Close

Recent Posts

ਦੇਸ਼ ਪੰਜਾਬ ਮੁੱਖ ਖ਼ਬਰ

ਤੀਕਸ਼ਣ ਸੂਦ ਦੇ ਘਰ ਗੋਹਾ ਸੁੱਟਣ ਵਾਲੇ ਮਾਮਲੇ ’ਚ ਦਰਜ ਐਫ.ਆਈ.ਆਰ. ਹੋਵੇਗੀ ਰੱਦ

ਤੀਕਸ਼ਣ ਸੂਦ ਦੇ ਘਰ ਗੋਹਾ ਸੁੱਟਣ ਵਾਲੇ ਮਾਮਲੇ ’ਚ ਦਰਜ ਐਫ.ਆਈ.ਆਰ. ਹੋਵੇਗੀ ਰੱਦ
  • PublishedJanuary 4, 2021

ਕਿਸਾਨਾਂ ਵਲੋਂ ਹੁਸ਼ਿਆਰਪੁਰ ’ਚ ਵਿਸ਼ਾਲ ਰੋਸ ਧਰਨਾ, ਝੁਕਿਆ ਪੁਲਿਸ ਪ੍ਰਸ਼ਾਸਨ

ਧਰਨੇ ’ਚ ਜਲੰਧਰ, ਗੁਰਦਾਸਪੁਰ ਤੇ ਕਪੂਰਥਲਾ ਤੋਂ ਵੀ ਕਿਸਾਨ ਹੋਏ ਸ਼ਾਮਿਲ

ਹੁਸ਼ਿਆਰਪੁਰ,    4 ਜਨਵਰੀ ( ਅਦਿਤਿ ਬਕਸ਼ੀ) । ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਸਰਹੱਦਾਂ ’ਤੇ ਸੰਘਰਸ਼ ਰਹੇ ਕਿਸਾਨਾਂ ਸਬੰਧੀ ਦਿੱਤੇ ਵਿਵਾਦਿਤ ਬਿਆਨ ਦੇ ਰੋਸ ਵਜੋਂ ਨੌਜਵਾਨਾਂ ਵਲੋਂ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਦੇ ਘਰ ’ਚ ਸੁੱਟੇ ਗੋਹੇ ਵਾਲੇ ਮਾਮਲੇ ’ਚ ਪੁਲਿਸ ਵਲੋਂ ਦਰਜ ਕੀਤੇ ਗਏ ਕੇਸ ਨੂੰ ਰੱਦ ਕਰਵਾਉਣ ਲਈ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਮਿੰਨੀ ਸਕੱਤਰੇਤ ਹੁਸ਼ਿਆਰਪੁਰ ਸਾਹਮਣੇ ਅਣਮਿੱਥੇ ਸਮੇਂ ਲਈ ਵਿਸ਼ਾਲ ਰੋਸ ਧਰਨਾ ਲਗਾ ਦਿੱਤਾ। ਧਰਨੇ ’ਚ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਇਲਾਵਾ ਕਪੂਰਥਲਾ, ਜਲੰਧਰ, ਗੁਰਦਾਸਪੁਰ ਜ਼ਿਲਿ੍ਹਆਂ ਦੇ ਕਿਸਾਨਾਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਜ਼ਿਲ੍ਹਾ ਪੁਲਿਸ ਵਲੋਂ ਭਾਜਪਾ ਦੇ ਦਬਾਅ ਹੇਠ ਨੌਜਵਾਨਾਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਦਰਜ ਕੀਤੇ ਗਏ ਮਾਮਲਿਆਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜਦੋਂ ਤੱਕ ਇਹ ਮਾਮਲੇ ਰੱਦ ਨਹੀਂ ਹੋ ਜਾਂਦੇ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।

ਉਨ੍ਹਾਂ ਮੰਗ ਕੀਤੀ ਕਿ ਭਾਜਪਾ ਆਗੂ ਤੀਕਸ਼ਣ ਸੂਦ ਖ਼ਿਲਾਫ਼ ਗਾਲੀ-ਗਲੋਚ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਜਾਵੇ। ਇਸ ਮੌਕੇ ਸੰਯੁਕਤ ਸੰਘਰਸ਼ ਕਮੇਟੀ ਦੇ ਸਿੰਘੂ ਬਾਰਡਰ ਤੋਂ ਪਹੁੰਚੇ ਆਗੂ ਅਮਰਜੀਤ ਸਿੰਘ ਰੜਾ ਨੇ ਕਿਹਾ ਕਿ ਕਿਸਾਨਾਂ ਦੀ ਏਕਤਾ ਨਾਲ ਸ਼ੁਰੂ ਹੋਏ ਸੰਘਰਸ਼ ਨੇ ਕੇਂਦਰ ਸਰਕਾਰ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੋ ਆਗੂ ਕਿਸੇ ਨਾਲ ਗੱਲ ਨਹੀਂ ਕਰਦੇ ਸਨ, ਉਹ ਅੱਜ ਕਿਸਾਨਾਂ ਨਾਲ ਗੱਲ ਕਰਨ ਲਈ ਮਿੰਨਤਾਂ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਕੋਈ ਵੀ ਕਿਸਾਨਾਂ ਦੀ ਸ਼ਾਨ ਦੇ ਖ਼ਿਲਾਫ਼ ਅਪ-ਸ਼ਬਦ ਵਰਤੇਗਾ, ਉਸ ਨੂੰ ਉਸ ਦੀ ਭਾਸ਼ਾ ’ਚ ਹੀ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਕੜਾਕੇ ਦੀ ਠੰਢ ’ਚ ਦਿਨ-ਰਾਤ ਜੂਝ ਰਹੇ ਹਨ, ਪ੍ਰੰਤੂ ਦੂਸਰੇ ਪਾਸੇ ਅਜਿਹੇ ਆਗੂ ਹੋਛੀ ਅਤੇ ਘਟੀਆ ਬਿਆਨਬਾਜ਼ੀ ਕਰਕੇ ਕਿਸਾਨਾਂ ਦਾ ਮਜ਼ਾਕ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸੰਘਰਸ਼ ’ਚ ਫ਼ਤਿਹ ਨਸੀਬ ਨਹੀਂ ਹੋ ਜਾਂਦੀ, ਉਦੋਂ ਤੱਕ ਦਿੱਲੀ ਤੋਂ ਵਾਪਸ ਮੁੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਨੌਜਵਾਨਾਂ ਖ਼ਿਲਾਫ਼ ਪੁਲਿਸ ਵਲੋਂ ਦਰਜ ਕੀਤੇ ਝੂਠੇ ਕੇਸਾਂ ਨੂੰ ਜਦੋਂ ਤੱਕ ਰੱਦ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹ ਸੰਘਰਸ਼ ਹੁਸ਼ਿਆਰਪੁਰ ਵਿਖੇ ਵੀ ਜਾਰੀ ਰਹੇਗਾ। ਅੱਜ ਦੇ ਰੋਸ ਧਰਨੇ ਨੂੰ ਲੈ ਕੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਪੱਬਾਂ ਭਾਰ ਹੋਇਆ ਪਿਆ ਸੀ।

ਇੱਥੇ ਜ਼ਿਕਰਯੋਗ ਹੈ ਕਿ ਅੱਜ ਸਵੇਰ ਤੋਂ ਹੀ ਮਿੰਨੀ ਸਕੱਤਰੇਤ ਸਾਹਮਣੇ ਕਿਸਾਨ ਟਰਾਲੀਆਂ-ਟਰੈਕਟਰਾਂ ਅਤੇ ਹੋਰਨਾਂ ਵਾਹਨਾਂ ’ਤੇ ਪਹੁੰਚਣੇ ਸ਼ੁਰੂ ਹੋ ਗਏ ਸਨ ਅਤੇ ਦੁਪਹਿਰ ਤੱਕ ਇਹ ਗਿਣਤੀ ਹਜ਼ਾਰਾਂ ’ਚ ਪਹੁੰਚ ਗਈ ਸੀ। ਸਮੂਹ ਪਹੁੰਚੇ ਕਿਸਾਨਾਂ ਵਲੋਂ ਹੱਥ ਖੜ੍ਹੇ ਕਰਕੇ ਐਲਾਨ ਕੀਤਾ ਗਿਆ ਕਿ ਜਦੋਂ ਤੱਕ ਇਹ ਪਰਚਾ ਰੱਦ ਨਹੀਂ ਹੁੰਦਾ, ਉਦੋਂ ਤੱਕ ਉਹ ਪਿੱਛੇ ਨਹੀਂ ਹਟਣਗੇ। ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਬਾਅਦ ਦੁਪਹਿਰ ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਵਲੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਇੱਕ ਮੀਟਿੰਗ ਕੀਤੀ ਗਈ, ਜਿਸ ’ਚ ਉਨ੍ਹਾਂ ਵਲੋਂ ਨੌਜਵਾਨਾਂ ਖ਼ਿਲਾਫ਼ ਦਰਜ ਕੇਸ ਰੱਦ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਉਪਰੰਤ ਕਿਸਾਨਾਂ ਦੇ ਵਫ਼ਦ ਨਾਲ ਪੁਲਿਸ ਦੇ ਸੀਨੀਅਰ ਅਧਿਕਾਰੀ ਐਸ.ਪੀ. (ਐਚ.) ਰਮਿੰਦਰ ਸਿੰਘ, ਡੀ.ਐਸ.ਪੀ. ਟਾਂਡਾ ਦਲਜੀਤ ਸਿੰਘ ਖੱਖ, ਡੀ.ਐਸ.ਪੀ. ਗੁਰਪ੍ਰੀਤ ਸਿੰਘ ਗਿੱਲ ਤੇ ਹੋਰ ਅਧਿਕਾਰੀ ਧਰਨਾ ਸਥਾਨ ’ਤੇ ਪਹੁੰਚੇ। ਇਸ ਮੌਕੇ ਐਸ.ਪੀ. (ਐਚ) ਰਮਿੰਦਰ ਸਿੰਘ ਨੇ ਕਿਸਾਨਾਂ ਦੀ ਸਟੇਜ ਤੋਂ ਐਲਾਨ ਕੀਤਾ ਕਿ ਬੀਤੇ ਦਿਨੀਂ ਕਿਸਾਨ ਨੌਜਵਾਨਾਂ ਖ਼ਿਲਾਫ਼ ਪੁਲਿਸ ਵਲੋਂ ਦਰਜ ਕੀਤਾ ਕੇਸ ਰੱਦ ਹੋਵੇਗਾ। ਇਸ ਉਪਰੰਤ ਧਰਨਾ ਸਮਾਪਤ ਹੋਇਆ।   

Written By
The Punjab Wire