ਗੁਰਦਾਸਪੁਰ, 5 ਜਨਵਰੀ (ਮੰਨਨ ਸੈਣੀ)। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰਾਂਸਪੋਰਟ ਵਿਭਾਗ ਦੀਆਂ ਸੇਵਾਵਾਂ ਸੇਵਾ ਕੇਂਦਰਾਂ ਵਿੱਚ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਸੇਵਾਵਾਂ ਹੁਣ ਸੇਵਾ ਕੇਂਦਰਾਂ ਵਿਚ ਦੇਣੀਆਂ ਸ਼ੁਰੂ ਕੀਤੀਆਂ ਗਈਆਂ ਹਨ।ਇਸ ਤੋਂ ਇਲਾਵਾ ਜ਼ਿਲੇ੍ ਵਿੱਚ 40 ਸੇਵਾ ਕੇਂਦਰਾਂ ਅੰਦਰ ਲੋਕਾਂ ਨੂੰ ਸੇਵਾਵਾਂ ਦਾ ਲਾਭ ਮੁਹੱਈਆ ਕਰਵਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਸੇਵਾਵਾਂ ਵਿੱਚ ਡੂਪਲੀਕੇਟ ਡਰਾਇਵਿੰਗ ਲਾਇਸੰਸ, ਰੀਨਿਊ ਲਾਇਸੰਸ, ਐਡਰੈੱਸ ਚੈਂਜ, ਰੀਪਲੇਸਮੈਂਟ ਲਾਇਸੰਸ, ਐਨ.ਓ.ਸੀ., ਨਾਮ ਬਦਲੀ ਡਰਾਈਵਿੰਗ ਲਾਇਸੰਸ, ਮੋਬਾਈਲ ਅਪਡੇਟ, ਕੰਡੇਕਟਰ ਲਾਇਸੰਸ ਰੀਨਿਊ, ਆਨਲਾਈਨ ਟੈਕਸ ਰਜਿਸਟਰਡ ਟਰਾਂਸਪੋਰਟ ਅਤੇ ਨਵੀਂ ਟਰਾਂਸਪੋਰਟ, ਟਰਾਂਸਫਰ, ਡੂਪਲੀਕੇਟ ਆਰ.ਸੀ., ਐਡਰੈੱਸ ਚੇਂਜ, ਐਨ.ਓ.ਸੀ.ਅਦਰ ਸਟੇਟ, ਚੈੱਕ ਈ-ਪੈਮੈਂਟ ਸਟੇਟਸ ਆਦਿ 35 ਤਰ੍ਹਾਂ ਦੀਆਂ ਸੇਵਾਵਾਂ ਸ਼ਾਮਲ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੀਆਂ ਸੇਵਾਵਾਂ ਹੁਣ ਸੇਵਾ ਕੇਂਦਰਾਂ ਤੋਂ ਵੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਮੰਤਵ ਲੋਕਾਂ ਨੂੰ ਖਜਲ-ਖੁਆਰੀ ਤੋਂ ਬਚਾਉਣਾ ਹੈ ਇਸੇ ਤਹਿਤ ਇਕੋ ਛੱਤ ਹੇਠ ਅਨੇਕਾਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨਾਂ ਸੇਵਾ ਕੇਂਦਰਾਂ ਅਧੀਨ ਕੰਮ ਕਰ ਰਹੇ ਸਟਾਫ ਨੂੰ ਕਿਹਾ ਕਿ ਸੇਵਾ ਕੇਂਦਰਾਂ ਵਿੱਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਪ੍ਰੋਟੋਕੋਲਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣ `ਚ ਕੋਈ ਕੁਤਾਹੀ ਨਾ ਵਰਤੀ ਜਾਵੇ।ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਸੇਵਾ ਕੇਂਦਰ ਆਉਣ ਸਮੇਂ ਮਾਸਕ ਲਾਜ਼ਮੀ ਪਾਇਆ ਜਾਵੇ ਅਤੇ ਆਪਸ ਵਿਚ ਸਮਾਜਿਕ ਦੂਰੀ ਜ਼ਰੂਰ ਕਾਇਮ ਕੀਤੀ ਜਾਵੇ।