ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਸਰਦ ਰੁੱਤ ਦੌਰਾਨ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਅਪੀਲ

ਗੁਰਦਾਸਪੁਰ, 4 ਜਨਵਰੀ ( ਮੰਨਨ ਸੈਣੀ) । ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਸਰਦ ਰੁੱਤ ਦੌਰਾਨ ਪੈਣ ਵਾਲੀ ਕੜਾਕੇ ਦੀ ਠੰਢ ਅਤੇ ਧੁੰਦ ਵਿਚ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਕਿ ਸ਼ੀਤ ਲਹਿਰ ਕਾਰਨ ਬਚਾਅ ਲਈ ਸਾਵਧਾਨੀਆਂ ਦੀ ਲਾਜ਼ਮੀ ਤੌਰ ’ਤੇ ਵਰਤੋਂ ਕਰਨੀ ਚਾਹੀਦੀ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਨ ਇਨ੍ਹਾਂ ਸਾਵਧਾਨੀਆਂ ਦੀ ਪਾਲਣਾ ਹੋਰ ਵੀ ਜ਼ਰੂਰੀ ਹੈ, ਕਿਉਂਕਿ ਕੋਰੋਨਾ ਵਾਇਰਸ ਸਾਹ ਪ੍ਰਣਾਲੀ ’ਤੇ ਸਿੱਧਾ ਹਮਲਾ ਕਰਦਾ ਹੈ ਅਤੇ ਸ਼ੀਤ ਲਹਿਰ ਦੌਰਾਨ ਫਲੂ, ਨੱਕ ਦਾ ਵਗਣਾ ਜਾਂ ਗਲਾ ਖ਼ਰਾਬ ਹੋਣਾ ਆਮ ਅਲਾਮਤਾਂ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਰਦ ਰੁੱਤ ਦੌਰਾਨ ਗਰਮ ਕੱਪੜਿਆਂ, ਦਸਤਾਨਿਆਂ ਅਤੇ ਮਫਲਰ ਆਦਿ ਦੀ ਵਰਤੋਂ ਕੀਤੀ ਜਾਵੇ ਅਤੇ ਨੱਕ, ਮੂੰਹ ਅਤੇ ਸਿਰ ਢੱਕ ਕੇ ਰੱਖਿਆ ਜਾਵੇ। ਇਸੇ ਤਰ੍ਹਾਂ ਪੈਰਾਂ ਨੂੰ ਠੰਢ ਤੋਂ ਬਚਾਉਣ ਲਈ ਬੰਦ ਜੁੱਤੀਆਂ ਦਾ ਇਸਤੇਮਾਲ ਕੀਤਾ ਅਤੇ ਭਿੱਜ ਜਾਣ ’ਤੇ ਗਿੱਲੇ ਕੱਪੜੇ ਤੁਰੰਤ ਬਦਲ ਲਏ ਜਾਣ।

ਉਨਾਂ ਨੇ ਅੱਗੇ ਕਿਹਾ ਕਿ ਠੰਢ ਤੇ ਕੋਵਿਡ-19 ਦੇ ਸੰਪਰਕ ਵਿਚ ਆਉਣ ਤੋਂ ਬਚਣ ਲਈ ਘਰਾਂ ਦੇ ਅੰਦਰ ਰਹਿਣ ਨੂੰ ਹੀ ਵੱਧ ਤੋਂ ਵੱਧ ਤਰਜੀਹ ਦਿੱਤੀ ਜਾਵੇ। ਘਰਾਂ ਦੇ ਦਰਵਾਜ਼ੇ ਅਤੇ ਖਿੜਕਿਆਂ ਚੰਗੀ ਤਰ੍ਹਾਂ ਬੰਦ ਰੱਖੇ ਜਾਣ, ਤਾਂ ਜੋ ਠੰਢੀ ਹਵਾ ਅੰਦਰ ਨਾ ਆ ਸਕੇ। ਉਨ੍ਹਾਂ ਕਿਹਾ ਕਿ ਸਰੀਰ ਦੀ ਰੋਗਾਂ ਨਾਲ ਲੜਨ ਵਾਲੀ ਸ਼ਕਤੀ ਵਧਾਉਣ ਲਈ ਸਰੀਰ ਨੂੰ ਗਰਮ ਰੱਖਣਾ ਬੇਹੱਦ ਜ਼ਰੂਰੀ ਹੈ, ਇਸ ਲਈ ਵਿਟਾਮਿਨ-ਸੀ ਨਾਲ ਭਰਪੂਰ ਸੰਤੁਲਿਤ ਭੋਜਨ ਦੇ ਨਾਲ-ਨਾਲ ਥੋੜ੍ਹੇ-ਥੋੜ੍ਹੇ ਵਕਫੇ ’ਤੇ ਗਰਮ ਤਰਲ ਪਦਾਰਥ ਵੀ ਲੈਂਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮੌਸਮ ਵਿਚ ਬਜ਼ੁਰਗਾਂ ਅਤੇ ਬੱਚਿਆਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਘਰਾਂ ਅੰਦਰ ਗਰਮਾਇਸ਼ ਰੱਖਣ ਲਈ ਕੋਲੇ ਵਾਲੀ ਅੰਗੀਠੀ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਰਾਹਗੀਰਾਂ ਨੂੰ ਚਾਹੀਦਾ ਹੈ ਕਿ ਉਹ ਧੁੰਦ ਦੌਰਾਨ ਵਾਹਨ ਹੌਲੀ ਚਲਾਉਣ, ਆਪਣੇ ਵਾਹਨਾਂ ਦੀਆਂ ਲਾਈਟਾਂ ਠੀਕ ਕਰਵਾ ਕੇ ਰੱਖਣ ਅਤੇ ਵਾਹਨ ਚਲਾਉਣ ਵੇਲੇ ਸੰਗੀਤ ਦੀ ਆਵਾਜ਼ ਮੱਧਮ ਰੱਖਣ। ਇਸੇ ਤਰ੍ਹਾਂ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਦ ਰੁੱਤ ਦੌਰਾਨ ਫ਼ਸਲਾਂ ਦੇ ਸਹੀ ਵਿਕਾਸ ਲਈ ਖ਼ੁਰਾਕੀ ਤੱਤਾਂ ਦਾ ਖਾਸ ਖਿਆਲ ਰੱਖਣ। ਉਨ੍ਹਾਂ ਕਿਹਾ ਕਿ ਸਰਦ ਰੁੱਤ ਦੌਰਾਨ ਫੁਹਾਰਾ ਸਿੰਚਾਈ ਫ਼ਸਲਾਂ ਲਈ ਕਾਫੀ ਹੱਦ ਤੱਕ ਲਾਹੇਵੰਦ ਸਾਬਿਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਪਾਲਤੂ ਪਸ਼ੂਆਂ ਨੂੰ ਵੀ ਠੰਢ ਕੇ ਪ੍ਰਕੋਪ ਤੋਂ ਬਚਾਉਣ ਲਈ ਲੋੜੀਂਦੇ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਤਬੇਲਿਆਂ ਅੰਦਰ ਸਿੱਧੀ ਹਵਾ ਜਾਣ ਤੋਂ ਬਚਾਅ ਰੱਖਣਾ ਚਾਹੀਦਾ ਹੈ।

Print Friendly, PDF & Email
Thepunjabwire
 • 4
 •  
 •  
 •  
 •  
 •  
 •  
 •  
 •  
 •  
  4
  Shares
error: Content is protected !!