ਸ੍ਰੀ ਰਮਨ ਬਹਿਲ, ਚੇਅਰਮੈਨ ਪੰਜਾਬ ਐਸ.ਐਸ.ਐਸ.ਬੋਰਡ ਮੁੱਖ ਮਹਿਮਾਨ ਵਜੋਂ ਕਰਨਗੇ ਸ਼ਿਰਕਤ
ਗੁਰਦਾਸਪੁਰ, 8 ਜਨਵਰੀ (ਮੰਨਨ ਸੈਣੀ )। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਚੀਵਰਜ਼ ਪ੍ਰੋਗਰਾਮ ਸਟੋਰੀਜ਼ ਆਫ ਦ ਚੈਂਪੀਅਨ ਆਫ ਗੁਰਦਾਸਪੁਰ ਦਾ 23ਵਾਂ ਐਡੀਸ਼ਨ ਕੱਲ੍ਹ 8 ਜਨਵਰੀ ਦਿਨ ਸਨਿਚਰਵਾਰ ਨੂੰ ਸ਼ਾਮ 5.30 ਵਜੇ ਜੂਮ ਮੀਟਿੰਗ ਰਾਹੀਂ ਹੋਵੇਗਾ, ਜਿਸ ਵਿਚ ਮੁੱਖ ਮਹਿਮਾਨ ਵਜੋਂ ਸ੍ਰੀ ਰਮਨ ਬਹਿਲ, ਚੇਅਰਮੈਨ ਐਸ.ਐਸ.ਐਸ.ਬੋਰਡ ਪੰਜਾਬ ਸ਼ਿਰਕਤ ਕਰਨਗੇ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਕੱਲ੍ਹ ਦੇ ਅਚੀਵਰਜ਼ ਪ੍ਰੋਗਰਾਮ ਵਿਚ ਗੁਰਦਾਸਪੁਰ ਦੀਆਂ ਦੋ ਮੁੱਖ ਹਸਤੀਆਂ ਸ਼ਿਰਕਤ ਕਰਨਗੀਆਂ, ਜਿਨਾਂ ਵਿਚ ਪਹਿਲੇ ਅਚੀਵਰਜ਼ ਡਾ. ਅਨੰਨਿਯਾ ਸਿੰਘ (ਪੀ.ਸੀ.ਐਮ.ਐਸ-ਮੈਡੀਕਲ ਅਫਸਰ), ਗੁਰਦਾਸਪੁਰ ਦੀ ਵਸਨੀਕ ਹੈ। ਉਨਾਂ ਸਥਾਨਕ ਲਿਟਲ ਫਲਵਾਰ ਕਾਨਵੈਂਟ ਸਕੂਲ, ਗੁਰਦਾਸਪੁਰ ਤੋਂ ਦੱਸਵੀਂ ਜਮਾਤ ਪਾਸ ਕੀਤੀ ਅਤੇ ਸਕੂਲ ਵਿਚ ਪਹਿਲੇ ਸਥਾਨ ਤੇ ਰਹਿ ਕੇ 95 ਫੀਸਦ ਅੰਕ ਹਾਸਲ ਕੀਤੇ। ਬਾਹਰਵੀਂ ਜਮਾਤ ਵਿਚੋਂ 86 ਫੀਸਦ ਅੰਕ ਹਾਸਲ ਕੀਤੇ। ਉਪੰਰਤ 2019 ਵਿਚ ਐਮ.ਬੀ.ਬੀ.ਐਸ ਪਹਿਲੀ ਡਵੀਜ਼ਨ ਪਾਸ ਕੀਤੀ । ਹੁਣ ਪਿੰਡ ਦੇਹੜ-ਗਵਾਰ, ਬਲਾਕ ਧਿਆਨਪੁਰ ਵਿਖੇ ਮੈਡੀਕਲ ਅਫਸਰ ਵਜੋਂ ਸ਼ਾਨਦਾਰ ਸੇਵਾਵਾਂ ਨਿਭਾ ਰਹੀਆਂ ਹਨ। ਡਾ. ਅਨੰਨਿਯਾ ਸਿੰਘ ਦੇ ਪਿਤਾ ਜੀ ਡਾ. ਭਾਰਣ ਭੂਸ਼ਨ , ਪੁਰਾਣਾ ਸ਼ਾਲਾ ਵਿਖੇ ਐਸ.ਐਮ.ਓ ਵਜੋਂ ਲੋਕਾਂ ਦੀ ਸੇਵਾ ਕਰ ਰਹੇ ਹਨ। ਦੂਸਰੇ ਅਚੀਵਰਜ ਰਵਨੀਤ ਕੁਮਾਰ ਅੱਤਰੀ (ਬੀ.ਐਸ ਆਨਰਜ ਖੇਤੀਬਾੜੀ), ਛੋਟਾ ਮੀਰਪੁਰ, ਜੇਲ੍ਹ ਰੋਡ ਗੁਰਦਾਸਪੁਰ ਦਾ ਵਸਨੀਕ ਹੈ। ਉਨਾਂ ਦੱਸਵੀਂ ਜਮਾਤ ਵਿਚੋਂ 95 ਫੀਸਦ ਅਤੇ ਬਾਹਰਵੀਂ ਜਮਾਤ ਵਿਚੋਂ ਕਰੀਬ 80.2 ਫੀਸਦ ਅੰਕ ਹਾਸਲ ਕੀਤੇ। 2019 ਵਿਚ ਨੈਸ਼ਨਲ ਯੋਗਤਾ-ਕਮ-ਐਂਟਰਸ ਟੈਸਟ ਵਿਚ ਵਧੀਆ ਅੰਕ ਹਾਸਲ ਕੀਤੇ ਅਤੇ ਹੁਣ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਵਿਖੇ ਬੀ.ਐਸ ਸੀ (ਆਨਰਜ਼) ਖੇਤੀਬਾੜੀ ਦੀ ਪੜ੍ਹਾਈ ਕਰ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਅਚੀਵਰਜ ਪ੍ਰੋਗਰਾਮ ਸ਼ਾਮ 5.30 ਵਜੇ ਤੋਂ ਜੂਮ ਮੀਟਿੰਗ, ਯੂਜਰ ਨਾਂਅ 99154-33700 ਹੈ ਅਤੇ ਪਾਸਵਰਡ 0033 ਹੈ, ਰਾਹੀਂ ਹੋਵੇਗਾ ਜੋ ਡਿਪਟੀ ਕਮਿਸ਼ਨਰ ਦੇ ਫੇਸਬੁੱਕ https://www.facebook.com/43-Office-7urdaspur-730403107141928 ਉੱਪਰ ਲਾਈਵ ਚੱਲੇਗਾ। ਉਨਾਂ ਜ਼ਿਲਾ ਵਾਸੀਆਂ ਖਾਸਕਰਕੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਤਾਂ ਜੋ ਉਹ ਉੱਘੀਆਂ ਸਖਸ਼ੀਅਤਾਂ ਦੀ ਮਿਹਨਤ ਅਤੇ ਤਜਰਬੇ ਤੋਂ ਪ੍ਰੇਰਿਤ ਹੋ ਸਕਣ।
ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਈ ਹੇਠ 25 ਜੁਲਾਈ 2020 ਨੂੰ ‘ਅਚੀਵਰਜ਼ ਪ੍ਰੋਗਰਾਮ ਸਟੋਰੀਜ਼ ਆਫ ਦ ਚੈਂਪੀਅਨ ਆਫ ਗੁਰਦਾਸਪੁਰ’ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਦਾ ਮੁੱਖ ਮੰਤਵ ਜ਼ਿਲ੍ਹਾ ਗੁਰਦਾਸਪੁਰ ਦੀਆਂ ਅਹਿਮ ਸਖਸ਼ੀਅਤਾਂ ਜਿਨਾਂ ਨੇ ਵੱਖ-ਵੱਖ ਖੇਤਰਾਂ ਵਿਚ ਉਪਲੱਬਧੀਆਂ ਹਾਸਲ ਕੀਤੀਆਂ ਹਨ, ਨਾਲ ਜ਼ਿਲੇ ਦੇ ਲੋਕਾਂ ਤੇ ਖਾਸਕਰਕੇ ਨੌਜਵਾਨ ਪੀੜ੍ਹੀ ਨਾਲ ਰੁਬਰੂ ਕਰਵਾਉਣਾ ਹੈ ਤਾਂ ਜੋ ਉਹ ਵੀ ਇਨਾਂ ਸਖਸ਼ੀਅਤਾਂ ਦੇ ਰਾਹ ਤੇ ਚੱਲ ਕੇ ਜ਼ਿਲ੍ਹੇ ਦਾ ਨਾਂਅ ਰੋਸ਼ਨ ਕਰ ਸਕਣ। ਇਸਦੇ ਨਾਲ ਹੀ ਕੋਰੋਨਾ ਮਹਾਂਮਾਰੀ ਦੇ ਸੰਕਟਮਈ ਸਮੇਂ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਨਕਾਰਤਮਕ ਮਾਹੌਲ ਤੋਂ ਸਾਜਗਰ ਅਤੇ ਹਾਂ ਪੱਖੀ ਸੋਚ ਵੱਲ ਪ੍ਰੇਰਿਤ ਕਰਨਾ ਵੀ ਸੀ, ਤਾਂ ਜੋ ਕੋਰੋਨਾ ਮਹਾਂਮਾਰੀ ਵਿਰੁੱਧ ਪੂਰੇ ਹੌਂਸਲੇ ਨਾਲ ਲੜਿਆ ਜਾ ਸਕੇ।
ਪਿਛਲੀ ਦਿਨੀ ਡਿਪਟੀ ਕਮਿਸ਼ਨਰ ਵਲੋਂ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ‘ਵਾਲ ਆਫ ਫੇਮ’ ਦਾ ਉਦਘਾਟਨ ਕੀਤਾ ਗਿਆ ਸੀ। ਇਸ ‘ਵਾਲ ਆਫ ਫੇਮ’ ਵਿਚ ਚਾਰ ਵੱਡੀਆਂ ਐਲ.ਈ.ਡੀ ਲਗਾਈਆਂ ਹਨ, ਜਿਨਾਂ ਵਿਚੋਂ ਇਕ ਐਲ.ਈ.ਡੀ ਤੇ ਅਚੀਵਰਜ਼ ਦੀਆਂ ਫੋਟੋਜ਼ ਅਤੇ ਉਨਾਂ ਦੀ ਸੰਖੇਪ ਜੀਵਨੀ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ, ਜੋ ਸਾਰਾ ਦਿਨ ਲਗਾਤਾਰ ਚੱਲਦੀਆਂ ਹਨ। ਚਾਰ ਐਲ.ਈ.ਡੀ ਵਿਚ ਗੁਰਦਾਸਪੁਰ ਦੀ ਪਵਿੱਤਰ ਧਰਤੀ ਦੇ ਸ਼ਹੀਦਾਂ, ਅਚੀਵਰਜ਼, ਜ਼ਿਲੇ ਦੀਆਂ ਇਤਿਹਾਸਕ ਤੇ ਧਾਰਮਿਕ ਸਥਾਨਾਂ ਸਬੰਧੀ ਵੱਡਮੁੱਲੀ ਜਾਣਕਾਰੀ ਅਤੇ ਜ਼ਿਲਾ ਪ੍ਰਸ਼ਾਸਨ ਵਲੋਂ ਵੱਖ-ਵੱਖ ਸਮੇਂ ਤੇ ਜਾਰੀ ਕੀਤੇ ਜਾਂਦੇ ਹੁਕਮ ਆਦਿ ਦੀ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। 26 ਜਨਵਰੀ ਨੂੰ ਅਚੀਵਰਜ਼ ਦੀ ਕਾਫੀ ਬੁੱਕਲੈੱਟ ਵੀ ਪ੍ਰਕਾਸ਼ਤਿ ਕੀਤੀ ਜਾਵੇਗੀ। ਜਿਲੇ ਦੇ ਹੁਸ਼ਿਆਰ ਅਤੇ ਕਾਬਲ ਵਿਦਿਆਰਥੀ ਜੋ ਪੜ੍ਹਾਈ, ਖੇਡਾਂ ਜਾਂ ਹੋਰ ਕਿਸੇ ਮੁਕਾਮ ਵਿਚ ਅੱਗੇ ਵੱਧਣਾ ਚਾਹੁੰਦੇ ਹਨ, ਉਨਾਂ ਦੀ ਵਿੱਤੀ ਮਦਦ ਕਰਨ ਲਈ ‘ਗੁਰਦਾਸਪੁਰ ਅਚਵੀਰਜ਼ ਪ੍ਰੋਮੇਸ਼ਨ ਸੁਸਾਇਟੀ ਦਾ ਗਠਨ ਕੀਤਾ ਗਿਆ ਹੈ। ਜਲਦ ਹੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਕ ਵੈਬਸਾਈਟ ਤਿਆਰ ਕੀਤੀ ਜਾਵੇਗੀ, ਜਿਸ ਵਿਚ ਸਾਰੇ ਅਚਵੀਰਜ਼ ਮੈਨਟਰ (Mentor) ਵਜੋਂ ਸ਼ਾਮਿਲ ਹੋਣਗੇ ਅਤੇ ਮੈਨਟਰਸ਼ਿਪ (Mentorship ) ਰਾਹੀਂ ਵਿਦਿਆਰਥੀਆਂ ਨੂੰ ਵੱਖ ਖੇਤਰਾਂ ਵਿਚ ਅੱਗੇ ਵਧਣ ਲਈ ਜਾਣਕਾਰੀ ਪ੍ਰਦਾਨ ਕਰਨਗੇ।