ਹੋਰ ਗੁਰਦਾਸਪੁਰ

ਸਮਾਜ ਦੀ ਉੱਨਤੀ ਲਈ ਸਿੱਖਿਆ ਦਾ ਰੋਲ ਬਹੁਤ ਮਹੱਤਵਪੂਰਨ-ਚੇਅਰਮੈਨ ਡਾ. ਨਿੱਜਰ

ਸਮਾਜ ਦੀ ਉੱਨਤੀ ਲਈ ਸਿੱਖਿਆ ਦਾ ਰੋਲ ਬਹੁਤ ਮਹੱਤਵਪੂਰਨ-ਚੇਅਰਮੈਨ ਡਾ. ਨਿੱਜਰ
  • PublishedMarch 9, 2021

‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦਾ 31ਵਾਂ ਐਡੀਸ਼ਨ

ਗੁਰਦਾਸਪੁਰ, 9 ਮਾਰਚ (  ਮੰਨਨ ਸੈਣੀ ) ‘ਅਚੀਵਰਜ਼ ਪ੍ਰੋਗਰਾਮ-ਸਟੋਰੀਜ਼ ਆਫ ਦ ਚੈਂਪੀਅਨਜ਼ ਆਫ ਗੁਰਦਾਸਪੁਰ’ ਦੇ 31ਵੇਂਂ ਐਡੀਸ਼ਨ ਵਿਚ ਡਾ. ਸਤਨਾਮ ਸਿੰਘ ਨਿੱਜਰ, ਚੇਅਰਮੈਨ ਜ਼ਿਲ੍ਹਾ ਪਲਾਨਿੰਗ ਕਮੇਟੀ ਗੁਰਦਾਸਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ, ਰਾਜੀਵ ਕੁਮਾਰ ਸੈਕਰਟਰੀ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਵੱਖ-ਵੱਖ ਸਕੂਲਾਂ ਦੇ ਪਿ੍ਰੰਸੀਪਲ, ਅਧਿਆਪਕ ਵਿਦਿਆਰਥੀਆਂ ਅਤੇ ਮੀਡੀਆ ਸਾਥੀ ਵਲੋਂ ਵੀਡੀਓ ਕਾਨਫਰੰਸ ਜਰੀਏ ਸ਼ਮੂਲੀਅਤ ਕੀਤੀ ਗਈ ਅਤੇ ਇਸ ਪ੍ਰੋਗਰਾਮ ਨੂੰ ਫੇਸਬੁੱਕ ਉੱਪਰ ਲਾਈਵ ਕੀਤਾ ਗਿਆ।

ਵੀਡੀਓ ਕਾਨਫਰੰਸ ਜ਼ਰੀਏ ਅਚੀਵਰਜ਼ ਪ੍ਰੋਗਰਾਮ ਵਿਚ ਸ਼ਮੂਲੀਅਤ ਦੌਰਾਨ ਚੇਅਰਮੈਨ ਡਾ. ਨਿੱਜਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵਲੋਂ ਸ਼ੁਰੂ ਕੀਤਾ ਗਿਆ ਅਚੀਵਰਜ਼ ਪ੍ਰੋਗਰਾਮ ਉਨਾਂ ਦੀ ਵਧੀਆ ਸੋਚ ਦਾ ਉਪਰਾਲਾ ਹੈ, ਜੋ ਜ਼ਿਲ੍ਹਾ ਵਾਸੀਆਂ ਲਈ ਬਹੁਤ ਲਾਭਦਾਇਕ ਸਿੱਧ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਵਿਚ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੀਆਂ ਸਖਸ਼ੀਅਤਾਂ ਵਲੋਂ ਆਪਣੀ ਸਫਲ ਸਟੋਰੀ ਦੇ ਤਜਰਬੇ ਸਾਂਝੇ ਕੀਤੇ ਜਾਂਦੇ ਹਨ, ਜਿਸ ਨਾਲ ਨੋਜਵਾਨ ਪੀੜ੍ਹੀ ਨੂੰ ਬਹੁਤ ਕੁਝ ਸਿੱਖਣ ਲਈ ਮਿਲਦਾ ਹੈ। ਉਨਾਂ ਅੱਗੇ ਕਿਹਾ ਕਿ ਡਿਪਟੀ ਕਮਿਸ਼ਨਰ ਵਲੋਂ ਜਿਥੇ ਕੋੋਰੋਨਾ ਮਹਾਂਮਾਰੀ ਦੌਰਾਨ ਸਫਲ ਉਪਰਾਲੇ ਕੀਤੇ ਗਏ, ਉਸ ਦੇ ਨਾਲ ਜ਼ਿਲ੍ਹੇ ਅੰਦਰ ਵਿਕਾਸ ਕਾਰਜ ਵੀ ਤੇਜਗਤੀ ਨਾਲ ਕੀਤੇ ਜਾ ਰਹੇ ਹਨ।

ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਚੇਅਰਮੈਨ ਡਾ. ਨਿੱਜਰ ਅਤੇ ਅਚੀਵਰਜ਼ ਨੂੰ ਜੀ ਆਇਆ ਆਖਦਿਆਂ ਦੱਸਿਆ ਕਿ ਅਚੀਵਰਜ਼ ਪ੍ਰੋਗਰਾਮ ਦਾ ਮੁੱਖ ਮੰਤਵ ਇਹੀ ਹੈ ਕਿ ਜ਼ਿਲੇ ਦੀ ਸਫਲਤਾ ਨੂੰ ਲੋਕਾਂ ਨੂੰ ਰੂਬਰੂ ਕਰਵਾਇਆ ਜਾਵੇ ਅਤੇ ਨੌਜਵਾਨ ਪੀੜੀ ਇਸ ਤੋ ਸਿੱਖ ਕੇ ਅੱਗੇ ਵੱਧਣ। ਉਨਾਂ ਅੱਗੇ ਦੱਸਿਆ ਕਿ ਜਿਲੇ ਦੇ ਹੁਸ਼ਿਆਰ ਅਤੇ ਕਾਬਲ ਵਿਦਿਆਰਥੀ ਜੋ ਪੜ੍ਹਾਈ, ਖੇਡਾਂ ਜਾਂ ਹੋਰ ਕਿਸੇ ਮੁਕਾਮ ਵਿਚ ਅੱਗੇ ਵੱਧਣਾ ਚਾਹੁੰਦੇ ਹਨ, ਉਨਾਂ ਦੀ ਵਿੱਤੀ ਮਦਦ ਕਰਨ ਲਈ ‘ਗੁਰਦਾਸਪੁਰ ਅਚਵੀਰਜ਼ ਪ੍ਰੋਮੇਸ਼ਨ ਸੁਸਾਇਟੀ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਚੀਵਰਜ਼ ਦੀ ਬੁੱਕਲਿਟ ਵੀ ਛਾਪੀ ਜਾ ਰਹੀ ਹੈ ਅਤੇ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ‘ਵਾਲ ਆਫ ਫੇਮ’ ਲਗਾਈ ਹੈ, ਜਿਸ ਵਿਚ ਜ਼ਿਲੇ ਦੇ ਅਚੀਵਰਜ਼ ਬਾਰੇ ਸੰਖੇਪ ਵਿਚ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ।

ਇਸ ਮੌਕੇ ਪਹਿਲੇ ਅਚੀਵਰਜ਼ ਸ੍ਰੀ ਰਜਿੰਦਰ ਕੁਮਾਰ (ਆਈ.ਈ.ਐਸ), ਜੋ ਡੇਰਾ ਬਾਬਾ ਨਾਨਕ, ਗੁਰਦਾਸਪੁਰ ਦੇ ਵਸਨੀਕ ਹਨ ਨੇ ਦੱਸਿਆ ਕਿ ਉਨਾਂ ਮੁੱਢਲੀ ਸਿੱਖਿਆ ਗ੍ਰਹਿਣ ਕਰਨ ਉਪੰਰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਤੋਂ ਐਮ.ਸੀ (ਆਨਰਜ਼) ਇਕਨਾਮਿਕਸ ਵਿਸ਼ੇ ਤੇ ਪਹਿਲੇ ਨੰਬਰ ਵਿਚ ਪਾਸ ਕੀਤੀ। ਸਾਲ 2018 ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਐਮ. ਫਿਲ ਕੀਤੀ। ਪੋਸਟ ਗਰੇਜੂਏਸ਼ਨ ਡਿਪਲੋਮਾ ਇੰਟਰਨਸ਼ਨਲ ਲਾਅ ਐਂਡ ਡਿਪਲੋਮੈਸੀ, ਇੰਡੀਅਨ ਸੁਸਾਇਟੀ ਆਫ ਇੰਟਰਨੈਸ਼ਨਲ ਲਾਅ, ਨਵੀਂ ਦਿੱਲੀ ਤੋਂ ਕੀਤੀ। ਨੈਸ਼ਨਲ ਯੂਨੀਵਰਸਿਟੀ ਆਫ ਸਿੰਘਾਪੁਰ ਤੋਂ ਰਿਜ਼ਨਲ ਟਰੇਡ ਪਾਲਿਸੀ ਡਿਪਲੋਮਾ ਕੀਤਾ। ਮਨਿਸਟਰੀ ਆਫ ਐਗਰੀਕਲਚਰ, ਕਿ੍ਰਸ਼ੀ ਵਿਗਿਆਨ ਨਵੀਂ ਦਿੱਲੀ ਵਿਖੇ ਸਹਾਇਕ ਡਾਇਰੈਕਟਰ, ਮਨਿਸਟਰੀ ਆਫ ਕਾਮਰਸ ਐਂਡ ਇੰਡਸਟਰੀ ਵਿਚ ਡਿਪਟੀ ਡਾਇਰੈਕਟਰ, ਮਨਿਸਟਰੀ ਆਫ ਫਾਇਨਾਂਸ ਵਿਭਾਗ ਵਿਚ ਜੁਆਇੰਟ ਡਾਇਰੈਕਟਰ/ਡਿਪਟੀ ਇਕਨਾਮਿਕਸ ਐਡਵਾਈਜ਼ਰ ਅਤੇ ਮਸਿਟਰੀ ਆਫ ਡਿਫੈਂਸ, ਨਵੀਂ ਦਿੱਲੀ ਵਿਖੇ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਈਆਂ। ਹੁਣ ਭਾਖੜਾ ਬਿਆਸ ਮੈਨਜੈਮੈਂਟ ਬੋਰਡ, ਚੰਡੀਗੜ੍ਹ ਵਿਖੇ ਫਾਇਨਾਂਸ਼ੀਅਲ ਐਡਵਾਈਜ਼ਰ ਅਤੇ ਚੀਫ ਅਕਾਊਂਟਸ ਅਫ਼ਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਸ੍ਰੀ ਰਜਿੰਦਰ ਕੁਮਾਰ ਨੇ ਵੱਖ-ਵੱਖ ਦੇਸ਼ਾਂ ਵਿਚ ਭਾਰਤ ਸਰਕਾਰ ਦੀ ਵੱਖ-ਵੱਖ ਖੇਤਰਾਂ ਵਿਚ ਪ੍ਰਤੀਨਿਧਤਾ ਵੀ ਕੀਤੀ ਹੈ, ਜੋ ਜਿਲੇ ਲਈ ਮਾਣ ਵਾਲੀ ਗੱਲ ਹੈ। ਉਨਾਂ ਅਚਵੀਰਜ਼ ਪ੍ਰੋਗਰਾਮ ਵਿਚ ਸੱਦਾ ਦੇਣ ਤੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਲਈ ਮਾਣ ਵਾਲੀ ਗੱਲ ਹੈ ਕਿ ਉਹ ਆਪਣੇ ਜਿਲੇ ਦੇ ਲੋਕਾਂ ਨਾਲ ਰੂਬਰੂ ਹੋਏ ਹਨ। ਉਨਾਂ ਕਿਹਾਾ ਕਿ ਦੇਸ਼ ਦੀ ਤਰੱਕੀ ਲਈ ਸਿੱਖਿਆ ਦਾ ਬਹੁਤ ਮਹੱਤਵ ਹੈ ਅਤੇ ਬਹੁਪੱਖੀ ਸਖਸ਼ੀਅਤ ਲਈ ਸਿੱਖਿਆ ਦਾ ਅਹਿਮ ਰੋਲ ਹੈ। ਉਨਾਂ ਕਿਹਾ ਕਿ ਸਾਨੂੰ ਆਪਣੀ ਸੋਚ ਉੱਚੀ ਤੇ ਸਾਕਾਰਤਮਕ ਰੱਖਣੀ ਚਾਹੀਦੀ ਹੈ ਅਤੇ ਪੂਰੀ ਮਿਹਨਤ ਤੇ ਲਗਨ ਨਾਲ ਆਪਣੇ ਮੰਜਿਲ ਨੂੰ ਪ੍ਰਾਪਤ ਕਰਨ ਕਰਨ ਲਈ ਅੱਗੇ ਵੱਧਣਾ ਚਾਹੀਦਾ ਹੈ। ਉਨਾਂ ਆਪਣੀ ਕਾਮਯਾਬੀ ਲਈ ਮਾਂ-ਪਿਓ ਤੇ ਦੋਸਤਾਂ ਦੇ ਸਾਥ ਨੂੰ ਦੱਸਿਆ ਜਿਨਾਂ ਵਲੋਂ ਉਨਾਂ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ ਗਿਆ, ਜਿਸ ਕਾਰਨ ਉਹ ਆਪਣੀ ਮੰਜ਼ਿਲ ਵੱਲ ਅੱਗੇ ਵੱਧ ਰਹੇ ਹਨ।

ਜਿਲੇ ਦੇ ਦੂਸਰੇ ਅਚੀਵਰਜ ਡਾ. ਮੋਹਿਤ ਮਹਾਜਨ (ਚੇਅਰਮੈਨ, ਗੋਲਡਨ ਗਰੁੱਪ ਆਫ ਇੰਸਟੀਚਿਊਸ਼ਨਜ, ਗੁਰਦਾਸਪੁਰ), ਗੁਰਦਾਸਪੁਰ ਦੇ ਵਸਨੀਕ ਹਨ, ਜੋ ਐਮ.ਏ, ਐਮ.ਐੱਡ ਅਤੇ ਪੀ.ਐੱਚਡੀ ਦੀ ਡਿਗਰੀ ਪ੍ਰਾਪਤ ਹਨ, ਆਪਣੇ ਪਿਤਾ ਸ੍ਰੀ ਦੀਨਾ ਨਾਥ ਮਹਾਜਨ ਜੀ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਸਿੱਖਿਆ ਦੇ ਪ੍ਰਚਾਰ ਤੇ ਪਾਸਾਰ ਵਿਚ ਲਗਾਤਾਰ ਮਿਹਨਤ ਕਰਕੇ ਅੱਗੇ ਵੱਧ ਰਹੇ ਹਨ। ਉਨਾਂ ਦੱਸਿਆ ਕਿ ਉਨਾਂ ਜੀ ਦੇ ਪਿਤਾ ਜੀ ਵਲੋਂ ਲਗਾਇਆ ਗਿਆ ਪੌਦਾ, ਅੱਜ ਇਕ ਬੋਹੜ ਦਾ ਰੂਪ ਧਾਰਨ ਕਰ ਚੁੱਕਾ ਹੈ। ਗੋਲਡਨ ਕਾਲਜ ਆਫ ਇੰਜੀਨਰਿੰਗ ਐਂਡ ਟੈਕਨਾਲੋਜੀ, ਗੋਲਡਨ ਇੰਸਟੀਚਿਊਟ ਆਫ ਮੈਨਜੇਮੈਂਟ ਐਂਡ ਟੈਕਨਾਲੋਜੀ, ਗੋਲਡਨ ਪੋਲੀਟੈਕਨਿਕ ਕਾਲਜ, ਗੋਲਡਨ ਕਾਲਜ ਆਫ ਐਜ਼ੂਕੇਸਨ, ਗੋਲਡਨ ਸੀਨੀਅਰ ਸੈਕੰਡਰੀ ਸਕੂਲ ਅਤੇ ਸ੍ਰੀ ਨੰਗਲੀ ਅਕੈਡਮਿਕ ਪਬਲਿਕ ਸਕੂਲ, ਗੁਰਦਾਸਪੁਰ ਵਿਚ ਚੇਅਰਮੈਨ ਵਜੋਂ ਸੇਵਾਵਾਂ ਦੇ ਰਹੇ ਹਨ । ਇਨਾਂ ਉਪਰੋਕਤ ਸੰਸਥਾਵਾਂ ਨੇ ਆਈ.ਏ.ਐਸ, ਆਈ.ਪੀ.ਐਸ, ਡਾਕਟਰ, ਇੰਜੀਨਅਰ, ਸਫਲ ਬਿਜ਼ਨੈਸਮੈਨ ਤੇ ਰਾਜਨੇਤਾ ਅਤੇ ਖਿਡਾਰੀ ਪੈਦਾ ਕੀਤੇ ਹਨ। ਡਾ. ਮੋਹਿਤ ਮਹਾਜਨ ਵਲੋਂ ਸਿੱਖਿਆ ਦੇ ਖੇਤਰ ਦੇ ਨਾਲ-ਨਾਲ ਸਮਾਜਿਕ ਕੰਮਾਂ ਵਿਚ ਵੀ ਲਗਾਤਾਰ ਜ਼ਿਕਰਯੋਗ ਉਪਰਾਲੇ ਕੀਤੇ ਜਾਂਦੇ ਹਨ। ਸਾਲ 1994 ਤੋਂ ਲੈ ਕੇ 2020 ਤਕ 25 ਰਾਜ ਪੱਧਰੀ ਮੁਫ਼ਤ ਹੈਂਡੀਕੈਪਡ ਕੈਂਪਸ ਲਗਾਏ ਗਏ ਹਨ, ਜਿਸ ਵਿਚ ਲੋੜਵੰਦ ਲੋਕਾਂ ਨੂੰ ਨਕਲੀ ਅੰਗ ਆਦਿ ਮੁਹੱਈਆ ਕਰਵਾਏ ਜਾਂਦੇ ਹਨ। ਇਸ ਤੋਂ ਇਲਾਵਾ ਲੋੜਵੰਦ ਲੋਕਾਂ ਨੂੰ ਮੈਡੀਸਨ, ਲੋੜਵੰਦ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਅਤੇ ਕੋਵਿਡ-19 ਮਹਾਂਮਾਰੀ ਦੌਰਾਨ ਵੀ ਲੋੜਵੰਦ ਲੋਕਾਂ ਨੂੰ ਰਾਸ਼ਨ ਕਿੱਟਸ ਅਤੇ ਪੈਕੇਟ ਮੁਹੱਈਆ ਕਰਵਾਏ ਗਏ ਹਨ।

ਸਮਾਗਮ ਦੇ ਆਖਰ ਵਿਚ ਫੇਸਬੁੱਕ ਲਾਈਵ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵਲੋਂ ਅਚਵੀਰਜ਼ ਨਾਲ ਸਵਾਲ-ਜਵਾਬ ਵੀ ਕੀਤੇ ਗਏ ਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਅਚੀਵਰਜ਼ ਨੂੰ 5100-5100 ਰੁਪਏ ਦੇਣ ਦਾ ਐਲਾਨ ਵੀ ਕੀਤਾ ਗਿਆ, ਪਰ ਅਚਵੀਰਜ਼ ਵਲੋਂ ਇਹ ਇਨਾਮ ਸਕੂਲ ਦੇ ਲੋੜਵੰਦ ਬੱਚਿਆਂ ਦੀ ਮਦਦ ਲਈ ਦੇਣ ਲਈ ਕਿਹਾ।

Written By
The Punjab Wire