ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੋਲਿੰਗ ਪਾਰਟੀਆਂ ਰਵਾਨਾ
ਗੁਰਦਾਸਪੁਰ, 13 ਫਰਵਰੀ ( ਮੰਨਨ ਸੈਣੀ )। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਦੀਆਂ 6 ਨਗਰ ਕੌਂਸਲਾਂ ਗੁਰਦਾਸਪੁਰ, ਦੀਨਾਨਗਰ, ਧਾਰੀਵਾਲ, ਫਤਿਹਗੜ੍ਹ ਚੂੜੀਆਂ, ਕਾਦੀਆਂ ਅਤੇ ਸ੍ਰੀ ਹਰਗੋਬਿੰਦਪੁਰ ਅਤੇ ਬਟਾਲਾ ਨਗਰ ਨਿਗਮ ਲਈ ਕੱਲ੍ਹ 14 ਫਰਵਰੀ ਦਿਨ ਐਤਵਾਰ ਨੂੰ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤਕ ਪੈਣ ਗਈਆਂ। ਚੋਣ ਕਰਵਾਉਣ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ , ਜਿਸ ਦੇ ਚੱਲਦਿਆਂ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੋਲਿੰਗ ਪਾਰਟੀਆਂ ਨੂੰ ਵੱਖ-ਵੱਖ ਬੂਥਾਂ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ ਚੋਣ ਅਫਸਰ ਗੁਰਦਾਸਪੁਰ ਵੀ ਮੋਜੂਦ ਸਨ।
ਉਨਾਂ ਅੱਗੇ ਦੱਸਿਆ ਕਿ ਪੋਲਿੰਗ ਬੂਥਾਂ ਤੇ ਈ.ਵੀ.ਐਮ ਮਸ਼ੀਨਾਂ ਰਾਹੀਂ ਵੋਟਾਂ ਪਾਈਆਂ ਜਾਣਗੀਆਂ। ਜਿਲੇ ਅੰਦਰ ਵੋਟ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਣ ਲਈ 1168 ਪੋਲਿੰਗ ਸਟਾਫ ਤਾਇਨਾਤ ਕੀਤਾ ਗਿਆ ਹੈ ਜਦਕਿ 130 ਕਰਮਚਾਰੀਆਂ ਨੂੰ ਰਿਜ਼ਰਵ ਰੱਖਿਆ ਗਿਆ ਹੈ। ਇਸ ਤੋਂ ਇਲਾਵਾ 8 ਰਿਟਰਨਿੰਗ ਅਧਿਕਾਰੀ ਅਤੇ ਫਲਾਇੰਗ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ।
ਉਨਾਂ ਅੱਗੇ ਦੱਸਿਆ ਕਿ ਨਗਰ ਨਿਗਮ ਬਟਾਲਾ ਅਤੇ 6 ਨਗਰ ਕੌਂਸਲਾਂ ਲਈ 242 ਪੋਲਿੰਗ ਬੂਥ ਬਣਾਏ ਗਏ ਹਨ, ਇਨਾਂ ਵਿਚੋਂ 152 ਬੂਥ ਅਤਿ-ਸੰਵੇਦਨਸ਼ੀਲ ਹਨ ਜਦ ਕਿ 90 ਬੂਥ ਸੰਵੇਦਨਸ਼ੀਲ ਹਨ, ਜਿਨਾਂ ਉੱਪਰ ਵਿਸ਼ੇਸ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਜਿਲੇ ਅੰਦਰ ਕੁਲ 248635 ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ, ਜਿਨਾਂ ਵਿਚ 116848 ਔਰਤਾਂ ਤੇ 137791 ਪੁਰਸ਼ ਵੋਟਰ ਹਨ।
ਡਿਪਟੀ ਕਮਿਸ਼ਨਰ ਨੇ ਜਿਲੇ ਦੇ ਸਮੂਹ ਵੋਟਰਾਂ ਨੂੰ ਕੱਲ੍ਹ 14 ਫਰਵਰੀ ਨੂੰ ਵੋਟਾਂ ਵਾਲੇ ਦਿਨ ਆਪਣੇ ਵੋਟ ਦੇ ਅਧਿਕਾਰ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਾਡੇ ਵੱਡੇ -ਵਡੇਰਿਆਂ ਵਲੋਂ ਕੁਰਬਾਨੀਆਂ ਦੇ ਕੇ ਪਹਿਲਾਂ ਆਜ਼ਾਦੀ ਹਾਸਲ ਕੀਤੀ ਗਈ, ਉਸ ਤੋਂ ਬਾਅਦ ਸਾਨੂੰ ਵੋਟ ਪਾਉਣ ਦਾ ਹੱਕ ਪ੍ਰਾਪਤ ਹੋਇਆ। ਇਸ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ ਤਾਂ ਜੋ ਦੁਨੀਆਂ ਦੀ ਸਭ ਤੋਂ ਵੱਡੀ ਲੋਕਤੰਤਰ ਪ੍ਰਣਾਲੀ ਨੂੰ ਹੋਰ ਬੱਲ ਮਿਲ ਸਕੇ।