ਮੁੱਖ ਮੰਤਰੀ ਵੱਲੋਂ ਪਟਿਆਲਾ ਦੇ ਵਿਕਾਸ ਲਈ ਛੋਟੀ ਨਦੀ ਤੇ ਵੱਡੀ ਨਦੀ ਦੀ ਪੁਨਰਸੁਰਜੀਤੀ ਸਮੇਤ 213.37 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਆਗਾਜ਼

ਪਟਿਆਲਾ, 26 ਜਨਵਰੀ। ਵਿਰਾਸਤੀ ਸ਼ਹਿਰ ਪਟਿਆਲਾ ਦੇ ਸਰਵਪੱਖੀ ਵਿਕਾਸ ਯਕੀਨੀ ਬਣਾਉਣ ਅਤੇ ਸ਼ਹਿਰ ਨੂੰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਪਟਿਆਲਵੀਆਂ ਨੂੰ ਦੇਸ਼ ਦੇ 72ਵੇਂ ਗਣਤੰਤਰ ਦਿਵਸ ਮੌਕੇ ਅਹਿਮ ਤੋਹਫ਼ਾ ਦਿੰਦੇ ਹੋਏ 213.37 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਡਿਜ਼ੀਟਲੀ ਆਗਾਜ਼ ਕੀਤਾ।

ਇਨਾਂ ਪ੍ਰਾਜੈਕਟਾਂ ’ਚ ਪਟਿਆਲਾ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ ਵੱਲੋਂ 208.33 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤੀਆਂ ਜਾਣ ਵਾਲੀਆਂ ਸ਼ਹਿਰ ਦੀਆਂ ਦੋ ਅਹਿਮ ਨਦੀਆਂ (ਵੱਡੀ ਨਦੀ ਅਤੇ ਛੋਟੀ ਨਦੀ) ਨੂੰ ਪੁਨਰ ਸੁਰਜੀਤ ਕਰਨ ਅਤੇ ਪਟਿਆਲਾ ਦੀ ਸੁੰਦਰਤਾ ਨੂੰ ਨਿਖਾਰਨ ਵਾਲੇ ਕੇਂਦਰ ਬਿੰਦੂ ਵਿਰਾਸਤੀ ਰਾਜਿੰਦਰਾ ਝੀਲ ਦੀ 5 ਕਰੋੜ ਰੁਪਏ ਦੀ ਲਾਗਤ ਨਾਲ ਪੁਨਰ ਸੁਰਜੀਤ ਕਰਨ ਮਗਰੋਂ ਇਸਨੂੰ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ ਜਾਣਾ ਸ਼ਾਮਲ ਹੈ।

ਮੁੱਖ ਮੰਤਰੀ ਦਫਤਰ ਦੇ ਇੱਕ ਬੁਲਾਰੇ ਮੁਤਾਬਕ ਇਨਾਂ ਦੋਵਾਂ ਨਦੀਆਂ ਦੀ ਪੁਨਰ ਸੁਰਜੀਤੀ ਦਾ 22 ਅਕਤੂਬਰ, 2020 ਨੂੰ ਸ਼ੁਰੂ ਹੋਇਆ ਪ੍ਰਾਜੈਕਟ ਅਗਲੇ 24 ਮਹੀਨਿਆਂ ’ਚ ਮੁਕੰਮਲ ਕਰ ਲਿਆ ਜਾਵੇਗਾ। ਇਸ ਦਾ ਕੰਮ ਪੀ.ਐਸ.ਐਸ.ਸੀ.-ਜੀ.ਈ.ਸੀ.ਪੀ.ਐਲ. (ਜੇ.ਵੀ) ਨੂੰ 165 ਕਰੋੜ ਰੁਪਏ ਦੇ ਨਾਲ ਅਲਾਟ ਕੀਤਾ ਗਿਆ ਹੈ ਤੇ ਇਹ ਪ੍ਰਾਜੈਕਟ ਪਟਿਆਲਾ ਸ਼ਹਿਰੀ ਯੋਜਨਾ ਤੇ ਵਿਕਾਸ ਅਥਾਰਟੀ ਵੱਲੋਂ ਜਲ ਸਰੋਤ ਤੇ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੀ ਸਹਾਇਤਾ ਨਾਲ ਵਿਕਸਤ ਕੀਤਾ ਜਾਵੇਗਾ।

ਸ਼ਹਿਰ ਅੰਦਰ 8.65 ਕਿਲੋਮੀਟਰ ਲੰਮੇ ਪੜਾਅ ’ਚ ਵਗਦੀ ਵੱਡੀ ਨਦੀ ਦੇ ਸੰੁਦਰੀਕਰਨ ਦੇ ਕੰਮ ਨੂੰ ਫੋਕਲ ਪੁਆਇੰਟ ਨੇੜੇ ਦੌਲਤਪੁਰਾ ਪੁਲ ਨੇੜਿਓਂ ਸ਼ੁਰੂ ਕੀਤਾ ਜਾਵੇਗਾ। ਗੰਦੇ ਪਾਣੀ ਦੀ ਸਫ਼ਾਈ ਲਈ ਇਸ ’ਤੇ 15 ਐਮ.ਐਲ.ਡੀ. ਦਾ ਐਸ.ਟੀ.ਪੀ. ਤੇ 2.5 ਐਮ.ਐਲ.ਡੀ. ਦਾ ਸੀ.ਈ.ਟੀ.ਪੀ. ਲਗਾਇਆ ਜਾਵੇਗਾ। ਜਦੋਂਕਿ ਛੋਟੀ ਨਦੀ ਦਾ ਕੰਮ ਪਟਿਆਲਾ ਰੇਲਵੇ ਸਟੇਸ਼ਨ ਤਫੱਜਲਪੁਰਾ ਤੋਂ ਸ਼ੁਰੂ ਕਰਕੇ ਡੀਅਰ ਪਾਰਕ ਤੱਕ, ਇਸਦੇ 4.50 ਕਿਲੋਮੀਟਰ ਲੰਮੇ ਪੜਾਅ ਦੇ ਸੰੁਦਰੀਕਰਨ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ।

ਇਸ ’ਤੇ ਪਿੰਡ ਘਲੋੜੀ ਵਿਖੇ 26 ਐਮ.ਐਲ.ਡੀ ਦਾ ਐਸ.ਟੀ.ਪੀ. ਲਗਾਇਆ ਜਾਵੇਗਾ। ਦੋਨਾਂ ਨਦੀਆਂ ਦੀ ਕੰਕਰੀਟ ਲਾਈਨਿੰਗ, ਪੈਦਲ ਸੈਰ ਕਰਨ ਲਈ ਅਤੇ ਸਾਈਕਿਗ ਲਈ ਟਰੈਕ ਬਣਾਉਣ ਤੋਂ ਇਲਾਵਾ ਸੰੁਦਰੀਕਰਨ ਤੇ ਨਵੀਨੀਕਰਨ ਨਾਲ ਜਿੱਥੇ ਇਹ ਨਦੀਆਂ ਵਾਤਾਵਰਣ ਦੀ ਸ਼ੁੱਧਤਾ ਲਈ ਮਦਦਗਾਰ ਹੋਣਗੀਆਂ ਉਥੇ ਹੀ ਮੌਜੂਦਾ ਸਮੇਂ ਇਨਾਂ ਦੀ ਗੰਦਗੀ ਕਰਕੇ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲੇਗਾ ਅਤੇ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਵੀ ਕੀਤਾ ਜਾ ਸਕੇਗਾ।
ਇਸ ਤੋਂ ਬਾਅਦ ਮੁੱਖ ਮੰਤਰੀ ਨੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਦੀ ਮੌਜੂਦਗੀ ਵਿੱਚ ਪਟਿਆਲਾ ਵਾਸੀਆਂ ਨੂੰ ਇੱਕ ਨਵਾਂ ਤੋਹਫ਼ਾ ਦਿੰਦਿਆਂ ਅਤੇ ਸ਼ਹਿਰ ਵਾਸੀਆਂ ਨਾਲ ਆਪਣਾ ਕੀਤਾ ਵਾਅਦਾ ਪੂਰਾ ਕਰਦਿਆਂ ਸ਼ਹਿਰ ਦੀ ਵਿਰਾਸਤੀ ਰਾਜਿੰਦਰਾ ਝੀਲ, ਜਿਸ ਨੂੰ 1885 ਵਿਚ ਮਹਾਰਾਜਾ ਭੁਪਿੰਦਰ ਸਿੰਘ ਨੇ ਆਪਣੇ ਪਿਤਾ ਮਹਾਰਾਜਾ ਰਾਜਿੰਦਰ ਸਿੰਘ ਦੀ ਯਾਦ ਵਿੱਚ ਬਣਵਾਇਆ ਸੀ, ਦੇ ਸੰੁਦਰੀਕਰਨ ਦਾ ਕੰਮ ਮੁਕੰਮਲ ਹੋਣ ਮਗਰੋਂ ਇਸ ਨੂੰ ਪਟਿਆਲਾ ਦੇ ਲੋਕਾਂ ਨੂੰ ਸਮਰਪਿਤ ਕੀਤਾ। ਮੁੱਖ ਮੰਤਰੀ ਨੇ ਇਸ ਪ੍ਰਾਜੈਕਟ ’ਚ ਨਿੱਜੀ ਦਿਲਚਸਪੀ ਲੈਂਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਰਾਹੀਂ 5.04 ਕਰੋੜ ਰੁਪਏ ਓ.ਯੂ.ਵੀ.ਜੀ.ਐਲ. ਤਹਿਤ ਇਸ ਬੇਹੱਦ ਵਕਾਰੀ ਪ੍ਰਾਜੈਕਟ ਲਈ ਜਾਰੀ ਕਰਵਾਏ, ਜਿਸ ਨੂੰ ਲੋਕ ਨਿਰਮਾਣ ਵਿਭਾਗ, ਇਲੈਕਟ੍ਰੀਕਲ ਤੇ ਜਲ ਨਿਕਾਸ ਵਿਭਾਗ ਵੱਲੋਂ ਨੇਪਰੇ ਚਾੜਿਆ ਗਿਆ ਹੈ।
ਇਸੇ ਦੌਰਾਨ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਮੁੱਖ ਮੰਤਰੀ ਨੂੰ ਰਾਜਿੰਦਰਾ ਝੀਲ ਦੇ ਸੰੁਦਰੀਕਰਨ ਸਮੇਤ ਕਈ ਹੋਰ ਵਿਕਾਸ ਮੁਖੀ ਪ੍ਰਾਜੈਕਟਾਂ ਬਾਰੇ ਜਾਣੂ ਕਰਵਾਇਆ। ਉਨਾਂ ਅੱਗੇ ਦੱਸਿਆ ਕਿ ਇਸ ਝੀਲ ’ਚ ਭਾਖੜਾ ਮੇਨ ਲਾਈਨ ਤੋਂ ਸਾਫ਼ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ 23 ਨੰਬਰ ਫਾਟਕ ਨੇੜੇ ਰੈਗੂਲੇਸ਼ਨ ਗੇਟ ਉਸ ਹੰਸਲੀ ਉਤੇ ਸਥਾਪਤ ਕੀਤਾ ਗਿਆ ਹੈ, ਜਿਸ ਰਾਹੀਂ ਪਹਿਲਾਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਅਤੇ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਦੇ ਪਾਵਨ ਸਰੋਵਰਾਂ ਲਈ ਪਾਣੀ ਦੀ ਸਪਲਾਈ ਜਾਂਦੀ ਹੈ।

ਇਸ ਤੋਂ ਪਹਿਲਾਂ ਆਪਣੇ ਸੰਬੋਧਨ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੀਆਂ ਉਨਾਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਜਿਨਾਂ ਰਾਹੀਂ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ’ਤੇ ਤੋਰਿਆ ਗਿਆ ਹੈ। ਉਨਾਂ ਕਿਹਾ ਕਿ ਸਰਕਾਰ ਵੱਲੋਂ ਲੁਧਿਆਣਾ ਵਿਖੇ ਭਗਵਾਨ ਪਰਸ਼ੂਰਾਮ ਜੀ, ਬਠਿੰਡਾ ਵਿਖੇ ਮਹਾਰਾਜਾ ਅਗਰਸੈਨ ਜੀ, ਅੰਮਿ੍ਰਤਸਰ ਵਿਖੇ ਗ਼ਦਰ ਅੰਦੋਲਨ ਦੇ ਬਾਨੀ ਬਾਬਾ ਸੋਹਨ ਸਿੰਘ ਭਕਨਾ ਦੇ ਬੁੱਤ ਅਤੇ ਬਾਬਾ ਮਹਾਰਾਜ ਸਿੰਘ ਦਾ ਬੁੱਤ ਉਨਾਂ ਦੇ ਜੱਦੀ ਪਿੰਡ ਵਿਖੇ ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਘਰ ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ ਤਹਿਤ ਮਾਰਚ 2017 ਤੋਂ ਹੁਣ ਤੱਕ 17 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦੇ ਯੋਗ ਬਣਾਇਆ ਗਿਆ ਅਤੇ ਹੁਣ ਸੂਬਾ ਸਰਕਾਰ ਵੱਲੋਂ ਮੌਜੂਦਾ ਸਾਲ ਵਿੱਚ 10 ਲੱਖ ਤੋਂ ਵੱਧ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਟੀਚਾ ਮਿੱਥਿਆ ਗਿਆ ਹੈ ਜਿਸ ਵਿੱਚੋਂ ਇਕ ਲੱਖ ਸਰਕਾਰੀ ਨੌਕਰੀਆਂ ਅਤੇ ਤਿੰਨ ਲੱਖ ਪ੍ਰਾਈਵੇਟ ਨੌਕਰੀਆਂ ਦੇਣੀਆਂ ਹਨ ਜਦੋਂ ਕਿ ਵੱਖ-ਵੱਖ ਸਵੈ-ਰੋਜ਼ਗਾਰ ਉਦਮਾਂ ਤਹਿਤ ਪੰਜ ਲੱਖ ਨੌਜਵਾਨਾਂ ਨੂੰ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।

ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਸਕੀਮਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਐਸ.ਸੀ. ਸਕਾਲਰਸ਼ਿਪ ਸਕੀਮ ਬੰਦ ਕਰ ਦੇਣ ਨਾਲ ਐਸ.ਸੀ. ਵਿਦਿਆਰਥੀਆਂ ਦਾ ਭਵਿੱਖ ਹਨੇਰੇ ਵਿੱਚ ਚਲਾ ਗਿਆ ਸੀ। ਸੂਬਾ ਸਰਕਾਰ ਵੱਲੋਂ ਆਪਣੇ ਪੱਧਰ ’ਤੇ ਐਸ.ਸੀ. ਸਕਾਲਰਸ਼ਿਪ ਸਕੀਮ ਸ਼ੁਰੂ ਕਰਨ ਦੇ ਫੈਸਲੇ ਤੋਂ ਬਾਅਦ ਕੇਂਦਰ ਸਰਕਾਰ ਨੂੰ ਆਪਣਾ ਫੈਸਲਾ ਬਦਲਣ ਲਈ ਮਜਬੂਰ ਹੋਣਾ ਪਿਆ। ਔਰਤਾਂ ਦੇ ਸਸ਼ਕਤੀਕਰਨ ਲਈ ਸੂਬਾ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਵਿੱਚ ਔਰਤਾਂ ਲਈ 30 ਫੀਸਦੀ ਰਾਖਵਾਂਕਰਨ ਕੀਤਾ ਗਿਆ। ਇਸ ਤੋਂ ਇਲਾਵਾ ਸੂਬਾ ਸਰਕਾਰ ਕੌਮੀ ਖੁਰਾਕ ਸੁਰੱਖਿਆ ਐਕਟ ਤਹਿਤ ਸੂਬੇ ਭਰ ਵਿੱਚ 1.41 ਕਰੋੜ ਲੋਕਾਂ ਨੂੰ ਸਬਸਿਡੀ ਉਤੇ ਰਾਸ਼ਨ ਮੁਹੱਈਆ ਕਰਵਾ ਰਹੀ ਹੈ ਅਤੇ ਹੁਣ ਸੂਬਾ ਸਰਕਾਰ ਦੇ ਫੰਡਾਂ ਵਿੱਚੋਂ 9 ਲੱਖ ਹੋਰ ਲੋਕਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ। ਬਸੇਰਾ ਸਕੀਮ ਤਹਿਤ ਸੂਬੇ ਵਿੱਚ ਇਕ ਲੱਖ ਝੁੱਗੀ ਝੌਪੜੀ ਵਾਲਿਆਂ ਨੂੰ ਜਾਇਦਾਦ ਦੇ ਮਾਲਕਾਨਾ ਦਿੱਤੇ ਜਾ ਰਹੇ ਹਨ।

4200 ਦੇ ਕਰੀਬ ਖੁਸ਼ਹਾਲੀ ਦੇ ਰਾਖੇ (ਜੀ.ਓ.ਜੀ.) ਸੂਬੇ ਵਿੱਚ ਵਿਕਾਸ ਕੰਮਾਂ ਉਤੇ ਸਖਤ ਨਿਗਰਾਨੀ ਰੱਖ ਰਹੇ ਹਨ ਜਿਸ ਨਾਲ ਪਾਰਦਰਸ਼ਤਾ ਤੇ ਜਵਾਬਦੇਹੀ ਵਿੱਚ ਵਾਧਾ ਹੋਇਆ ਹੈ ਤਾਂ ਜੋ ਵਿਕਾਸ ਸਕੀਮਾਂ ਦਾ ਯੋਗ ਲਾਭਪਾਤਰੀਆਂ ਨੂੰ ਸਿੱਧਾ ਫਾਇਦਾ ਪਹੁੰਚਣਾ ਯਕੀਨੀ ਬਣਾਇਆ ਜਾ ਸਕੇ।

ਸਕੂਲ ਸਿੱਖਿਆ ਦੇ ਮੁਹਾਜ ’ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲਗਾਤਾਰ ਦੂਜੇ ਸਾਲ ਸਾਡੇ ਸਰਕਾਰੀ ਸਕੂਲਾਂ ਦੇ ਦਸਵੀਂ ਤੇ ਬਾਰਵੀਂ ਦੇ ਬੋਰਡ ਨਤੀਜੇ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਆਏ ਜੋ ਕਿ ਸ਼ਲਾਘਾਯੋਗ ਗੱਲ ਹੈ। ਉਨਾਂ ਕਿਹਾ ਕਿ ਮੁਹਾਲੀ ਵਿੱਚ ਦੋ ਵਿਸ਼ਵ ਪੱਧਰੀ ਦੀਆਂ ਉਚੇਰੀ ਸਿੱਖਿਆ ਸੰਸਥਾਵਾਂ ਪਲਾਕਸ਼ਾ ਯੂਨੀਵਰਸਿਟੀ ਤੇ ਅਮਿਟੀ ਯੂਨੀਵਰਸਿਟੀ ਸਥਾਪਤ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸੂਬੇ ਦੇ 12,921 ਸਰਕਾਰੀ ਸਕੂਲਾਂ ਵਿੱਚ ਨਰਸਰੀ ਕਲਾਸਾਂ ਦੀ ਸ਼ੁਰੂਆਤ ਕੀਤੀ ਅਤੇ ਇਨਾਂ ਕਲਾਸਾਂ ਵਿੱਚ 2.50 ਲੱਖ ਵਿਦਿਆਰਥੀ ਦਾਖਲ ਵੀ ਹੋ ਗਏ। 7842 ਤੋਂ ਵੱਧ ਸਮਾਰਟ ਸਕੂਲ ਖੋਲੇ ਗਏ। 6000 ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਮੀਡੀਅਮ ਦੀ ਸ਼ੁਰੂਆਤ ਕੀਤੀ ਜਿਨਾਂ ਵਿੱਚ 1.46 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਅੰਗਰੇਜ਼ੀ ਨੂੰ ਪੜਾਈ ਦੇ ਮਾਧਿਅਮ ਵਜੋਂ ਚੁਣਿਆ।

ਵਾਤਾਵਰਣ ਦੀ ਸੰਭਾਲ ਲਈ ਕੀਤੀਆਂ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 77 ਲੱਖ ਬੂਟੇ ਲਗਾਏ ਗਏ। ਹਰੇਕ ਪਿੰਡ/ਮਿਉਸਪਲ ਕਮੇਟੀ ਵਿੱਚ 550 ਬੂਟੇ ਲਗਾਏ ਗਏ। ਇਸੇ ਤਰਾਂ ਹੁਣ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ 60 ਲੱਖ ਬੂਟੇ ਲਗਾਏ ਜਾ ਰਹੇ ਹਨ ਜਿਨਾਂ ਵਿੱਚੋਂ ਹਰੇਕ ਪਿੰਡ/ਮਿਉਸਪਲ ਕਮੇਟੀ ਵਿੱਚ 400 ਬੂਟੇ ਲਗਾਏ ਜਾਣਗੇ। ਅਪਰੈਲ 2017 ਤੋਂ ਜੰਗਲਾਤ ਹੇਠ ਰਕਬੇ ਵਿੱਚ 11,363 ਹੈਕਟੇਅਰ ਵਾਧਾ ਹੋਇਆ ਹੈ ਅਤੇ ਇਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਮਿਸ਼ਨ ਤੰਦਰੁਸਤ ਪੰਜਾਬ ਨੂੰ ਨਵੇਂ ਸਿਰਿਓ ਉਲੀਕਿਆ ਗਿਆ ਹੈ।

Thepunjabwire
 • 2
 • 68
 •  
 •  
 •  
 •  
 •  
 •  
 •  
 •  
  70
  Shares
error: Content is protected !!