ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ‘ਮਿਸ਼ਨ ਲਾਲ ਲਕੀਰ’ ਦੇ ਸਬੰਧ ਵਿਚ ਅਧਿਕਾਰੀਆਂ ਨਾਲ ਮੀਟਿੰਗ
ਗੁਰਦਾਸਪੁਰ, 4 ਜਨਵਰੀ ( ਮੰਨਨ ਸੈਣੀ )। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਪ੍ਰਧਾਨਗੀ ਹੇਠ ਸਥਾਨਕ ਪੰਚਾਇਤ ਭਵਨ ਵਿਖੇ ‘ਮਿਸ਼ਨ ਲਾਲ ਲਕੀਰ’ ਦੇ ਸਬੰਧ ਵਿਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਉਨਾਂ ਦੱਸਿਆ ਕਿ ਕੱਲ੍ਹ 5 ਜਨਵਰੀ ਨੂੰ ਸ. ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਪੰਜਾਬ ਡੇਰਾ ਬਾਬਾ ਨਾਨਕ ਹਲਕੇ ਤੋਂ ‘ਮਿਸ਼ਨ ਲਾਲ ਲਕੀਰ’ ਦੀ ਸ਼ੁਰੂਆਤ ਕਰਨਗੇ ਅਤੇ ਗੁਰਦਾਸਪੁਰ ਜ਼ਿਲਾ ਸੂਬੇ ਦਾ ਪਹਿਲਾ ਜ਼ਿਲ੍ਹਾ ਹੈ, ਜਿਥੇ ਇਸ ਮਿਸ਼ਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਮੀਟਿੰਗ ਦੌਰਾਨ ਉਨਾਂ ਦੱਸਿਆ ਕਿ ਪਿੰਡਾਂ ਵਿੱਚ ਵਸਦੇ ਲੋਕਾਂ ਦੀ ਇਹ ਲੰਮੇ ਸਮੇਂ ਤੋਂ ਮੰਗ ਰਹੀ ਹੈ ਕਿ ਪਿੰਡਾਂ ਦੀ ‘ਲਾਲ ਲਕੀਰ’ ਵਿੱਚ ਪੈਂਦੀਆਂ ਹਰ ਤਰ੍ਹਾਂ ਦੀਆਂ ਜਾਇਦਾਦਾਂ ਦੀ ਵਿਸਥਾਰਤ ਸੂਚੀ ਤਿਆਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਸਰਵੇ ਪਿੰਡਾਂ ਦੀ ਲਾਲ ਲਕੀਰ ਵਿੱਚ ਪੈਂਦੀਆਂ ਜਾਇਦਾਦਾਂ ਦੇ ਮਾਲਕੀ ਹੱਕ ਦੇਣ ਦਾ ਰਾਹ ਪੱਧਰਾ ਕਰੇਗਾ ਤੇ ਉਨ੍ਹਾਂ ਦੀ ਮਾਲਕੀ ਵਾਲੀਆਂ ਰਿਹਾਇਸ਼ੀ ਜਾਇਦਾਦਾਂ ਲਈ ‘ਸਨਦ’/ਪ੍ਰਮਾਣ ਪੱਤਰ ਦਿੱਤੇ ਜਾਣਗੇ। ਪੰਜਾਬ ਸਰਕਾਰ ਵੱਲੋਂ ਦਿਹਾਤੀ ਇਲਾਕਿਆਂ ਵਿੱਚ ਵਸੀ ਆਬਾਦੀ ਦੀ ਵੱਡੇ ਪੱਧਰ ’ਤੇ ਡਰੋਨ ਅਧਾਰਤ ਮੈਪਿੰਗ ਕੀਤੀ ਜਾਵੇਗੀ, ਜਿਸ ਸਬੰਧੀ ਸੂਬਾ ਸਰਕਾਰ ਵਲੋਂ ਸਰਵੇ ਆਫ਼ ਇੰਡੀਆ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ।ਉਨਾਂ ਅੱਗੇ ਦੱਸਿਆ ਕਿ ਪਿੰਡਾਂ ਵਿੱਚ ਵਸਦੇ ਲੋਕਾਂ ਨੂੰ ਉਨ੍ਹਾਂ ਦੀਆਂ ਰਿਹਾਇਸ਼ੀ ਜਾਇਦਾਦਾਂ ਦੇ ਦਸਤਾਵੇਜ਼ ਦਾ ਅਧਿਕਾਰ ਪ੍ਰਦਾਨ ਕਰੇਗਾ ਤਾਂ ਜੋ ਉਹ ਆਪਣੀ ਜਾਇਦਾਦ ਨੂੰ ਆਰਥਿਕ ਉਦੇਸ਼ਾਂ ਜਿਵੇਂ ਕਰਜ਼ੇ ਲਈ ਅਪਲਾਈ ਕਰਨਾ, ਲਈ ਵਰਤ ਸਕਣ। ਇਹ ਜਾਇਦਾਦ ਨਾਲ ਜੁੜੇ ਵਿਵਾਦਾਂ ਦੇ ਹੱਲ ਲਈ ਵੀ ਸਹਾਇਤਾ ਕਰੇਗਾ। ਇੱਕ ਵਾਰ ਸੂਚੀ ਤਿਆਰ ਹੋਣ ਤੋਂ ਬਾਅਦ ਮਾਲਕੀ ਦੇ ਕਾਗਜ਼ਾਤ ਤਿਆਰ ਕੀਤੇ ਜਾਣਗੇ ਅਤੇ ਇਨ੍ਹਾਂ ਦਸਤਾਵੇਜ਼ਾਂ ਦੇ ਅਧਾਰ ’ਤੇ ਮਾਲਕ ਕਰਜ਼ੇ ਅਤੇ ਹੋਰ ਲਾਭ ਲੈ ਸਕਦੇ ਹਨ।
ਉਨਾਂ ਮੀਟਿੰਗ ਵਿਚ ਹਾਜ਼ਰ ਸਮੂਹ ਉੱਪ ਮੰਡਲ ਮੈਜਿਸਟਰੇਟ, ਤਹਿਸੀਲਦਾਰ, ਨਾਇਬ ਤਹਿਸਲੀਦਰਾਰ, ਬੀਡੀਪੀਓਜ਼ ਤੇ ਸਬੰਧਿਤ ਅਧਿਕਾਰੀਆਂ ਨੂੰ ਕਿਹਾ ਕਿ ਉਹ ‘ਮਿਸ਼ਨ ਲਾਲ ਲਕੀਰ’ ਨੂੰ ਸੰਪੰਨ ਕਰਨ ਵਿਚ ਕਿਸੇ ਪ੍ਰਕਾਰ ਦੀ ਕੋਈ ਢਿੱਲਮੱਠ ਨਾ ਵਰਤਣ। ਉਨਾਂ ਦੱਸਿਆ ਕਿ ਸਰਵੇ ਆਫ ਇੰਡੀਆਂ ਟੀਮ ਦੇ ਮੈਂਬਰਾਂ ਨਾਲ ਪਿੰਡ-ਪਿੰਡ ਡਰੋਨ ਸਰਵੇ ਕੀਤਾ ਜਾਵੇਗਾ ਅਤੇ ਜੋ ਮੌਕੇ ਤੇ ਹੈ ਉਸ ਬਾਬਤ ਹੀ ਸਰਵੇ ਹੋਵੇਗਾ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਉਹ ਇਸ ਮਿਸ਼ਨ ਲਈ ਅਧਿਕਾਰੀਆਂ ਨਾਲ ਸਹਿਯੋਗ ਕਰਨ ਤਾਂ ਜੋ ਉਨਾਂ ਨੂੰ ਰਿਹਾਇਸ਼ੀ ਜਾਇਦਾਦਾਂ ਦੇ ਦਸਤਾਵੇਜ਼ ਦਾ ਅਧਿਕਾਰ ਮਿਲੇ ਅਤੇ ਉਹ ਆਪਣੀ ਜਾਇਦਾਦ ਨੂੰ ਆਰਥਿਕ ਉਦੇਸ਼ਾਂ ਲਈ ਵਰਤ ਸਕਣ।
ਇਸ ਮੌਕੌ ਸਰਵ ਸ੍ਰੀ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਅਰਸ਼ਦੀਪ ਸਿੰਘ ਲੁਬਾਣਾ ਐਸ.ਡੀ.ਐਮ ਗੁਰਦਾਸਪੁਰ/ਡੇਰਾ ਬਾਬਾ ਨਾਨਕ, ਬਲਵਿੰਦਰ ਸਿੰਘ ਐਸ.ਡੀ.ਐਮ ਬਟਾਲਾ, ਸ਼ਿਵਰਾਜ ਸਿੰਘ ਬੱਲ ਐਸ.ਡੀ.ਐਮ ਦੀਨਾਨਗਰ/ਕਲਾਨੋਰ, ਸ੍ਰੀਮਤੀ ਅਮਨਦੀਪ ਕੋਰ ਸਹਾਇਕ ਕਮਿਸ਼ਨਰ (ਜ), ਹਰਜਿੰਦਰ ਸਿੰਘ ਸੰਧੂ ਡੀਡੀਪੀਓ, ਤਹਿਸਲੀਦਾਰ ਅਰਵਿੰਦ ਸਲਵਾਨ, ਸਰਵੇ ਆਫ ਇੰਡੀਆ ਟੀਮ ਦੇ ਮੈਂਬਰ ਆਦਿ ਮੋਜੂਦ ਸਨ।