ਦਸੂਹਾ ਦੇ ਪਿਓ ਪੁੱਤਰ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਮੁੱਖ ਮੰਤਰੀ, ਜਾਖੜ ਤੇ ਰੰਧਾਵਾ ਖਿਲਾਫ ਫੌਜਦਾਰੀ ਕੇਸ ਦਰਜ ਹੋਵੇ : ਬਿਕਰਮ ਸਿੰਘ ਮਜੀਠੀਆ
ਚੰਡੀਗੜ੍ਹ, 2 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਮੰਗ ਕੀਤੀ ਕਿ ਦਸੂਹਾ ਦੇ ਪਿਓ ਪੁੱਤਰ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪ੍ਰਦੇਸ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਖਿਲਾਫ ਫੌਜਦਾਰੀ ਕੇਸ ਦਰਜ ਕੀਤਾ ਜਾਵੇ ਪਿਓ ਪੁੱਤਰ ਨੇ ਕਾਂਗਰਸ ਪਾਰਟੀ ਦੇ ਪੂਰਨ ਕਰਜ਼ਾ ਮੁਆਫੀ ਦੇ ਵਾਅਦੇ ’ਤੇ ਵਿਸ਼ਵਾਸ ਕਰ ਲਿਆ ਪਰ ਇਹਨਾਂ ਨੇ ਉਹਨਾਂ ਨੂੰ ਧੋਖਾ ਦਿੱਤਾ।
ਇਥੇ ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹਨਾਂ ਨੇ ਸਿਫਰ ਕਾਲ ਦੌਰਾਨ ਪਿਓ ਜਗਤਾਰ ਸਿੰਘ ਤੇ ਪੁੱਤਰ ਕਿਰਪਾਲ ਸਿੰਘ ਨੂੰ ਨਿਆਂ ਦੇਣ ਦੀ ਮੰਗ ਉਠਾਈ ਸੀ। ਦੋਵਾਂ ਨੇ ਉਦੋਂ ਖੁਦਕੁਸ਼ੀ ਕਰ ਲਈ ਜਦੋਂ ਉਹਨਾਂ ਨੁੰ ਮਹਿਸੂਸ ਹੋਇਆ ਕਿ ਕਾਂਗਰਸ ਸਰਕਾਰ ਨੇ ਉਹਨਾਂ ਦਾ ਸਹਿਕਾਰੀ ਸਭਾ ਦਾ ਕਰਜ਼ਾ ਮੁਆਫ ਕਰਨ ਤੋਂ ਇਨਕਾਰ ਕਰ ਕੇ ਉਹਨਾਂ ਨੁੰ ਧੋਖਾ ਦਿੱਤਾ ਹੈ। ਅਕਾਲੀ ਆਗੂ ਨੇ ਦੋਹਾਂ ਵੱਲੋਂ ਖੁਦਕੁਸ਼ੀ ਮੌਕੇ ਲਿਖਿਆ ਨੋਟ ਪੜ੍ਹਦਿਆਂ ਕਿਹਾ ਕਿ ਕਿਸਾਨਾਂ ਨੇ ਸਪਸ਼ਟ ਲਿਖਿਆ ਹੈ ਕਿ ਉਹਨਾਂ ਨੂੰ ਲੱਗਿਆ ਕਿ ਸਰਕਾਰ ਉਹਨਾਂ ਦਾ ਸਾਰਾ ਕਰਜ਼ਾ ਮੁਆਫ ਕਰ ਦੇਵੇਗੀ ਪਰ ਉਹਨਾਂ ਦਾ ਕਰਜ਼ਾ ਮੁਆਫ ਨਹੀਂ ਕੀਤਾ ਗਿਆ। ਸਰਕਾਰ ਤੇ ਕਾਂਗਰਸ ਪਾਰਟੀ ਨੂੰ ਇਸ ਲਈ ਜ਼ਿੰਮੇਵਾਰ ਮੰਨਿਆ ਜਾਣਾ ਚਾਹੀਦਾ ਹੈ।
ਅਕਾਲੀ ਆਗੂ ਨੇ ਕਿਹਾ ਕਿ 1500 ਕਿਸਾਨਾਂ ਨੇ ਦੁਖੀ ਹੋ ਕੇ ਆਤਮ ਹੱਤਿਆ ਕਰ ਲਈ ਹੈ ਤੇ ਹੋਰ ਕਿਸਾਨਾਂ ਵੀ ਠੱਗਿਆ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਜਿਹੜੇ ਕਿਸਾਨ ਆਪਣੇ ਕਰਜ਼ੇ ਕਾਰਨ ਆਤਮ ਹੱਤਿਆਵਾਂ ਕਰਦੇ ਹਨ, ਉਹਨਾਂ ਦੇ ਪਰਿਵਾਰ ਨੁੰ 10 ਲੱਖ ਰੁਪਏ ਮੁਆਵਜ਼ਾ ਤੇ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਦਿੱਤੀ ਜਾਵੇਗੀ ਪਰ ਇਹ ਵਾਅਦਾ ਪੂਰਾ ਕਰਨ ਤੋਂ ਵੀ ਕਾਂਗਰਸ ਪੱਜ ਗਈ। ਉਹਨਾਂ ਨੇ ਕਰਜ਼ਾ ਮੁਆਫੀ ’ਤੇ ਸਰਕਾਰ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਇਕ ਸੱਚਾਈ ਹੈ ਕਿ 97 ਫੀਸਦੀ ਕਰਜ਼ਾ ਮੁਆਫ ਨਹੀਂ ਕੀਤਾ ਗਿਆ।
ਇਕ ਸਵਾਲ ਦੇ ਜਵਾਬ ਵਿਚ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਵਿਧਾਨ ਸਭਾ ਦੇ ਸਪੀਕਰ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਆਗੂਆਂ ਨੂੰ ਦਲ ਬਦਲੂ ਕਾਨੂੰਨ ਤਹਿਤ ਅਯੋਗ ਕਰਾਰ ਨਹੀਂ ਦਿੱਤਾ ਜਿਹਨਾਂ ਨੈ ਪਾਰਟੀ ਛੱਡ ਕੇ ਜਾਂ ਤਾਂ ਆਪਣੀ ਸਿਆਸੀ ਪਾਰਟੀ ਬਣਾ ਲਈ ਜਾਂ ਫਿਰ ਕਾਂਗਰਸ ਵਿਚ ਸ਼ਾਮਲ ਹੋ ਗਏ। ਉਹਨਾਂ ਕਿਹਾ ਕਿ ਹੁਣ ਇਹਨਾਂ ਹੀ ਵਿਧਾਇਕਾਂ ਦੀ ਵਰਤੋਂ ਕਾਂਗਰਸ ਕੱਲ੍ਹ ਵਿਧਾਨ ਸਭਾ ਵਿਚ ਰਾਜਪਾਲ ਵੀ ਪੀ ਸਿੰਘ ਬਦਨੌਰ ਦਾ ਵਿਰੋਧ ਕਰਨ ’ਤੇ ਅਕਾਲੀ ਦਲ ਦੇ ਖਿਲਾਫ ਕਰ ਰਹੀ ਹੈ।
ਅਕਾਲੀ ਦਲ ਨੇ ਮੁੜ ਦੁਹਰਾਇਆ ਕਿ ਉਸਨੇ ਰਾਜਪਾਲ ਦਾ ਵਿਰੋਧ ਕੀਤਾ ਤੇ ਰਾਜਪਾਲ ਵਾਪਸ ਜਾਓ ਦੇ ਨਾਅਰੇ ਵੀ ਲਗਾਏ ਕਿਉਂਕਿ ਰਾਜਪਾਲ ਨੇ ਤਿੰਨ ਖੇਤੀ ਕਾਨੂੰਨਾਂ ਦੀਆਂ ਵਿਵਸਥਾਵਾਂ ਰੱਦ ਕਰਨ ਲਈ ਪਾਸ ਕੀਤੇ ਤਿੰਨ ਬਿੱਲਾਂ ਨੂੰ ਮਨਜ਼ੂਰੀ ਨਾ ਦੇ ਕੇ ਨਾ ਸਿਰਫ ਪੰਜਾਬੀਆਂ ਦੀਆਂ ਭਾਵਨਾਵਾਂ ਦਾ ਅਪਮਾਨ ਕੀਤਾ ਬਲਕਿ ਉਹਨਾਂ 115 ਵਿਧਾਇਕਾਂ ਦਾ ਵੀ ਅਪਮਾਨ ਕੀਤਾ ਜੋ ਆਪ ਲੋੜੀਂਦੀ ਕਾਰਵਾਈ ਲਈ ਉਹਨਾਂ ਨੂੰ ਨਿੱਜੀ ਤੌਰ ’ਤੇ ਬਿੱਲ ਸੌਂਪਣ ਗਏ ਸਨ।