ਸ੍ਰੀ ਮੁਕਤਸਰ/ਚੰਡੀਗੜ੍ਹ, 14 ਜਨਵਰੀ । ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਉੱਤੇ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੁਆਰਾ ਸ੍ਰੀ ਟੁੱਟੀ-ਗੰਢੀ ਸਾਹਿਬ ਵਿਖੇ 40 ਮੁਕਤਿਆਂ ਨੂੰ ਨਤਮਸਤਕ ਹੋਏ। ਨਤਮਸਤਕ ਹੁੰਦੇ ਹੋਏ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਗੁਰੂਆਂ ਦੇ ਦਿਖਾਏ ਗਏ ਸੱਚ, ਹੱਕ ਦੀ ਲੜਾਈ ਵਿੱਚ ਸਹੀ ਰਾਹ ਉੱਤੇ ਚੱਲਣ ਦਾ ਬਲ ਬਖਸ਼ਣ। ‘ਆਪ’ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਕੁਲਵੰਤ ਸਿੰਘ ਪੰਢੌਰੀ, ਅਮਰਜੀਤ ਸਿੰਘ ਸੰਦੋਆ ਅਤੇ ਮਨਜੀਤ ਸਿੰਘ ਬਿਲਾਸਪੁਰ ਨਤਮਸਤਕ ਹੋਣ ਲਈ ਪੁੱਜੇ। ਇਸ ਮੌਕੇ ਪੁੱਜੇ ‘ਆਪ’ ਆਗੂਆਂ ਨੇ ਕਿਹਾ ਕਿ ਇਕ ਸ਼ਰਧਾਲੂ ਦੇ ਤੌਰ ਉੱਤੇ ਇਥੇ 40 ਮੁਕਤਿਆਂ ਨੂੰ ਨਤਮਸਤਕ ਹੋਣ ਲਈ ਪੁੱਜੇ ਹਨ।
‘ਆਪ’ ਆਗੂਆਂ ਨੇ ਕਿਹਾ ਕਿ ਸਾਡਾ ਇਤਿਹਾਸ ਸਮੇਂ ਦੇ ਜ਼ਾਲਮ ਅੱਗੇ ਹੱਕ, ਸੱਚ, ਜ਼ੁਲਮ ਵਿਰੁੱਧ ਡਟਦਿਆਂ ਆਪਣਾ ਸਿਦਕ ਨਿਭਾਉਂਦੇ ਹੋਏ ਦਿੱਤੀਆਂ ਗਈਆਂ ਕੁਰਬਾਨੀਆਂ ਦਾ ਭਰਿਆ ਪਿਆ ਹੈ। ਸਾਡੇ ਗੁਰੂਆਂ ਨੇ ਸਾਨੂੰ ਜ਼ੁਲਮ ਦੇ ਖਿਲਾਫ ਕਿਸੇ ਵੀ ਪ੍ਰਸਥਿਤੀਆਂ ਵਿੱਚ ਲੜਨ ਦਾ ਰਾਹ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਗੁਰੂਆਂ ਦੇ ਸਮੇਂ ਦੇ ਜ਼ਾਲਮਾਂ ਤੇ ਮੌਜੂਦਾਂ ਸਰਕਾਰਾਂ ਵਿੱਚ ਕੋਈ ਬਹੁਤ ਅੰਤਰ ਨਹੀਂ ਹੈ, ਸਿਰਫ ਬਦਲਿਆਂ ਹੈ ਤਾਂ ਉਹ ਇਕ ਜ਼ੁਲਮ ਕਰਨ ਦਾ ਤਰੀਕਾ ਬਦਲਿਆ ਹੈ। ਉਸ ਸਮੇਂ ਵੀ ਜ਼ੁਲਮ ਵਿਰੁਧ ਆਵਾਜ਼ ਉਠਾਉਣ ਵਾਲਿਆਂ ਉੱਤੇ ਅੱਤਿਆਚਾਰ ਕੀਤਾ ਜਾਂਦਾ ਸੀ ਅਤੇ ਅੱਜ ਵੀ ਉਨ੍ਹਾਂ ਉੱਤੇ ਅੱਤਿਆਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੜਾਕੇ ਦੀ ਠੰਢ ਵਿੱਚ ਵੀ ਹੱਕ ਸੱਚ ਦੀ ਲੜਾਈ ਲੜਨ ਦੇ ਇਤਿਹਾਸ ਦੇ ਪੰਨਿਆਂ ਨੂੰ ਅੱਜ ਸਾਡੇ ਕਿਸਾਨ ਵੀਰ ਮੌਕੇ ਦੇ ਜ਼ਾਲਮਾਂ ਵਿਰੁੱਧ ਲੜਦੇ ਹੋਏ ਮੁੜ ਲਿਖ ਰਹੇ ਹਨ।
‘ਆਪ’ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਹਾ ਕਿ ਮੋਦੀ ਸਰਕਾਰ ਕਿਰਤੀ ਲੋਕਾਂ ਉੱਤੇ ਜ਼ੁਲਮ ਢਾਹਉਣ ਤੋਂ ਪਹਿਲਾਂ ਪੰਜਾਬ ਦਾ ਇਤਿਹਾਸ ਚੰਗੀ ਤਰ੍ਹਾਂ ਪੜ ਲਵੇ। ਅੱਜ ਜੋ ਦਿੱਲੀ ਦੀ ਸਰਹੱਦ ਉਤੇ ਖੁੱਲੇ ਅਸਮਾਨ ਹੇਠ ਅੰਦੋਲਨ ਕਰ ਰਹੇ ਹਨ ਇਹ ਉਹ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਨ ਜਿਨਾਂ ਨੇ ਪੋਹ ਦੇ ਮਹੀਨੇ ਵਿੱਚ ਆਪਣੇ ਪੁੱਤਰ ਕੁਰਬਾਨ ਕਰ ਦਿੱਤੇ ਸਨ ਅਤੇ ਫਿਰ ਵੀ ਚੜਦੀ ਕਲਾਂ ‘ਚ ਰਹਿਣ ਦਾ ਸੰਦੇਸ਼ ਦਿੱਤਾ ਸੀ। ਅੱਜ ਅਸੀਂ ਕੋਈ ਰਾਜਨੀਤੀ ਟਿੱਪਣੀ ਨਹੀਂ ਕਰਨੀ ਕਿਉਂਕਿ ਅਸੀਂ 40 ਮੁਕਤਿਆਂ ਨੂੰ ਨਤਮਸਤਕ ਹੋਣ ਆਏ ਹਾਂ। ਗੁਰੂ ਵੱਲੋਂ ਜ਼ੁਲਮ ਵਿਰੁੱਧ ਆਵਾਜ਼ ਚੁੱਕਣ ਦੇ ਵਿਖਾਏ ਗਏ ਮਾਰਗ ਉੱਤੇ ਚੱਲਣਾ ਸਾਡਾ ਧਰਮ ਹੈ। ਅਸੀਂ ਵਹਿਗੁਰੂ ਅੱਗੇ ਅਰਦਾਸ਼ ਕੀਤੀ ਹੈ ਕਿ ਸਾਡੇ ਉਤੇ ਅਜਿਹਾ ਕੋਈ ਸਮਾਂ ਨਾ ਆਵੇ ਜਿਥੇ ਅਸੀਂ ਆਪਣਾ ਧਰਮ ਨਾ ਨਿਭਾਅ ਸਕੀਏ।
ਉਹਨਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਵਰਕਰ ਅਤੇ ਲੀਡਰਸ਼ਿਪ ਵਾਹਿਗੁਰੂ ਅੱਗੇ ਅਰਦਾਸ ਕਰਨਗੇ ਕਿ ਮੋਦੀ ਸਰਕਾਰ ਨੂੰ ਸੁਮੱਤ ਬਖਸ਼ੇ ਤਾਂ ਜੋ ਦੇਸ਼ ਦੇ ਉਹਨਾਂ ਲੱਖਾਂ ਕਿਸਾਨਾਂ ਦੀ ਗੱਲ ਸੁਣਨ ਜੋ ਦਿੱਲੀ ਦੇ ਬਾਰਡਰਾਂ ਤੇ ਆਪਣੇ ਹੱਕ ਹਕੂਕਾਂ ਅਤੇ ਹੋਂਦ ਦੀ ਲੜਾਈ ਲੜ ਰਹੇ ਹਨ। ਮੋਦੀ ਸਰਕਾਰ ਏਨੇ ਹੰਕਾਰ ‘ਚ ਹੈ ਕਿ ਨਾ ਉਸਨੂੰ ਅੰਨਦਾਤਾ ਦੀ ਆਵਾਜ਼ ਸੁਣਾਈ ਦੇ ਰਹੀ ਹੈ ਤੇ ਨਾ ਹੀ ਓਹਨਾ ਮਾਵਾਂ, ਬਜ਼ੁਰਗਾਂ ਤੇ ਛੋਟੋ ਛੋਟੇ ਬੱਚਿਆਂ ਦੀ ਆਵਾਜ਼ ਸੁਣਾਈ ਦੇ ਰਹੀ ਹੈ ਜੋ ਇਸ ਪੋਹ ਦੀਆਂ ਸਰਦ ਹਵਾਵਾਂ ਚ ਖੁਲੇ ਆਸਮਾਨ ਦੇ ਥੱਲੇ ਪਿਛਲੇ ਇੱਕ ਮਹੀਨੇ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹਨ। ਆਮ ਆਦਮੀ ਪਾਰਟੀ ਕਿਸਾਨਾਂ ਦੇ ਅੰਦੋਲਨ ਚ ਲਗਾਤਾਰ ਬਿਨਾਂ ਕਿਸੇ ਪਾਰਟੀ ਨਿਸ਼ਾਨ ਤੋਂ ਇਸ ਅੰਦੋਲਨ ਚ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇ ਰਹੀ ਹੈ ਤੇ ਦਿੰਦੀ ਰਹੇਗੀ।
ਇਸ ਮੌਕੇ ਧਰਮਜੀਤ ਸਿੰਘ ਰਾਮੇਆਣਾ ਸੰਯੁਕਤ ਸਕੱਤਰ, ਗੁਰਦਿੱਤ ਸਿੰਘ ਸੋਖੋ, ਜਗਦੇਵ ਸਿੰਘ ਬਾਮ ਜਿਲਾ ਪ੍ਰਧਾਨ, ਜਗਦੀਪ ਸਿੰਘ ਸੰਧੂ, ਜਗਦੀਪ ਸਿੰਘ ਕਾਕਾ ਬਰਾੜ, ਜਗਮੋਹਨ ਸਿੰਘ ਸੁਖਨਾ ਜ਼ਿਲ੍ਹਾ ਮੀਡੀਆ ਇੰਚਾਰਜ, ਸੁਰਜੀਤ ਢਿਲਵਾਂ, ਕਰਨੈਲ ਸਿੰਘ ਖਜਾਨਚੀ, ਵਿਜੇ ਇਵੇਟ ਇੰਚਾਰਜ, ਮਨਵੀਰ ਖੁਡੀਆ ਬਲਾਕ ਪ੍ਰਧਾਨ ਲੰਬੀ, ਸਿਮਰਜੀਤ ਸਿੰਘ ਬਲਾਕ ਪ੍ਰਧਾਨ ਮਲੋਟ, ਜਸਨ ਬਰਾੜ, ਗੁਰਜਿੰਦਰ ਸਰਮਾ ਬਲਾਕ ਪ੍ਰਧਾਨ, ਜਗਮੇਲ ਸਿੰਘ ਸੇਰਗਿੱਲ, ਪਰਮਜੀਤ ਗਿੱਲ, ਸੁਖਵੰਤ ਪੱਕਾ, ਅਮਰਧੀਰ ਬਾਮ, ਸਰਕਿਰਨਦੀਪ ਬਾਮ, ਕਾਰਜ ਸਿੰਘ, ਗਗਨਦੀਪ ਸਿੰਘ ਅੋਲਖ, ਸੁਮਨ ਬਲਾਕ ਪ੍ਰਧਾਨ, ਰਾਜਾ ਮੱਲਣ ਬਲਾਕ ਪ੍ਰਧਾਨ, ਜਗਮੀਤ ਸੰਧੂ ਆਦਿ ਹਾਜਰ ਸਨ