ਡਿਪਟੀ ਮੈਡੀਕਲ ਅਫਸਰ ਰੋਮੀ ਮਹਾਜਨ ਵਲੋਂ ਸਿਹਤ ਅਧਿਕਾਰੀਆਂ ਤੇ ਡਾਟਾ ਐਟਰੀ ਆਪਰੇਟਰਾਂ ਨਾਲ ਮੀਟਿੰਗ
ਗੁਰਦਾਸਪੁਰ, 28 ਫਰਵਰੀ ( ਮੰਨਨ ਸੈਣੀ ) ਡਾ. ਰੋਮੀ ਰਾਜਾ ਮਹਾਜਨ ਡਿਪਟੀ ਮੈਡੀਕਲ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ ਕਾਰਡ ਬਣਾਉਣ ਲਈ ਵਿਸ਼ੇਸ ਮੁਹਿੰਮ ਵਿੱਢੀ ਗਈ ਹੈ ਅਤੇ ਲੋਕਾਂ ਨੂੰ ਬੀਮਾ ਕਰਾਡ ਬਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਅਗਵਾਈ ਹੇਠ ਜ਼ਿਲ੍ਹੇ ਅੰਦਰ ਪਿੰਡ ਅਤੇ ਵਾਰਡ ਪੱਧਰ ਤੇ ਵਿਸ਼ੇਸ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਲਾਭਪਾਤਰੀ ਇਸ ਸਕੀਮ ਦਾ ਲਾਭ ਪ੍ਰਾਪਤ ਕਰ ਸਕਣ।
ਡਾ. ਮਹਾਜਨ ਨੇ ਅੱਗੇ ਦੱਸਿਆ ਕਿ ਜਿੇਲ ਅੰਦਰ ਚੱਲ ਰਹੀ ਮੁਹਿੰਮ ਸਬੰਧੀ ਉਨਾਂ ਵਲੋਂ ਸਿਹਤ ਅਧਿਕਾਰੀਆਂ ਅਤੇ ਡਾਟਾ ਆਪਰੇਟਰ ਨਾਲ ਮੀਟਿੰਗ ਕਰਕੇ ਉਨਾਂ ਨੂੰ ਕਿਹਾ ਗਿਆ ਕਿ ਉਹ ‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ ਕਾਰਡ ਬਣਾਉਣ ਵਿਚ ਹੋਰ ਤੇਜ਼ੀ ਲਿਆਉਣ ਤਾਂ ਜੋ ਲਾਭਪਾਤਰੀ ਜਲਦ ਤੋਂ ਜਲਦ ਇਸ ਸਕੀਮ ਦਾ ਲਾਹਾ ਲੈ ਸਕਣ। ਉਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੀਮਾ ਕਾਰਡ ਬਣਾਉਣ ਲਈ ਚੱਲ ਰਹੀ ਵਿਸ਼ੇਸ ਮੁਹਿੰਮ ਵਿਚ ਪੂਰਨ ਸਹਿਯੋਗ ਦਿੰਦੇ ਹੋਏ ਆਪਣਾ ਤੇ ਆਪਣੇ ਪਰਿਵਾਰ ਦਾ ਕਾਰਡ ਜਰੂਰ ਬਣਵਾਉਣ।
ਉਨਾਂ ਨੇ ਅੱਗੇ ਦੱਸਿਆ ਕਿ ਵਿਸ਼ੇਸ ਕੈਂਪਾਂ ਤੋਂ ਇਲਾਵਾ 40 ਸੇਵਾ ਕੇਂਦਰਾਂ ਅਤੇ 288 ਕਾਮਨ ਸਰਵਿਸ ਸੈਂਟਰਾਂ ਅਤੇ ਜਿਲੇ ਦੀਆਂ ਮਾਰਕਿਟ ਕਮੇਟੀਆਂ ਗੁਰਦਾਸਪੁਰ, ਦੀਨਾਨਗਰ, ਧਾਰੀਵਾਲ, ਕਾਹਨੂੰਵਾਨ, ਕਲਾਨੋਰ, ਸ੍ਰੀ ਹਰਗੋਬਿੰਦਪੁਰ, ਕਾਦੀਆਂ, ਬਟਾਲਾ, ਡੇਰਾ ਬਾਬਾ ਨਾਨਕ ਅਤੇ ਫ਼ਤਿਹਗੜ੍ਹ ਚੂੜੀਆਂ ਵਿਖੇ ਕਾਰਡ ਬਣਾਏ ਜਾ ਰਹੇ ਹਨ। ਕਾਮਨ ਸਰਵਿਸ ਸੈਂਟਰ ਵਲੋਂ ਲਗਾਏ ਜਾਣ ਵਾਲੇ ਕੈਂਪਾਂ ਸਬੰਧੀ ਕੋਈ ਵੀ ਜਾਣਕਾਰੀ ਲੈਣ ਲਈ ਇੰਚਾਰਜ ਪ੍ਰਵੀਨ ਕੁਮਾਰ ਦੇ ਮੋਬਾਇਲ ਨੰਬਰ 78378-10909 ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਨੇ ਅੱਗੇ ਦੱਸਿਆ ਕਿ ਜਿਨ੍ਹਾਂ ਲਾਭਪਾਤਰੀਆਂ ਕੋਲ ਪਰਿਵਾਰਕ ਦਸਤਾਵੇਜ਼ ਨਹੀਂ ਹਨ, ਉਨਾਂ ਨੂੰ ਸੂਬਾ ਸਰਕਾਰ ਨੇ ਰਾਹਤ ਪ੍ਰਦਾਨ ਕਰਦਿਆਂ ਕਿਹਾ ਗਿਆ ਹੈ ਕਿ ਉਹ ਸਰਪੰਚ/ਨਗਰ ਕੌਂਸਲਰ ਦੁਆਰਾ ਤਸਦੀਕ ਕੀਤਾ ਹੋਇਆ ਪਰਿਵਾਰਕ ਘੋਸ਼ਣਾ ਪੱਤਰ ਕਾਮਨ ਸਰਵਿਸ ਸੈਂਟਰ, ਸੇਵਾ ਕੇਂਦਰਾਂ ਜਾਂ ਮਾਰਕੀਟ ਕਮੇਟੀਆਂ ਵਿਖੇ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਫਾਰਮ ਵੈਬਸਾਈਟ www.sha.punjab.gov.in. ’ਤੇ ਉਪਲਬਧ ਹੈ।
ਉਨਾਂ ਦੱਸਿਆ ਕਿ ਦੱਸਿਆ ਕਿ ‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ’ਤਹਿਤ ਸਰਕਾਰ ਵਲੋਂ ਇਸ ਸਕੀਮ ਅਧੀਨ 828 ਸੂਚੀਬੱਧ ਹਸਪਤਾਲਾਂ (ਸਰਕਾਰੀ: 208, ਪ੍ਰਾਈਵੇਟ: 587 ਅਤੇ ਭਾਰਤ ਸਰਕਾਰ: 33) ਵਿੱਚ 1579 ਟ੍ਰੀਟਮੈਂਟ ਪੈਕੇਜਿਸ ਲਈ ਦੂਜੇ ਅਤੇ ਤੀਜੇ ਦਰਜੇ (ਮਲਟੀ ਸਪੈਸ਼ਲਿਸਟ ਹਸਪਤਾਲਾਂ ਵਿੱਚ ਮਿਲਣ ਵਾਲੀਆਂ ਇਲਾਜ ਸੇਵਾਵਾਂ) ਦੀਆਂ ਇਲਾਜ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨਾਂ ਅੱਗੇ ਦੱਸਿਆ ਕਿ ‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ’ ਤਹਿਤ ਕਾਰਡ ਧਾਰਕ ਜ਼ਿਲੇ ਦੇ 10 ਸਰਕਾਰੀ ਅਤੇ 21 ਪ੍ਰਾਈਵੇਟ ਇੰਪੈਨਲਡ ਹਸਪਤਾਲਾਂ ਵਿਚ ਆਪਣਾ 05 ਲੱਖ ਰੁਪਏ ਤਕ ਦਾ ਇਲਾਜ ਕਰਵਾ ਸਕਦੇ ਹਨ।