿ ਆਯੁਸ਼ਮਾਨ ਭਾਰਤ ਯੋਜਨਾ ਵਿੱਚ ਚੱਲ ਰਹੇ ਇਸ ਘੁਟਾਲੇ ਦੀ ਹਰ ਪੱਖ ਤੋਂ ਡੂੰਘਾਈ ਤੱਕ ਜਾਂਚ ਕਰਨ ਇਕ ਵਿਜੀਲੈਂਸ ਇੰਨਕੁਆਰੀ ਦਰਜ ਕੀਤੀ ਗਈ ਹੈ ਤਾਂ ਜੋ ਇਸ ਯੋਜਨਾ ਅਧੀਨ ਪ੍ਰਾਈਵੇਟ ਹਸਪਾਤਲਾਂ ਵੱਲੋਂ ਕੀਤੀ ਜਾ ਰਹੀ ਵੱਡੀ ਘਪਲੇਬਾਜ਼ੀ ਕਰਕੇ ਆਪਣੇ ਆਪ ਨੂੰ ਵਿੱਤੀ ਲਾਭ ਪਹੁੰਚਾਉਣ ਸਬੰਧੀ ਕੀਤੀਆਂ ਜਾ ਰਹੀਆਂ ਬੇਨਿਯਮੀਆਂ ਦਾ ਪਰਦਾਫਾਸ਼ ਕੀਤਾ ਜਾ ਸਕੇ ਅਤੇ ਸਰਕਾਰੀ ਹਸਪਤਾਲਾਂ ਦੇ ਬੀਮਾ ਕਲੇਮ ਰੱਦ ਕਰਨ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਸਕੇ।

​ਉਨਾਂ ਦੱਸਿਆ ਕਿ ਇਸ ਸਬੰਧ ਵਿੱਚ ਦਲਜਿੰਦਰ ਸਿੰਘ ਢਿੱਲੋਂ ਐਸ.ਐਸ.ਪੀ. ਵਿਜੀਲੈਂਸ ਬਿਉਰੋ, ਜਲੰਧਰ ਰੇਂਜ ਜਲੰਧਰ ਵੱਲੋਂ ਇਕੱਤਰ ਕੀਤੀ ਗਈ ਮੁੱਢਲੀ ਜਾਂਚ ਅਨੁਸਾਰ ਆਯੁਸ਼ਮਾਨ ਭਾਰਤ ਸਕੀਮ ਤਹਿਤ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਕਈ ਵੱਡੇ ਨਾਮੀ-ਗਰਾਮੀ ਹਸਪਤਾਲਾਂ ਵੱਲੋਂ ਸਮਾਰਟ ਸਿਹਤ ਕਾਰਡ ਧਾਰਕਾਂ ਦੇ ਨਾਮ ਉਤੇ ਮੋਟੀਆਂ ਰਕਮਾਂ ਦੇ ਫਰਜ਼ੀ ਡਾਕਟਰੀ ਬਿੱਲ ਤਿਆਰ ਕਰਕੇ ਵੱਡੇ ਪੱਧਰ ’ਤੇ ਘਪਲੇਬਾਜ਼ੀ ਕਰਕੇ ਬੀਮਾ ਕਲੇਮ ਹਾਸਲ ਕੀਤੇ ਜਾ ਰਹੇ ਹਨ। ਇੰਨਾਂ ਤਿੰਨ ਜ਼ਿਲਿਆਂ ਵਿੱਚ ਕੁੱਲ 35 ਸਰਕਾਰੀ ਹਸਪਤਾਲ ਅਤੇ 77 ਪ੍ਰਾਈਵੇਟ ਹਸਪਤਾਲ ਇਸ ਯੋਜਨਾ ਅਧੀਨ ਰਾਜ ਸਰਕਾਰ ਵੱਲੋਂ ਸੂਚੀਬੱਧ ਕੀਤੇ ਗਏ ਹਨ।

ਉੱਪਲ ਨੇ ਹੋਰ ਵੇਰਵੇ ਦਿੰਦਿਆਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਲਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਕਸਬੇ ਵਿੱਚ ਚੱਲ ਰਹੇ ਇੱਕ ਨਾਮੀ ਹਸਪਤਾਲ (ਜਾਂਚ ਪ੍ਰਭਾਵਿਤ ਨਾ ਹੋਵੇ ਇਸ ਕਾਰਨ ਨਾਮ ਨਹੀਂ ਦਿੱਤਾ ਜਾ ਰਿਹਾ) ਨੇ ਇਸ ਸਾਲ ਦੌਰਾਨ ਕਰੀਬ 1282 ਵਿਅਕਤੀਆਂ ਦੇ ਇਲਾਜ ਲਈ ਕੁੱਲ 4,43,98,450 ਰੁਪਏ (ਚਾਰ ਕਰੋੜ ਤਰਤਾਲੀ ਲੱਖ ਅਠੱਨਵੇਂਹਜਾਰ ਚਾਰ ਸੌ ਪੰਜ ਰੁਪਏ) ਦਾ ਬੀਮਾ ਕਲੇਮ ਕੀਤਾ ਗਿਆ ਜਿਸ ਵਿੱਚੋਂ ਇਸ ਹਸਪਤਾਲ ਦੇ 519 ਕਲੇਮ ਰੱਦ ਹੋ ਗਏ ਅਤੇ ਬਾਕੀ ਰਹਿੰਦੇ ਕੇਸਾਂ ਵਿੱਚੋਂ ਕੁੱਲ 4,23,48,050 ਰੁਪਏ (ਚਾਰ ਕਰੋੜ ਤੇਈ ਲੱਖ ਅਠਤਾਲੀ ਹਜਾਰ ਪੰਜਾਹ ਰੁਪਏ) ਦੇ ਕਲੇਮ ਸਟੇਟ ਹੈਲਥ ਅਥਾਰਟੀ ਪੰਜਾਬ ਵੱਲੋਂ ਪਾਸ ਕੀਤੇ ਗਏ ਹਨ। ਪਾਸ ਹੋਈ ਇਸ ਰਾਸ਼ੀ 4,43,98,450 ਰੁਪਏ ਵਿੱਚੋਂ ਹੁਣ ਤੱਕ 1,86,59,150 ਰੁਪਏ (ਇੱਕ ਕਰੋੜ ਛਿਆਸੀ ਲੱਖ ਉਨਾਹਟ ਹਜਾਰ ਇੱਕ ਸੌ ਪੰਜਾਹ ਰੁਪਏ) ਦੀ ਰਕਮ ਦੀ ਅਦਾਇਗੀ ਬੀਮਾ ਕੰਪਨੀ ‘ਇਫਕੋ ਟੋਕੀਓ’ ਵੱਲੋਂ ਉਕਤ ਹਸਪਤਾਲ ਨੂੰ ਕੀਤੀ ਜਾ ਚੁੱਕੀ ਹੈ।

​ਪੜਤਾਲ ਅਧੀਨ ਹਸਪਤਾਲ ਦੀ ਪੋਲ ਖੋਲਦਿਆਂ ਉਨਾਂ ਦੱਸਿਆ ਕਿ ਇਸ ਨਾਮੀ ਹਸਪਤਾਲ ਵਲੋਂ ੳੁੱਕਤ ਯੋਜਨਾ ਤਹਿਤ ਇਕ ਮਰੀਜ ਦੇ ਇਲਾਜ ਦੇ ਬਦਲੇ ਉਸਦੇ ਪਰਿਵਾਰ ਦੇ ਹੋਰ ਵਿਅਕਤੀਆਂ ਦਾ ਦਾਖਲਾ ਹਸਪਤਾਲ ਵਿੱਚ ਦਿਖਾ ਕੇ ਝੂਠੇ ਬੀਮਾ ਕਲੇਮ ਹਾਸਲ ਕੀਤੇ ਗਏ ਹਨ। ਮੁੱਢਲੀ ਜਾਂਚ ਅਨੁਸਾਰ ਪਰਮਜੀਤ ਕੌਰ ਵਾਸੀ ਪਿੰਡ ਟੁਰਨਾ ਜ਼ਿਲਾ ਜਲੰਧਰ ਮਿਤੀ 13.09.2019 ਨੂੰ ਇਸ ਹਸਪਤਾਲ ਵਿਖੇ ਪਿੱਤੇ ਦੀ ਪੱਥਰੀ ਦਾ ਅਪ੍ਰੇਸ਼ਨ ਕਰਾਉਣ ਦਾਖਲ ਹੋਈ ਸੀ, ਪਰੰਤੂ ਕੁੱਝ ਨਿੱਜੀ ਕਾਰਨਾ ਕਰਕੇ ਉਸ ਵਲੋਂ ਆਪਣੇ ਪਿੱਤੇ ਦੀ ਪੱਥਰੀ ਦਾ ਅਪ੍ਰਰੇਸ਼ਨ ਨਹੀਂ ਕਰਵਾਇਆ ਗਿਆ ਅਤੇ ਬਿਨਾਂ ਅਪ੍ਰੇਸ਼ਨ ਕਰਵਾਏ ਆਪਣੇ ਘਰ ਚਲੀ ਗਈ ਸੀ। ਪਰੰਤੂ ਇਸ ਹਸਪਤਾਲ ਵੱਲੋਂ ਉਕਤ ਮਰੀਜ਼ ਦੇ ਅਪਰੇਸ਼ਨ ਦਾ 22,000 ਰੁਪਏ ਦਾ ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾਂ ਅਧੀਨ ਫਰਜ਼ੀ ਬਿੱਲ ਤਿਆਰ ਕਰਕੇ ਇਫਕੋ ਟੋਕਿਓ ਪਾਸੋਂ ਕਲੇਮ ਹਾਸਲ ਕਰ ਲਿਆ ਗਿਆ।

​ਇਸੇ ਤਰਾਂ ਦੇ ਇਕ ਹੋਰ ਕੇਸ ਵਿੱਚ ਸ੍ਰੀਮਤੀ ਸੁਖਵਿੰਦਰ ਕੌਰ ਵਾਸੀ ਸਿੱਧਪੁਰ ਪਿੱਤੇ ਦੀਆਂ ਪੱਥਰੀਆਂ ਦਾ ਆਪਰੇਸ਼ਨ ਕਰਾੳਣ ਲਈ ਇਸੇ ਨਾਮੀ ਹਸਪਤਾਲ ਵਿਖੇ ਦਾਖਲ ਹੋਈ। ਉਸਨੇ ਪੰਜਾਬ ਸਰਕਾਰ ਵਲੋਂ ਜਾਰੀ ਹੋਇਆ ਆਪਣਾ ਸਮਾਰਟ ਸਿਹਤ ਕਾਰਡ ਹਸਪਤਾਲ ਵਿਖੇ ਦਿੱਤਾ ਪਰੰਤੂ ਹਸਪਤਾਲ ਦੇ ਸੰਚਾਲਕ ਨੇ ਕਿਹਾ ਕਿ ਇਕ ਕਾਰਡ ਨਾਲ ਤੁਹਾਡਾ ਇਲਾਜ ਨਹੀ ਹੋ ਸਕਦਾ, ਜਾਂ ਤਾਂ ਤੁਹਾਨੂੰ ਪਹਿਲਾਂ 25000 ਰੁਪਏ ਨਗਦ ਜਮਾਂ ਕਰਵਾਉਣੇ ਪੈਣਗੇ ਜਾਂ 6/7 ਸਮਾਰਟ ਕਾਰਡ ਲਿਆ ਕੇ ਦੇ ਦਿਉ, ਤਾਂ ਹੀ ਇਲਾਜ ਸੁਰੂ ਹੋ ਸਕਦਾ ਹੈ। ਸੁਖਵਿੰਦਰ ਕੌਰ ਦੇੇ ਪਰਿਵਾਰ ਨੇ ਮਜਬੂਰੀਵਸ ਆਪਣੇ ਪਰਿਵਾਰ ਦੇ ਤਿੰਨ ਹੋਰ ਮੈਂਬਰਾਂ ਦੇ ਸਮਾਰਟ ਕਾਰਡ ਇਸ ਹਸਪਤਾਲ ਵਿਖੇ ਜਮਾਂ ਕਰਵਾ ਦਿੱਤੇ, ਜਿਸ ਤੋਂ ਬਾਅਦ ਉਕਤ ਹਸਪਤਾਲ ਵਲ਼ੋਂ ਸੁਖਵਿੰਦਰ ਕੌਰ ਦੇ ਪਿਤੇ ਦੀ ਪੱਥਰੀ ਦਾ ਇਲਾਜ ਸੁਰੂ ਕੀਤਾ ਗਿਆ। ਇਸ ਹਸਪਤਾਲ ਦੇ ਪ੍ਰਬੰਧਕਾਂ ਨੇ ਆਪਣੀ ਘਪਲੇਬਾਜ਼ੀ ਨੂੰ ਛੁਪਾਉਣ ਲਈ ਸੁਖਵਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ (ਜਿੰਨਾਂ ਦੇ ਸਿਹਤ ਸਮਾਰਟ ਕਾਰਡ ਲਏ ਸਨ) ਨੂੰ ਹਸਪਤਾਲ ਦੇ ਬੈਡ ਉਪਰ ਲਿਟਾ ਕੇ ਵੀਡੀਓ ਵੀ ਬਣਾਈ ਗਈ ਅਤੇ ਉਨਾਂ ਪਾਸੋਂ ਕੋਰੇ ਕਾਗਜ਼ਾਂ ਉਪਰ ਦਸਤਖਤ ਕਰਵਾਏ ਅਤੇ ਕਿਹਾ ਕਿ ਜੇਕਰ ਕੋਈ ਫੋਨ ਆਵੇ ਤਾਂ ਕਹਿਣਾ ਕਿ ਸਾਡਾ ਅਪਰੇਸ਼ਨ ਹੋਇਆ ਹੈ ਜਦੋਂ ਕਿ ਉਹਨਾਂ ਤਿੰਨਾਂ ਨੂੰ ਕੋਈ ਬਿਮਾਰੀ ਵੀ ਨਹੀਂ ਸੀ। ਜਾਂਚ ਮੁਤਾਬਿਕ ਹਸਪਤਾਲ ਵਲੋਂ ਸੁਖਵਿੰਦਰ ਕੌਰ ਅਤੇ ਉੁਸਦੇ ਪਰਿਵਾਰ ਦੇ ਮੈਂਬਰਾਂ ਦਾ ਵੀ ਅਪਰੇਸ਼ਨ ਕੀਤਾ ਜਾਣਾ ਦਰਸਾ ਕੇ 25000/25000 ਹਜ਼ਾਰ ਦਾ ਕਲੇਮ ਕੀਤਾ ਗਿਆ। ਜਿਸ ਤੋਂ ਇਹ ਸ਼ੱਕ ਜ਼ਾਹਿਰ ਹੁੰਦਾ ਹੈ ਕਿ ਇਸ ਹਸਪਤਾਲ ਵਲੋਂ ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਵਿੱਚ ਵੱਡੇ ਪੱਧਰ ਘੁਟਾਲਾ ਕੀਤਾ ਜਾ ਰਿਹਾ ਹੈ।

​ਉਨਾਂ ਦੱਸਿਆ ਕਿ ਇਸੇ ਲੜੀ ਵਿੱਚ ਜ਼ਿਲਾ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਨਾਮੀ ਗਰਾਮੀ ਪ੍ਰਾਈਵੇਟ ਹਸਪਤਾਲਾਂ ਵਲੋਂ ਵੱਡੀ ਪੱਧਰ ਤੇ ਇਸ ਤਰਾਂ ਦੇ ਫਰਜ਼ੀਵਾੜੇ ਨੂੰ ਅੰਜਾਮ ਦੇ ਕੇ ਇਫਕੋ ਟੋਕੀਓ ਬੀਮਾ ਕੰਪਨੀ ਪਾਸੋਂ ਜਾਅਲੀ ਕਲੇਮ ਹਾਸਲ ਕੀਤੇ ਗਏ ਹਨ ਅਤੇ ਕੀਤੇ ਜਾ ਰਹੇ ਹਨ।

​ਪ੍ਰਾਪਤ ਅੰਕੜਿਆਂ ਅਤੇ ਠੋਸ ਜਾਣਕਾਰੀ ਅਨੁਸਾਰ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਜ਼ਿਲੇ ਦੇ 77 ਪ੍ਰਾਈਵੇਟ ਹਸਪਤਾਲਾਂ ਦੇ 4,828 ਕਲੇਮ ਇਫਕੋ ਟੋਕੀਓ ਹੈਲਥ ਇੰਸ਼ੋਅਰੈਂਸ ਕੰਪਨੀ ਵਲੋਂ ਪਿਛਲੇ ਇੱਕ ਸਾਲ ਦੌਰਾਨ ਸ਼ੱਕ ਪੈਣ ਤੇ ਰੱਦ ਕੀਤੇ ਗਏ ਹਨ। ਇਨਾਂ ਰੱਦ ਕੀਤੇ ਕਲੇਮਾਂ ਦੀ ਕੁੱਲ ਰਾਸ਼ੀ 5,59,96,407 (ਪੰਜ ਕਰੋੜ ਉਨਾਹਟ ਲੱਖ ਛੇਅੰਨਵੇ ਹਜ਼ਾਰ ਚਾਰ ਸੌ ਸੱਤ ਰੁਪਏ) ਬਣਦੀ ਹੈ। ਇੰਨੀ ਵੱਡੀ ਪੱਧਰ ਤੇ ਇਨਾਂ ਕਲੇਮਾਂ ਦਾ ਸ਼ੱਕੀ ਹੋਣਾ ਵਿਜੀਲੈਂਸ ਬਿਉਰੋ ਦੀ ਜਾਂਚ ਦੇ ਦਾਇਰੇ ਵਿੱਚ ਲਿਆਂਦਾ ਗਿਆ ਹੈ।

​ਇਸ ਤੋਂ ਇਲਾਵਾ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਜ਼ਿਲੇ ਦੇ 35 ਸਰਕਾਰੀ ਹਸਪਤਾਲਾਂ ਦੇ 1,015 ਕਲੇਮ ਇਫਕੋ ਟੋਕੀਓ ਹੈਲਥ ਇੰਸ਼ੋਅਰੈਂਸ ਕੰਪਨੀ ਵਲੋਂ ਪਿਛਲੇ ਇਕ ਸਾਲ ਦੌਰਾਨ ਰੱਦ ਕੀਤੇ ਗਏ ਹਨ। ਇਨਾਂ ਰੱਦ ਹੋਏ ਕਲੇਮਾਂ ਦੀ ਕੁੱਲ ਰਾਸ਼ੀ 52,06,500 (ਬਵੰਜਾ ਲੱਖ ਛੇ ਹਜਾਰ ਪੰਜ ਸੌ ਰੁਪਏ) ਬਣਦੀ ਹੈ। ਸਰਕਾਰੀ ਹਸਪਤਾਲਾਂ ਵਿੱਚ ਕੀਤੇ ਗਏ ਇਲਾਜ ਦੇ ਕਲੇਮ ਰੱਦ ਹੋਣਾ ਵੀ ਆਪਣੇ ਆਪ ਵਿੱਚ ਹੈਰਾਨੀ ਭਰਿਆ ਹੈ, ਕਿਉਂਕਿ ਸਰਕਾਰੀ ਹਸਪਤਾਲਾਂ ਵਿੱਚ ਕੀਤੇ ਗਏ ਇਲਾਜ ਦਾ ਕਲੇਮ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਾ ਜਾ ਕੇ ਸੂਬਾ ਸਰਕਾਰ ਦੇ ਖਾਤੇ ਵਿੱਚ ਪੈਂਦਾ ਹੈ।

​ਸ੍ਰੀ ਉੱਪਲ ਨੇ ਦੱਸਿਆ ਕਿ ਇਸ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਫਕੋ ਟੋਕੀਓ ਬੀਮਾ ਕੰਪਨੀ ਵੱਲੋਂ ਜ਼ਿਲਾ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਕਈ ਸਰਕਾਰੀ ਹਸਪਤਾਲਾਂ ਦੇ ਬੀਮਾ ਕਲੇਮ ਸਬੰਧਤ ਜ਼ਿਲਾ ਡਿਪਟੀ ਮੈਡੀਕਲ ਕਮਿਸ਼ਨਰਾਂ ਤੇ ਸਰਕਾਰੀ ਡਾਕਟਰਾਂ ਦੀ ਅਣਗਹਿਲੀ ਕਾਰਨ ਭਾਰੀ ਮਾਤਰਾ ਵਿੱਚ ਰੱਦ ਕੀਤੇ ਗਏ ਹਨ ਜਿਸ ਦਾ ਮੁੱਖ ਕਾਰਨ ਬੀਮਾ ਕੰਪਨੀ ਵੱਲੋਂ ਸਰਕਾਰੀ ਹਸਪਤਾਲਾਂ ਦੇ ਕਲੇਮ ਰੱਦ ਕਰਕੇ ਘੱਟੋ ਘੱਟ ਰਾਸ਼ੀ ਬਤੌਰ ਕਲੇਮ ਸਰਕਾਰੀ ਹਸਪਤਾਲਾਂ ਦੇ ਖਾਤੇ ਵਿੱਚ ਨਾ ਪਾਉਣਾ ਅਤੇ ਵੱਧ ਤੋਂ ਵੱਧ ਅਣਚਾਹਿਆ ਵਿੱਤੀ ਲਾਭ ਲੈਣਾ ਹੋ ਸਕਦਾ ਹੈ। ਅਜਿਹਾ ਹੋਣ ਕਰਕੇ ਪਿਛਲੇ ਕਰੀਬ ਇਕ ਸਾਲ ਦੌਰਾਨ ਹੁਣ ਤੱਕ ਕੁੱਲ 52,06,500 ਰੁਪਏ (ਬਵੰਜਾ ਲੱਖ ਛੇ ਹਜਾਰ ਪੰਜ ਸੌ ਰੁਪਏ) ਦੀ ਰਾਸ਼ੀ ਜੋ ਕਿ ਪੰਜਾਬ ਸਰਕਾਰ ਨੂੰ ਬਤੌਰ ਕਲੇਮ ਮਿਲਣੀ ਚਾਹੀਦੀ ਸੀ, ਨਹੀਂ ਮਿਲੀ ਹੈ ਅਤੇ ਸਟੇਟ ਹੈਲਥ ਅਥਾਰਟੀ ਦੀ ਅਣਗਹਿਲੀ ਕਾਰਨ ਸਰਕਾਰੀ ਹਸਪਤਾਲਾਂ ਦੇ ਕਈ ਕਲੇਮ ਰੱਦ ਹੋ ਚੁੱਕੇ ਹਨ, ਜਿਸ ਕਾਰਨ ਉਪਰੋਕਤ ਤਿੰਨਾਂ ਜਿਲ਼ਿਆਂ ਵਿੱਚ ਹੀ ਕੇਵਲ ਇਕ ਸਾਲ ਦੇ ਦੌਰਾਨ ਪੰਜਾਬ ਸਰਕਾਰ ਨੂੰ ਕਰੀਬ 52,06,500 ਰੁਪਏ (ਬਵੰਜਾ ਲੱਖ ਛੇ ਹਜਾਰ ਪੰਜ ਸੌ ਰੁਪਏ) ਦੇ ਵਿੱਤੀ ਘਾਟੇ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਹੋਰ ਪ੍ਰਾਈਵੇਟ ਹਸਪਤਾਲਾਂ ਵਲੋਂ ਇਸ ਸਿਹਤ ਬੀਮਾ ਯੋਜਨਾਂ ਦੀ ਆੜ ਹੇਠ ਕਲੇਮ ਕੀਤੇ ਗਏ ਕਰੋੜਾਂ ਰੁਪਏ ਵੀ ਸ਼ੱਕੀ ਤੌਰ ਤੇ ਜਾਂਚ ਦੇ ਦਾਇਰੇ ਵਿੱਚ ਹਨ।
ਕੀ ਹੈ ਆਯੁਸ਼ਮਾਨ ਭਾਰਤ ਯੋਜਨਾ

​ਵਰਨਣਯੋਗ ਹੈ ਕਿ ਮਿਤੀ 20.08.2019 ਨੂੰ ਸ਼ੂਰੂ ਕੀਤੀ ਗਈ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਦੇਸ਼ ਦੇ 10 ਕਰੋੜ ਤੋਂ ਜ਼ਿਆਦਾ ਗਰੀਬ/ਲੋੜਵੰਦ ਪੇਂਡੂ ਅਤੇ ਸ਼ਹਿਰੀ ਪਰਿਵਾਰਾਂ ਨੂੰ ਮੁਫਤ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਭਾਰਤ ਸਰਕਾਰ ਵੱਲੋਂ ਇਸ ਯੋਜਨਾ ਲਈ 60% ਅਤੇ ਸੂਬਾ ਸਰਕਾਰਾਂ ਵੱਲੋਂ 40% ਵਿੱਤੀ ਸਹਾਇਤਾ ਵਜੋਂ ਬਤੌਰ ਪ੍ਰੀਮੀਅਮ ਇਫਕੋ ਟੋਕੀਓ ਕੰਪਨੀ ਨੂੰ ਦਿੱਤੀ ਜਾਂਦੀ ਹੈ। ਪੰਜਾਬ ਸੂਬੇ ਵਿੱਚ ਇਹ ਯੋਜਨਾ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਚੱਲ ਰਹੀ ਹੈ, ਜਿਸ ਅਨੁਸਾਰ ਲਗਭਗ 1000 ਰੁਪਏ ਦੀ ਰਕਮ ਰਾਜ ਸਰਕਾਰ ਵਲੋਂ ਬਤੌਰ ਪ੍ਰੀਮੀਅਮ ਪ੍ਰਤੀ ਪਰਿਵਾਰ ਇਸ ਬੀਮਾ ਕੰਪਨੀ ਨੂੰ ਸਲਾਨਾ ਅਦਾ ਕੀਤੀ ਜਾ ਰਹੀ ਹੈ। ਇਸ ਸਬੰਧੀ ਪੰਜਾਬ ਸਰਕਾਰ ਵਲੋਂ ਗਰੀਬ/ਲੋੜਵੰਦ ਪਰਿਵਾਰਾਂ ਨੂੰ ਸਮਾਰਟ ਕਾਰਡ ਜਾਰੀ ਕੀਤਾ ਜਾਦਾ ਹੈ। ਇਸ ਸਮਾਰਟ ਕਾਰਡ ਰਾਂਹੀ ਉੁਸ ਵਿਅਕਤੀ ਨੂੰ ਜਾਂ ਉਸ ਦੇ ਪਰਿਵਾਰ ਦੇ ਮੈਂਬਰ ਨੂੰ ਜੇਕਰ ਕੋਈ ਗੰਭੀਰ ਬਿਮਾਰੀ ਹੋ ਜਾਂਦੀ ਹੈ ਤਾਂ ਉਹ ਇਸ ਸਕੀਮ ਅਧੀਨ ਹਸਪਤਾਲ ਦਾਖਲ ਹੋ ਕੇ 5,00,000 ਰੁਪਏ ਤੱਕ ਦਾ ਇਲਾਜ ਮੁਫਤ ਕਰਵਾ ਸਕਦਾ ਹੈ। ਇਸ ਯੋਜਨਾ ਦੀ ਨਿਗਰਾਨੀ ਸਟੇਟ ਹੈਲਥ ਅਥਾਰਟੀ, ਪੰਜਾਬ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਕਰ ਰਿਹਾ ਹੈ।

Written By
The Punjab Wire